ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕਾਰਸੇਵਾ ਦਾ ਸਾਲਾਨਾ ਦਿਵਸ ਮਨਾਇਆ

ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕਾਰਸੇਵਾ ਦਾ ਸਾਲਾਨਾ ਦਿਵਸ ਮਨਾਇਆ

ਸ਼ਿਕਾਗੋ/ਮੱਖਣ ਸਿੰਘ ਕਲੇਰ:
ਮਿਡਵੈਸਟ ਦੇ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਰ ਸੇਵਕਾਂ ਵੱਲੋਂ ਕਾਰਸੇਵਾ ਦਿਵਸ ਮਨਾਇਆ ਗਿਆ। ਕਾਰਸੇਵਾ ਦੇ ਮੁਖੀ ਸੇਵਾਦਾਰ ਸਤਨਾਮ ਸਿੰਘ ਔਲਖ ਦੇ ਦੱਸਣ ਅਨੁਸਾਰ ਗੁਰੂਘਰ ਦੇ ਕਾਰਜਾਂ ਵਿਚ ਸੇਵਾ ਨਿਵਾਉਣ ਵਾਲੇ ਸੇਵਾਦਾਰਾਂ ਵਿਚ ਪੇਸ਼ੇ ਦੇ ਤੌਰ ਤੇ ਡਾਕਟਰ, ਇੰਜਨੀਅਰ, ਕਾਰਪੇਟਰ, ਆਈ ਟੀ ਦੇ ਖੇਤਰ ਨਾਲ ਸਬੰਧਤ ਸਕੂਲਾਂ, ਕਾਲਜਾਂ, ਜਿਹੜੇ ਸਟੂਡੈਂਟ ਕਾਰਸੇਵਾ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਨੂੰ ਭਾਈਚਾਰੇ ਦੀ ਸੇਵਾ ਦੇ ਸਰਟੀਫਿਕੇਟ ਦਿੱਤੇ ਜਾਂਦੇ ਹਨ। ਤਾਂ ਕਿ ਉਨ੍ਹਾਂ ਦੇ ਸਕੂਲਾਂ ਵਿਚ ਉਨ੍ਹਾਂ ਦੇ ਕਰੈਡਿਟ ਉਪਰ ਜਾ ਸਕਣ।
ਕਾਰਸੇਵਕਾਂ ਵੱਲੋਂ ਪਿਛਲੇ ਕੁਝ ਸਮੇਂ ਜੋ ਮਹਿੰਗੇ ਤੇ ਵੱਡੇ ਕਾਰਜ ਨੇਪਰੇ ਚਾੜੇ ਗਏ ਹਨ। ਉਨ੍ਹਾਂ ਵਿਚ ਰਸੋਈ ਘਰ ਵਿਚ ਭਾਂਡੇ ਧੋਣ ਵਾਲੀ ਮਸ਼ੀਨ ਲਗਾਈ ਗਈ। ਗੁਰੂ ਘਰ ਨੂੰ ਦਾਖਲ ਹੋਣ ਵਾਲੇ ਤਿੰਨ ਗੇਟਾਂ ਨੂੰ ਬਿਜਲਈ ਸਿਸਟਮ ਲਗਾਇਆ ਗਿਆ। ਗੁਰੂਘਰ ਦੇ ਮੁੱਖ ਦਰਵਾਜੇ ਨੂੰ ਆਉਣ ਵਾਲੇ ਰਸਤੇ ਨੂੰ ਕੰਕਰੀਟ ਪਾ ਕੇ ਨਵਾਂ ਬਣਾਇਆ ਗਿਆ, ਜਿਸ ਵਿਚ 15-16 ਕਾਰਾਂ ਦੀ ਪਾਰਕਿੰਗ ਹੈ। ਹੋਰ ਕਈ ਕਾਰਜਾਂ ਨੂੰ ਪੂਰਾ ਕੀਤਾ ਗਿਆ। ਕੁਝ ਹੋਰ ਅਜਿਹੇ ਕਾਰਜ ਅਜੇ ਅਧੂਰੇ ਹਨ ਜਿਨ੍ਹਾਂ ਨੂੰ ਆਉਣ ਵਾਲੇ ਕੁਝ ਸਮੇਂ ਵਿਚ ਪੂਰਾ ਕੀਤਾ ਜਾਣਾ ਹੈ। ਇਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਜੋ ਨਵਾਂ ਸੁਖਆਸਣ ਕਮਰਾ ਤਿਆਰ ਕੀਤਾ ਗਿਆ ਸੀ, ਉਸ ਵਿਚ ਅਲਮਾਰੀਆਂ ਪਲੰਗ, ਸ਼ਮਿਆਨੇ ਅਤੇ ਆਧੁਨਿਕ ਤਰੀਕੇ ਦੀ ਸਜਾਵਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੁਰੂ ਘਰ ਦੇ ਨੇੜੇ ਹੀ ਇਕ ਚਰਚ ਦੀ ਬਿਲਡਿੰਗ ਖਰੀਦੀ ਜਾ ਰਹੀ ਹੈ ਜਿਸ ਮੰਤਵ ਲਈ ਸੰਗਤਾਂ ਬੜੇ ਜੋਸ਼ ਨਾਲ ਹਿੱਸਾ ਪਾ ਰਹੀਆਂ ਹਨ।
ਇਸ ਮੌਕੇ ਗੁਰੂਘਰ ਦੇ ਹੈੱਡਗ੍ਰੰਥੀ ਭਾਈ ਪਰਮਿੰਦਰਜੀਤ ਸਿੰਘ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ”ਹੱਥੀਂ ਸੇਵਾ ਕਰਨ ਤੇ ਸਿੱਖੀ ਵਿਚ ਕਾਰਸੇਵਾ ਦਾ ਕੀ ਮਹੱਤਵ ਹੈ” ਪ੍ਰਤੀ ਚਾਨਣਾ ਪਾਇਆ ਤੇ ਵਿਸਥਾਰ ਨਾਲ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਵੱਖ ਵੱਖ ਕਾਰਜਾਂ ਵਿਚ ਹੋਈ ਕਾਰਸੇਵਾ ਦਾ ਇਤਿਹਾਸ ਸਰਵਣ ਕਰਵਾਇਆ। ਸਿੱਖ ਧਰਮ ਵਿਚ ਉਨ੍ਹਾਂ ਦਸਿਆ ਕਿ ਕਾਰਸੇਵਾ ਦਾ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਸਟੇਜ ਸਕੱਤਰ ਹਰਜੀਤ ਸਿੰਘ ਗਿੱਲ ਨੇ ਸੰਖੇਪ ਰੂਪ ਵਿਚ ਸਮਾਗਮ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਸਮਾਗਮ ਦੇ ਸੰਚਾਲਕ ਸਤਨਾਮ ਸਿੰਘ ਔਲਖ ਨੇ ਬਾਕੀ ਸੇਵਾਦਾਰਾਂ ਨੂੰ ਸੰਗਤਾਂ ਦੇ ਰੂਬਰੂ ਕੀਤਾ। ਇਨ੍ਹਾਂ ਵਿਚੋਂ ਵਿਸ਼ੇਸ਼ ਤੌਰ ਤੇ ਗੁਰੂਘਰ ਦੇ ਫਾਉਂਡਰ ਮੈਂਬਰ ਬਲਵੰਤ ਸਿੰਘ ਹੰਸਰਾ ਨੇ ਕਿਹਾ ਕਿ ਕਾਰਸੇਵਾ ਦੇ ਕਈ ਖੇਤਰ ਹਨ। ਜਿਵੇਂ ਕਿ ਗੁਰੂਘਰ ਵਿਚ ਚਲ ਰਹੇ ਕਾਰਜਾਂ ਵਿਚ ਸੇਵਾ ਕਰਨੀ, ਲੰਗਰਾਂ ਵਿਚ ਸੇਵਾ ਕਰਨੀ, ਦੂਸਰੇ ਭਾਈਚਾਰਿਆਂ ਵਿਚ ਜਾ ਕਿ ਸਿੱਖੀ ਦਾ ਪ੍ਰਚਾਰ ਕਰਨਾ, ਦੂਸਰੇ ਧਰਮਾਂ ਦੇ ਲੋਕਾਂ ਨੂੰ ਗੁਰੂਘਰਾਂ ਵਿਚ ਲਿਆ ਕਿ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ, ਮੀਡੀਏ ਵਿਚ ਗੁਰੂ ਘਰ ਦੇ ਕਾਰਜਾਂ ਦੀ ਜਾਣਕਾਰੀ ਜਾਂ ਖ਼ਬਰਾਂ ਅਖਬਾਰਾਂ ਵਿਚ ਦੇਣੀਆਂ, ਲੋੜਵੰਦਾਂ ਵਿਚ ਵਸਤਾਂ ਵੰਡਣੀਆਂ ਇਹ ਸਾਰੇ ਕਾਰਸੇਵਾ ਦਾ ਹੀ ਹਿੱਸਾ ਹਨ। ਉਂਕਾਰ ਸਿੰਘ ਲਾਲ ਨੇ ਵਿਸਥਾਰ ਦੇ ਨਾਲ ਗੁਰੂ ਘਰ ਵਿਚਲੇ ਪੂਰੇ ਕੀਤੇ ਜਾ ਚੁੱਕੇ ਕਾਰਜ, ਅਧੂਰੇ ਕਾਰਜ, ਤੇ ਆਉਣ ਵਾਲੇ ਸਮੇਂ ਵਿਚ ਸ਼ੁਰੂ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਸੰਗਤਾਂ ਨਾਲ ਲੰਬੀ ਚੌੜੀ ਜਾਣਕਾਰੀ ਸਾਂਝੀ ਕੀਤੀ। ਗੁਰੂ ਘਰ ਦੇ ਮੁੱਖ ਸੇਵਾਦਾਰ ਮਹਾਂਬੀਰ ਸਿੰਘ ਬਰਾੜ ਨੇ ਖਰਚਿਆਂ ਸਬੰਧੀ ਸੰਗਤਾਂ ਨੂੰ ਦਸਿਆ ਤੇ ਕਾਰ ਸੇਵਕਾਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਗੁਰਮਤਿ ਸਕੂਲ ਦੇ ਪ੍ਰਿੰਸੀਪਲ ਅਮਰ ਦੇਵ ਸਿੰਘ ਬਦੇਸ਼ਾ ਨੇ ਸਕੂਲ ਦੇ ਬੱਚਿਆਂ ਪ੍ਰਤੀ ਜਾਣਕਾਰੀ ਦਿੱਤੀ। ਸਕੂਲ ਵਿਚ ਬੱਚਿਆਂ ਦੀ ਵਧ ਰਹੀ ਗਿਣਤੀ ਤੇ ਕਮਰਿਆਂ ਦੀ ਘਾਟ ਬਾਰੇ ਦਸਿਆ ਤੇ ਸਕੂਲ ਵਿਚ ਪੜ ਰਹੇ ਟੀਚਰਾਂ ਦੀ ਹੌਂਸਲਾ ਅਫਜਾਈ ਕੀਤੀ।
ਉਂਕਾਰ ਸਿੰਘ ਢਿੱਲੋਂ, ਜੋ ਕਾਰਸੇਵਾ ਦੇ ਮੋਢੀ ਮੈਂਬਰਾਂ ਵਿਚ ਇਕ ਹਨ, ਨੇ ਧਾਰਮਿਕ ਤੌਰ ਤੇ ਸਿੱਖੀ ਫਲਸਫੇ ਵਿਚੋਂ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਵਿਚ ਦਰਜ ਕਾਰ ਸੇਵਾਵਾਂ ਦਾ ਵਰਨਣ ਕੀਤਾ। ਉਨ੍ਹਾਂ ਵੀ ਕਾਰਸੇਵਾ ਨੂੰ ਸਿੱਖ ਧਰਮ ਵਿਚ ਉੱਚਾ ਸਥਾਨ ਦਸਿਆ ਤੇ ਨਾਲ ਹੀ ਇਹ ਵੀ ਕਿਹਾ ਕਿ ਕਾਰਸੇਵਾ ਜੋ ਮਨ ਲਾ ਕੇ ਸ਼ਰਧਾ ਤੇ ਭਾਵਨਾ ਨਾਲ ਕਰਦਾ ਹੈ, ਗੁਰੂ ਘਰ ਵਿਚ ਉਹੀ ਮਨਜ਼ੂਰ ਹੈ। ਬੀਬੀ ਮਨਦੀਪ ਕੌਰ ਮਾਨ ਨੇ ਲਾਇਬਰੇਰੀ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਇਹ ਸੇਵਾ ਬੀਬੀ ਭਗਵੰਤ ਕੌਰ ਨੇ ਕੁਝ ਕਿਤਾਬਾਂ ਤੋਂ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਕ ਬਹੁਤ ਵੱਡੀ ਲਾਇਬਰੇਰੀ ਬਣ ਚੁੱਕੀ ਹੈ ਜਿਸ ਵਿਚ ਕਿਤਾਬਾਂ ਤੋਂ ਇਲਾਵਾ 5-6 ਕੰਪਿਊਟਰ ਵੀ ਰੱਖੇ ਜਾ ਚੁੱਕੇ ਹਨ। ਜਿਸ ਤੋਂ ਸੰਗਤਾਂ ਕਾਫ਼ੀ ਲਾਭ ਲੈਂਦੀਆਂ ਹਨ। ਪ੍ਰੇਮਪਾਲ ਸਿੰਘ, ਜੋ ਕਿ ਆਈ ਟੀ ਦੇ ਕਿਤੇ ਨਾਲ ਜੁੜੇ ਹੋਏ ਹਨ, ਨੇ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਨੂੰ ਜੋ ਆਈ ਟੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਕਾਲਜਾਂ ਵਿਚ ਅਗਲੇਰੀ ਪੜ੍ਹਾਈ ਬਾਰੇ ਸਲਾਹ ਮਸ਼ਵਰੇ ਬਾਰੇ ਦਿੱਤੀ ਜਾਂਦੀ ਜਾਣਕਾਰੀ ਬਾਰੇ ਦਸਿਆ। ਇਕ ਵਿਦਿਆਰਥੀ ਪਾਲ ਸਿੰਘ ਨੇ ਦਸਿਆ ਕਿ ਗੁਰੂਘਰ ਤੋਂ ਦਿੱਤੇ ਮਸ਼ਵਰੇ ਮੁਤਾਬਿਕ ਉਸਨੇ ਆਪਣਾ  ਕੈਰੀਅਰ ਸ਼ੁਰੂ ਕੀਤਾ ਹੈ।
ਮੋਹਣ ਸਿੰਘ ਕੋਛਰ ਨੇ ਲੰਗਰ ਅਤੇ ਰਸੋਈ ਘਰ ਵਿਚ ਚਲ ਰਹੀਆਂ ਸੇਵਾਵਾਂ ਤੇ ਹੋਰ ਲੋੜੀਂਦੀਆਂ ਸੇਵਾਵਾਂ ਪ੍ਰਤੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਗੁਰੂਘਰ ਦੇ ਸਾਬਕਾ ਮੁੱਖ ਸੇਵਾਦਾਰ ਬੀਬੀ ਜਸਵੀਰ ਕੌਰ ਸਲੂਜਾ ਨੇ ਵੀ ਆਪਣੇ ਕਾਰਜਕਾਲ ਦੇ ਵਿਚ ਕਾਰਸੇਵਾ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਤੇ ਕਾਰਸੇਵਕਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ। ਇਨ੍ਹਾਂ ਤੋਂ ਇਲਾਵਾ ਗੁਰੂਘਰ ਦੇ ਸਾਬਕਾ ਮੁੱਖ ਸੇਵਾਦਾਰ ਰਹਿ ਚੁੱਕੇ ਕੁਲਵੰਤ ਸਿੰਘ ਹੁੰਦਲ ਨੇ ਜਿਥੇ ਕਾਰਸੇਵਕਾਂ ਦੀ ਸ਼ਾਲਾਘਾ ਕੀਤੀ ਉਥੇ ਹੀ ਉਨ੍ਹਾਂ ਗੁਰੂਘਰ ਵਿਚ ਉਠ ਕੁਝ ਝੂਠੀਆਂ ਅਫਵਾਹਾਂ ਤੇ ਝੂਠੀਆਂ ਅਫਵਾਹਾਂ ਫਿਲਾਉਣ ਵਾਲੇ ਸ਼ਰਾਰਤੀ ਲੋਕਾਂ ਤੋਂ ਬਚਣ ਲਈ ਸੰਗਤਾਂ ਨੂੰ ਕਿਹਾ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨ ਤੇ ਜਾਣਕਾਰੀ ਹਾਸਲ ਕਰਨ ਤਾਂ ਕਿ ਝੂਠੀਆਂ ਅਫਵਾਹਾਂ ਤੋਂ ਬਚਿਆ ਜਾ ਸਕੇ ਤੇ ਗੁਰੂਘਰ ਦਾ ਮਾਹੌਲ ਸੁਖਾਵਾਂ ਬਣਿਆ ਰਹਿ ਸਕੇ। ਸਮਾਗਮ ਦੇ ਅਖੀਰ ਵਿਚ ਹਰਜੀਤ ਸਿੰਘ ਗਿੱਲ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਮੁੱਖ ਸੇਵਾਦਾਰ ਮਹਾਂਬੀਰ ਸਿੰਘ ਨੇ ਸਮੂਹ ਕਾਰਸੇਵਕਾਂ ਦਾ ਧੰਨਵਾਦ ਕੀਤਾ । ਜਿਨ੍ਹਾਂ ਕਾਰਸੇਵਕਾਂ ਨੇ ਇਸ ਵਿਚ ਮੁੱਖ ਹਿੱਸਾ ਪਾਇਆ ਉਨ੍ਹਾਂ ਵਿਚ ਜੈਰਾਮ ਸਿੰਘ ਕਾਹਲੋਂ, ਅੱਛਰ ਸਿੰਘ, ਤਰਲੋਚਨ ਸਿੰਘ ਗਿੱਲ, ਗੁਰਮੀਤ ਸਿੰਘ ਢਿੱਲੋਂ, ਹਰਦਿਆਲ ਸਿੰਘ ਦਿਉਲ, ਬਲਦੇਵ ਸਿੰਘ ਗਿੱਲ, ਤਰਲੋਚਨ ਸਿੰਘ ਢਿੱਲੋਂ, ਸਤਨਾਮ ਸਿੰਘ ਸੰਧੂ ਤੇ ਪਰਿਵਾਰ, ਭਰਭੂਰ ਸਿੰਘ, ਕੁਲਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਦਿਉਲ ਅਤੇ ਕੁਲਬੀਰ ਸਿੰਘ ਦਿਉਲ ਸ਼ਾਮਲ ਹਨ। ਅਖੀਰ ਵਿਚ ਸਤਨਾਮ ਸਿੰਘ ਔਲਖ ਨੇ ਉਸ ਹਰ ਇਕ ਸੇਵਕ ਦਾ ਧੰਨਵਾਦ ਕੀਤਾ ਜਿਸ ਨੇ ਵੀ ਕਾਰਸੇਵਾ ਵਿਚ ਆਪਣਾ ਯੋਗਦਾਨ ਪਾਇਆ।
ਵਰਨਣਯੋਗ ਹੈ ਕਿ ਪੈਲਾਟਾਈਨ ਗੁਰਦੁਆਰਾ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਵੱਲੋਂ ਇਹ ਕਾਰਸੇਵਾ ਸਾਲ 2008 ਵਿਚ ਸ਼ੁਰੂ ਕੀਤੀ ਗਈ ਸੀ। ਭਾਵੇਂ ਕਿ ਉਸ ਸਮੇਂ ਕਿਸੇ ਇਹ ਸੋਚਿਆ ਵੀ ਨਹੀਂ ਸੀ ਕਿ ਜੋ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ ਇਹ ਇਕ ਦਿਨ ਸ਼ਿਕਾਗੋ ਦੀਆਂ ਸੰਗਤਾਂ ਵਿਚ ਇਤਿਹਾਸਕ ਤੌਰ ਤੇ ਸਾਲਾਨਾ ਦਿਵਸ ਦੇ ਤੌਰ ਮਨਾਇਆ ਜਾਣਾ ਸ਼ੁਰੂ ਹੋ ਜਾਵੇਗਾ। ਹੁਣ ਤਕਰੀਬਨ 8-9 ਸਾਲਾਂ ਦਾ ਸਮਾਂ ਹੋ ਗਿਆ ਹੈ। ਜਿਹੜੇ ਸੰਗਤ ਮੈਂਬਰ ਇਸ ਕਾਰਸੇਵਾ ਦੇ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਕਹਿਣ ਮੁਤਾਬਿਕ ਇਹ ਕੱਲ੍ਹ ਦੀ ਹੀ ਗੱਲ ਲਗਦੀ ਹੈ। ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਕਾਰਜ ਸੰਗਤਾਂ ਨੇ ਆਪ ਨੇਪਰੇ ਚਾੜੇ ਹਨ। ਜੇਕਰ ਉਨ੍ਹਾਂ ਕੰਮਾਂ ਨੂੰ ਬਾਹਰੋਂ ਕਿਸੇ ਕੰਪਨੀ ਰਾਹੀਂ ਕਰਵਾਉਣੇ ਹੁੰਦੇ ਤਾਂ ਉਹ ਤਕਰੀਬਨ ਤਿੰਨ ਗੁਣਾ ਖਰਚੇ ਤੋਂ ਵੱਧ ਹੋਣੇ ਸਨ।