ਟਰੰਪ ਖ਼ਿਲਾਫ਼ ਸੜਕਾਂ ‘ਤੇ ਉਤਰੀਆਂ ਹਜ਼ਾਰਾਂ ਔਰਤਾਂ

ਟਰੰਪ ਖ਼ਿਲਾਫ਼ ਸੜਕਾਂ ‘ਤੇ ਉਤਰੀਆਂ ਹਜ਼ਾਰਾਂ ਔਰਤਾਂ

ਭਾਰਤੀ-ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਸਮੇਤ ਕਈ ਆਗੂ ਹੋਏ ਸ਼ਾਮਲ
ਵਾਸ਼ਿੰਗਟਨ/ਲਾਸ ਏਂਜਲਸ/ਬਿਊਰੋ ਨਿਊਜ਼ :
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪੀ ਡੋਨਲਡ ਟਰੰਪ ਖ਼ਿਲਾਫ਼ ਵਿਰੋਧ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਟਰੰਪ ਦੇ ਸਹੁੰ ਲੈਣ ਦੇ ਮਹਿਜ਼ ਇਕ ਦਿਨ ਬਾਅਦ ਹੀ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਹਜ਼ਾਰਾਂ ਔਰਤਾਂ ਨੇ ਨਵੀਂ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਵਿਚ ਭਾਰਤੀ-ਅਮਰੀਕੀ ਸੰਸਦ ਮੈਂਬਰ ਐਮੀ ਬੇਰਾ, ਡੈਮੋਕਰੈਟਸ ਦੇ ਸਾਬਕਾ ਵਿਦੇਸ਼ ਮੰਤਰੀ ਸਮੇਤ ਕਈ ਆਗੂ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਦੇ ਪੋਸਟਰਾਂ ‘ਤੇ ਲਿਖਿਆ ਸੀ, ‘ਵੂਮਨ ਰਾਈਟਸ ਆਖ਼ਰਕਾਰ ਹਿਊਮਨ ਰਾਈਟਸ ਹੈ। ਟਰੰਪ ਪੁਤਿਨ ਦੇ ਹੱਥਾਂ ਦਾ ਖਿਡੌਣਾ ਹੈ।’ ਇਕੱਲੇ ਵਾਸ਼ਿੰਗਟਨ ਵਿਚ ਹੀ ਕਰੀਬ 2 ਲੱਖ ਲੋਕ ਸ਼ਾਮਲ ਹੋਏ। ਇਸ ਤੋਂ ਇਲਾਵਾ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਬੋਸਟਨ ਵਿਚ ਵੀ ਔਰਤਾਂ ਨੇ ਪ੍ਰਦਰਸ਼ਨ ਕੀਤਾ। ਵੁਮੈਨ ਅਵੇਰਨੈੱਸ ਨੂੰ ਲੈ ਕੇ ਇਸੇ ਤਰ੍ਹਾਂ ਦੀਆਂ ਕਈ ਰੈਲੀਆਂ ਲੰਡਨ, ਸਿਡਨੀ ਤੇ ਟੋਕੀਓ ਵਿਚ ਵੀ ਹੋਈਆਂ। ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਲੱਖ ਲੋਕਾਂ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ। ਡੈਮੋਕਰੈਟ ਸੈਨੇਟਰ ਬਰਨੀ ਸੈਂਡਰਸ ਨੇ ਟਵੀਟ ਕਰ ਕੇ ਕਿਹਾ, ‘ਔਰਤਾਂ ਨੂੰ ਇਸ ਤਰ੍ਹਾਂ ਦਾ ਮਾਰਚ ਕੱਢਣ ਲਈ ਵਧਾਈ ਦਿੰਦਾ ਹਾਂ। ਔਰਤਾਂ ਦੇ ਅਧਿਕਾਰਾਂ ਦੀ ਇਸ ਲੜਾਈ ਨੂੰ ਅਸੀਂ ਕਾਫ਼ੀ ਅੱਗੇ ਲੈ ਕੇ ਜਾਵਾਂਗੇ।’ ਸੈਂਡਰਸ ਨੇ ਮਾਰਟ ਨੂੰ ਟਰੰਪ ਖ਼ਿਲਾਫ਼ ਪਹਿਲਾ ਵਿਰੋਧ ਕਰਾਰ ਦਿੱਤਾ। ਇਸ ਪ੍ਰਦਰਸ਼ਨ ਵਿਚ ਓਬਾਮਾ ਪ੍ਰਸ਼ਾਸਨ ਵਿਚ ਵਿਦੇਸ਼ ਮੰਤਰੀ ਰਹੇ ਜਾੱਨ ਕੈਰੀ ਵੀ ਸ਼ਾਮਲ ਹੋਏ।
ਮਹਿਲਾ ਮਾਰਚ ਦੇ ਪ੍ਰਬੰਧਕਾਂ ਨੇ ਪ੍ਰਦਰਸ਼ਨ ਸਫ਼ਲ ਹੋਣ ‘ਤੇ ਕਿਹਾ ਕਿ ਇਹ ਅੰਦੋਲਨ ਦੀ ਸ਼ੁਰੂਆਤ ਹੈ। ਕਾਂਗਰਸ ਲਈ ਚੁਣੇ ਗਏ ਪੰਜ ਭਾਰਤ-ਅਮਰੀਕੀਆਂ ਨੇ ਵੀ ਇਸ ਮਾਰਚ ਵਿਚ ਸ਼ਮੂਲੀਅਤ ਕੀਤੀ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਵੀਟ ਕਰ ਕੇ ਟਰੰਪ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਹਮਾਇਤ ਦਿੱਤੀ। ਫਿਲਮਸਾਜ਼ ਮਾਈਕਲ ਮੂਰ, ਗਲੋਰੀਆ ਸਟੀਨੇਮ, ਸੰਗੀਤਕਾਰ ਅਲੀਸ਼ੀਆ ਕੀਜ਼ ਅਤੇ ਬੁਲਾਰਿਆਂ ਨੇ ਜਜ਼ਬਾਤੀ ਹੁੰਦਿਆਂ ਟਰੰਪ ਦੀਆਂ ਇਮੀਗਰੇਸ਼ਨ, ਮੁਸਲਮਾਨਾਂ ਅਤੇ ਮਹਿਲਾਵਾਂ ਬਾਰੇ ਨੀਤੀਆਂ ‘ਤੇ ਵੀ ਹਮਲੇ ਕੀਤੇ। ਪੌਪ ਗਾਇਕਾ ਮੈਡੋਨਾ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਨੇੜੇ ਪ੍ਰਦਰਸ਼ਨਾਂ ਵਿਚ ਨਜ਼ਰ ਆਈ। ਨਿਊਯਾਰਕ ਸਿਟੀ ਵਿਚ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੀ ਰਿਹਾਇਸ਼ ਵੱਲ ਚਾਲੇ ਪਾਏ ਪਰ ਉਨ੍ਹਾਂ ਨੂੰ ਰਾਹ ਵਿਚ ਰੋਕ ਲਿਆ ਗਿਆ। ਬੋਸਟਨ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਸੈਨੇਟਰ ਐਲਿਜ਼ਾਬੈੱਥ ਵਾਰੇਨ ਨੇ ਸੰਬੋਧਨ ਕੀਤਾ। ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਮਾਰਚ ਨੂੰ ਹਮਾਇਤ ਦਿੱਤੀ ਸੀ। ‘ਸਟਾਰ ਵਾਰਜ਼’ ਵਿਚ ਪ੍ਰਿੰਸੈਸ ਲੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੈਰੀ ਫਿਸ਼ਰ ਦੀ ਯਾਦ ਨੂੰ ਉਭਾਰਦਿਆਂ ਮਹਿਲਾਵਾਂ ਨੇ ਉਸ ਦੇ ਪੋਸਟਰ ਅਤੇ ਤਖ਼ਤੀਆਂ ਲੈ ਕੇ ਟਰੰਪ ਖ਼ਿਲਾਫ਼ ਪ੍ਰਦਰਸ਼ਨ ਕੀਤੇ।
ਵੈਨਕੂਵਰ ‘ਚ ਵੀ ਪ੍ਰਦਰਸ਼ਨ :
ਵੈਨਕੂਵਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਔਰਤਾਂ ਦੇ ਹੱਕਾਂ ਬਾਰੇ ਕੀਤੀਆਂ ਟਿੱਪਣੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਹਜ਼ਾਰਾਂ ਔਰਤਾਂ ਵੈਨਕੂਵਰ ਦੀਆਂ ਸੜਕਾਂ ‘ਤੇ ਉਤਰ ਆਈਆਂ। ਗੁਲਾਬੀ ਟੋਪੀਆਂ ਨਾਲ ਸਜੀਆਂ 15 ਹਜ਼ਾਰ ਤੋਂ ਵੱਧ ਔਰਤਾਂ ਨੇ ਕਿਹਾ ਕਿ ਦੁਨੀਆਂ ‘ਤੇ ਸਰਦਾਰੀ ਕਰਨ ਵਾਲੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਔਰਤਾਂ ਬਾਰੇ ਵਤੀਰਾ ਨਿੰਦਣਯੋਗ ਹੈ।
ਆਸਟਰੇਲੀਆ ‘ਚ ਟਰੰਪ ਖ਼ਿਲਾਫ਼ ਪ੍ਰਦਰਸ਼ਨ :
ਸਿਡਨੀ : ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਰੋਸ ਮੁਜ਼ਾਹਰੇ ਅਤੇ ਰੈਲੀਆਂ ਕੀਤੀਆਂ। ਟਰੰਪ ਦੀਆਂ ਨੀਤੀਆਂ ਨੂੰ ਵੰਡ ਪਾਊ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਸਿਡਨੀ ਵਿਚਲੇ ਵਪਾਰਕ ਕੇਂਦਰ ਮਾਰਟਨ ਪੈਲੇਸ ਵਿਚ ਕਰੀਬ 5000 ਲੋਕ ਇਕੱਠੇ ਹੋਏ ਅਤੇ ਮੁੱਖ ਸੜਕਾਂ ‘ਤੇ ਮਾਰਚ ਕੀਤਾ।