ਟਰੰਪ ਯੁੱਗ : ਸ਼ਾਨਦਾਰ ਸਮਾਗਮ-ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਸ਼ਟਰਪਤੀ ਬਣੇ ਟਰੰਪ

ਟਰੰਪ ਯੁੱਗ : ਸ਼ਾਨਦਾਰ ਸਮਾਗਮ-ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਸ਼ਟਰਪਤੀ ਬਣੇ ਟਰੰਪ

ਅਮਰੀਕੀ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ, 1400 ਕਰੋੜ ਰੁਪਏ ਖਰਚੇ
ਓਬਾਮਾ ਦੇ ਸਹੁੰ ਚੁੱਕ ਸਮਾਗਮ ਦੇ ਮੁਕਾਬਲੇ ਅੱਧੇ ਲੋਕ ਹੀ ਸ਼ਾਮਲ ਹੋਏ
ਰਾਸ਼ਟਰਪਤੀ ਬਣਦਿਆਂ ਹੀ ਟਰੰਪ ਨੇ ਓਬਾਮਾਕੇਅਰ ਵਾਪਸ ਲੈਣ ਸਬੰਧੀ ਹੁਕਮਾਂ ‘ਤੇ ਹਸਤਾਖ਼ਰ ਕੀਤੇ
ਵਾਸ਼ਿੰਗਟਨ/ਬਿਊਰੋ ਨਿਊਜ਼ :
ਡੋਨਲਡ ਟਰੰਪ – ਟੀ.ਵੀ. ਐਂਕਰ, ਲੇਖਕ, ਕਾਰੋਬਾਰੀ ਅਤੇ ਹੁਣ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣ ਗਏ ਹਨ। ਸਹੁੰ ਚੁੱਕਦਿਆਂ ਹੀ ਉਨ੍ਹਾਂ ਘੰਟੇ ਦੇ ਅੰਦਰ ਅੰਦਰ ਓਬਾਮਾਕੇਅਰ ਕਾਨੂੰਨ ਨੂੰ ਘੱਟ ਕਰਨ ਅਤੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਇਨ੍ਹਾਂ ਹੁਕਮਾਂ ‘ਤੇ ਹਸਤਾਖ਼ਰ ਕਰ ਦਿੱਤੇ। ਟਰੰਪ ਨੇ ਚੋਣ ਪ੍ਰਚਾਰ ਦੌਰਾਨ ਓਬਾਮਾਕੇਅਰ ਯੋਜਨਾ ਘੱਟ ਕਰਨ ਦਾ ਵਾਅਦਾ ਕੀਤਾ ਸੀ, ਜਿਸ ਲਈ ਉਨ੍ਹਾਂ ਹਸਤਾਖਰ ਕਰਕੇ ਓਬਾਮਾ ਦੀ ਸ਼ੁਰੂ ਕੀਤੀ ਗਈ ਸਸਤੀ ਸਿਹਤ ਸੇਵਾ ਦਾ ਭਾਰ ਘੱਟ ਕਰਨ ਦਾ ਆਦੇਸ਼ ਦਿੱਤਾ। ਟਰੰਪ ਦੇ ਹਸਤਾਖ਼ਰ ਕਰਨ ਨਾਲ ਕਾਨੂੰਨ ਵਿਚ ਜ਼ਿਆਦਾ ਤਬਦੀਲੀ ਤਾਂ ਨਹੀਂ ਆਵੇਗੀ, ਪਰ ਥੋੜ੍ਹਾ ਪ੍ਰਭਾਵ ਜ਼ਰੂਰ ਪਏਗਾ।
ਉਨ੍ਹਾਂ ਨੇ ਇਬਰਾਹਿਮ ਲਿੰਕਨ ਦੀ ਬਾਈਬਲ ‘ਤੇ ਆਪਣਾ ਖੱਬਾ ਹੱਥ ਰੱਖ ਕੇ ਅਹੁਦੇ ਦੀ ਸਹੁੰ ਚੁੱਕੀ ਅਤੇ ਇਸ ਦੇ ਨਾਲ ਹੀ ਉਹ ਉਸ ਕੁਰਸੀ ‘ਤੇ ਬੈਠ ਗਏ ਜੋ ਦੁਨੀਆ ਵਿਚ ਸਭ ਤੋਂ ਸ਼ਕਤੀਸ਼ਾਲੀ ਕਹੀ ਜਾਂਦੀ ਹੈ। ਪ੍ਰਧਾਨ ਜਸਟਿਸ ਜਾੱਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਲੈਣ ਤੋਂ ਬਾਅਦ ਟਰੰਪ ਨੇ ਦੇਸ਼ਵਾਸੀਆਂ ਨਾਲ ਵਾਅਦਾ ਕੀਤਾ ਕਿ ਦੇਸ਼ ਦਾ ਫਿਰ ਤੋਂ ਅਜਿਹਾ ਨਿਰਮਾਣ ਕੀਤਾ ਜਾਵੇਗਾ ਕਿ ਉਹ ਵਾਪਸ ਸੁਪਨੇ ਬੁਣ ਸਕਣ ਤੇ ਨਾਲ ਹੀ ਅਮਰੀਕਾ ਫਸਟ ਉਨ੍ਹਾਂ ਦੇ ਸ਼ਾਸਨ ਦਾ ਮੂਲਮੰਤਰ ਹੋਵੇਗਾ। ਉਨ੍ਹਾਂ ਦੇ ਹਲਫ਼ਦਾਰੀ ਸਮਾਗਮ ਸਬੰਧੀ ਜਸ਼ਨ ਦੋ ਦਿਨ ਤੋਂ ਹੀ ਜਾਰੀ ਸਨ, ਜਦੋਂਕਿ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਮੁਜ਼ਾਹਰੇ ਵੀ ਕੀਤੇ। ਇਸ ਦੌਰਾਨ ਘੱਟੋ-ਘੱਟ ਚਾਰ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ, ਜਿਸ ਦੌਰਾਨ ਮੁਜ਼ਾਹਰਕਾਰੀਆਂ ਨੇ ਸਟੋਰਾਂ ਤੇ ਕਾਰਾਂ ਦੇ ਸ਼ੀਸ਼ੀ ਭੰਨ ਦਿੱਤੇ ਤੇ ਪੁਲੀਸ ਨਾਲ ਵੀ ਝੜਪਾਂ ਕੀਤੀਆਂ।
ਇਸ ਤੋਂ ਪਹਿਲਾਂ ਸ੍ਰੀ ਟਰੰਪ ਇਕ ਕਾਫ਼ਲੇ ਦੇ ਰੂਪ ਵਿੱਚ ਸਹੁੰ-ਚੁੱਕ ਸਮਾਗਮ ਵਿਚ ਪੁੱਜੇ। ਉਨ੍ਹਾਂ ਆਪਣੇ ਸਹੁੰ-ਚੁੱਕ ਕਾਫ਼ਲੇ ਦੀ ਸ਼ੁਰੂਆਤ ਇਥੇ ਚਰਚ ਵਿੱਚ ਹਾਜ਼ਰੀ ਭਰ ਕੇ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪ੍ਰਥਮ ਮਹਿਲਾ ਮਿਲਾਨਿਆ ਟਰੰਪ, ਧੀ ਇਵਾਂਕਾ ਤੇ ਜਵਾਈ ਜੇਰਡ ਕੁਸ਼ਨਰ ਤੇ ਪੁੱਤਰਾਂ ਨੇ ਵੀ ਚਰਚ ਵਿੱਚ ਅਕੀਦਤ ਪੇਸ਼ ਕੀਤੀ। ਇਸ ਪਿੱਛੋਂ ਉਨ੍ਹਾਂ ਦਾ ਕਾਫ਼ਲਾ ਵਾਈਟ ਹਾਊਸ ਪੁੱਜਾ ਜਿਥੇ ਅਹੁਦਾ ਛੱਡ ਰਹੇ ਰਾਸ਼ਟਪਰਤੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਪਰਿਵਾਰ ਨੇ ਨਵੇਂ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਵੀਂ ਫਸਟ ਲੇਡੀ ਮਿਲੇਨੀਆ ਟਰੰਪ ਨੇ ਰੁਖ਼ਸਤ ਹੋ ਰਹੀ ਫਸਟ ਲੇਡੀ ਮਿਸ਼ੇਲ ਓਬਾਮਾ ਨੂੰ ਇਕ ਟਿਫੈਨੀ ਗਿਫ਼ਟ ਭੇਟ ਕੀਤਾ। ਸਹੁੰ-ਚੁੱਕ ਸਮਾਗਮ ਵਿੱਚ ਉਨ੍ਹਾਂ ਤੋਂ ਚੋਣਾਂ ਵਿੱਚ ਮਾਤ ਖਾਣ ਵਾਲੀ ਬੀਬੀ ਹਿਲੇਰੀ ਕਲਿੰਟਨ ਨੇ ਵੀ ਆਪਣੇ ਪਤੀ ਤੇ ਸਾਬਕਾ ਰਾਸ਼ਰਪਤੀ ਬਿਲ ਕਲਿੰਟਨ ਨਾਲ ਸ਼ਿਰਕਤ ਕੀਤੀ।
ਨਿਊਯਾਰਕ ਟਾਈਮਜ਼ ਅਨੁਸਾਰ ਟਰੰਪ ਦੇ ਸਹੁੰ ਚੁੱਕ ਸਮਾਗਮ ਦਾ ਹਾਲੀਵੁਡ ਦੇ ਏ-ਗ੍ਰੇਡ ਆਰਟਿਸਟਾਂ ਨੇ ਬਾਇਕਾਟ ਕੀਤਾ। ਫਿਰ ਵੀ ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ ਹੈ। ਲਗਭਗ 200 ਮਿਲੀਅਨ ਡਾਲਰ ਖਰਚ ਹੋਏ। ਲਗਭਗ 100 ਮਿਲੀਅਨ ਰੁਪਏ ਚੰਦੇ ਤੋਂ ਇਕੱਤਰ ਕੀਤੇ। ਵਾਸ਼ਿੰਗਟਨ ‘ਚ ਲਗਭਗ 63 ਸੰਗਠਨਾਂ ਨੇ ਟਰੰਪ ਦਾ ਵਿਰੋਧ ਕੀਤਾ। ਸੁਰੱਖਿਆ ਲਈ ਲਗਭਗ 28 ਹਜ਼ਾਰ ਫੌਜੀ ਤੈਨਾਤ ਕੀਤੇ ਗਏ। ਸੁਰੱਖਿਆ ਵਿਵਸਥਾ ‘ਤੇ ਹੀ 100 ਮਿਲੀਅਨ ਡਾਲਰ ਖਰਚ ਹੋਏ। ਇਸ ਤੋਂ ਪਹਿਲਾਂ 2009 ਵਿਚ ਅਮਰੀਕਾ ਦੇ ਸਹੁੰ ਚੁੱਕ ਸਮਾਗਮ ‘ਚ 1100 ਕਰੋੜ ਰੁਪਏ ਖਰਚ ਹੋਏ ਸਨ। ਉਸ ਸਮੇਂ 18 ਲੱਖ ਲੋਕ ਆਏ ਸਨ, ਜਦਕਿ ਟਰੰਪ ਦੇ ਸਮਾਗਮ ‘ਚ ਲਗਭਗ 8 ਲੱਖ ਲੋਕ ਹੀ ਪੁੱਜੇ। ਅਮਰੀਕਾ ‘ਚ ਸਹੁੰ ਚੁੱਕ ਸਮਾਗਮ ਵਿੱਚ ਗਲੈਮਰ ਦਾ ਤੜਕਾ ਲਗਾਉਣ ਦਾ ਸਿਹਰਾ ਬਿਲ ਕਲਿੰਟਨ ਨੂੰ ਜਾਂਦਾ ਹੈ। 1993 ‘ਚ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਦੇਸ਼ ਦੇ ਏ-ਗ੍ਰੇਡ ਦੇ ਸੈਲੀਬ੍ਰਿਟੀਜ਼ ਨੇ ਪੇਸ਼ਕਾਰੀ ਦਿੱਤੀ ਸੀ। ਇਸ ‘ਚ ਡਿਆਨਾ ਰੋਸ, ਬੋਬ ਡਿਲੇਨ, ਮਾਇਕਲ ਜੈਕਸਨ ਅਤੇ ਰਿਕੀ ਮਾਰਟਿਨ ਜਿਹੀ ਸ਼ਖ਼ਸੀਅਤਾਂ ਸ਼ਾਮਲ ਸਨ।
ਸਹੁੰ ਚੁੱਕ ਸਮਾਗਮ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੁਨੀਆ ‘ਚੋਂ ਕੱਟੜਪੰਥੀ ਇਸਲਾਮ ਅੱਤਵਾਦ ਦਾ ਸਫ਼ਾਇਆ ਕਰੇਗਾ। ਉਨ੍ਹਾਂ ਅਮਰੀਕੀਆਂ ਦੀਆਂ ਨੌਕਰੀਆਂ ਬਹਾਲ ਕਰਨ ਦਾ ਵੀ ਵਾਅਦਾ ਕੀਤਾ। ਟਰੰਪ ਨੇ ਕਿਹਾ, ‘ਅਸੀਂ ਪੁਰਾਣੇ ਗਠਜੋੜਾਂ ਨੂੰ ਨਵੀਂ ਤਾਕਤ ਦੇਣਗੇ ਅਤੇ ਨਵਾਂ ਸਵਰੂਪ ਦੇਣਗੇ ਅਤੇ ਸਭਿਆ ਦੁਨੀਆ ਨੂੰ ਕੱਟੜਪੰਥੀ ਇਸਲਾਮੀ ਅੱਤਵਾਦ ਖ਼ਿਲਾਫ਼ ਇਕਜੁਟ ਕਰਨਗੇ।

ਸਲੋਗਨ ਬਦਲਣਾ
ਇਕ-ਦੋ ਦਿਨ ‘ਚ ਲੈਣਗੇ ਵੱਡੇ ਫੈਸਲੇ
* ਟਰੰਪ ਨੇ ਆਪਣੇ ਸਲੋਗਨ ‘ਮੇਕ ਅਮਰੀਕਾ ਗ੍ਰੇਟ ਅਗੇਨ’ ਨੂੰ ‘ਮੇਕ ਅਮਰੀਕਾ ਗ੍ਰੇਟਰ ਦੈਨ ਐਵਰ ਬਿਫੋਰ’ ਵਿਚ ਬਦਲ ਦਿੱਤਾ ਹੈ।
* ਟਰੰਪ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦਫ਼ਤਰੀ ਕੰਮਕਾਜ ਸੰਭਾਲ ਲਿਆ ਹੈ। ਇਕ-ਦੋ ਦਿਨ ‘ਚ ਟਰੰਪ ਵੱਡੇ ਫੈਸਲੇ ਲੈ ਸਕਦੇ ਹਨ।
* ਟਰੰਪ ਨੇ ਸਹੁੰ ਚੁੱਕ ਸਮਗਾਮ ਤੋਂ ਪਹਿਲਾਂ ਕਿਹਾ – ਉਹ ਰਾਸ਼ਟਰਪਤੀ ਦੀ ਕਲਮ ਦੀ ਵਰਤੋਂ ਜ਼ਰੂਰੀ ਕਾਗਜ਼ਾਂ ‘ਤੇ ਹਸਤਾਖਰ ਕਰਨ ਵਿਚ ਕਰਨਗੇ।
* ਸਹੁੰ ਚੁੱਕ ਸਮਾਗਮ ਦਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਾਇਕਾਟ ਕੀਤਾ। ਸਮਾਗਮ ‘ਚ ਡੈਮੋਕ੍ਰੇਟਿਕ ਪਾਰਟੀ ਦੇ 60 ਸਾਂਸਦ ਸ਼ਾਮਲ ਨਹੀਂ ਹੋਏ।
* ਪਰੰਪਰਾ ਅਨੁਸਾਰ ਟਰੰਪ ਓਬਾਮਾ ਦੇ ਘਰ ਕੌਫੀ ਪੀਣ ਵੀ ਗਏ।
* ਓਬਾਮਾ ਦੇ ਵ੍ਹਾਈਟ ਹਾਊਸ ਛੱਡਣ ਦੇ 6 ਘੰਟੇ ਬਾਅਦ ਸ਼ਿਫਟ ਹੋਏ ਨਵੇਂ ਰਾਸ਼ਟਰਪਤੀ ਓਬਾਮਾ।

ਟਰੰਪ ਵਰਲਡ : ਬਜ਼ੁਰਗ ਅਤੇ ਸਭ ਤੋਂ ਅਮਰੀਕ ਰਾਸ਼ਟਰਪਤੀ ਹੋਣ ਦਾ ਰਿਕਾਰਡ
* ਉਹ ਖੁਦ ਦੇ ਜਹਾਜ਼ ਰਾਹੀਂ ਪ੍ਰਚਾਰ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਹਨ। 4.5 ਅਰਬ ਡਾਲਰ ਦੀ ਆਮਦਨ ਨਾਲ ਉਹ ਸਭ ਤੋਂ ਅਮੀਰ ਰਾਸ਼ਟਰਪਤੀ ਹਨ।
* ਟਰੰਪ ਤਿੰਨ ਵਿਆਹ ਕਰਨ ਵਾਲੇ ਵੀ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਦੀ ਪਤਨੀ ਸੁਪਰ ਮਾਡਲ ਰਹਿ ਚੁੱਕੀ ਹੈ।
* 90 ਮੰਜ਼ਿਲਾ ਟਰੰਪ ਟਾਵਰ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤਾਂ ‘ਚੋਂ ਹੈ। 18 ਬੈੱਡਰੂਮ ਵਾਲਾ ਟਰੰਪ ਪੈਲੇਸ ਅਮਰੀਕਾ ਦੀ ਸਭ ਤੋਂ ਮਹਿੰਗੀ ਜਾਇਦਾਦ ਹੈ। ਦੁਨੀਆ ਭਰ ‘ਚ 16 ਗੋਲਫ ਕੋਰਸ ਹਨ।
* ਟਵਿੱਟਰ ‘ਤੇ ਹਰ ਮਹੀਨੇ 67 ਹਜ਼ਾਰ ਫਾਲੋਅਰ ਵੱਧ ਰਹੇ ਹਨ।
* 70 ਸਾਲ ਦੇ ਟਰੰਪ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਪਹਿਲਾਂ ਰੀਗਨ ਦੇ ਨਾਂ ਇਹ ਰਿਕਾਰਡ ਸੀ।
* ਟਰੰਪ ਨੇ ਕਦੇ ਸ਼ਰਾਬ ਅਤੇ ਸਿਗਰਟ ਨਹੀਂ ਪੀਤੀ ਹੈ। ਤੰਬਾਕੂ ਨੂੰ ਹੱਥ ਤਕ ਨਹੀਂ ਲਾਇਆ।

ਵਰਲਡ ਮੀਡੀਆ :
ਦੀ ਨਿਊਯਾਰਕ ਟਾਈਮਜ਼
ਡੋਨਾਲਡ ਇੰਝ ਬੋਲੇ, ਮੰਨੋ ‘ਕੋਈ ਲੜਾਈ ਜਿੱਤ ਗਏ ਹੋਣ’
ਅਜਿਹੇ ਭਾਸ਼ਣ ਦੀ ਉਮੀਦ ਕਿਸੇ ਨੂੰ ਨਹੀਂ ਸੀ। ਅਸੀਂ ਸਾਰੇ ਇਸ ਗੱਲ ‘ਤੇ ਸਹਿਮਤ ਹੋਵਾਂਗੇ ਕਿ ਉਨ੍ਹਾਂ ਨੇ ਆਪਣੇ ਹੱਥ ਨਹੀਂ ਫੈਲਾਏ, ਸਗੋਂ ਘਸੁੰਨ ਵਿਖਾ ਦਿੱਤਾ। ਉਨ੍ਹਾਂ ਦੇ ਭਾਸ਼ਣ ਤੋਂ ਅਜਿਹਾ ਲੱਗਾ ਕਿ ਉਹ ਅਮਰੀਕਾ ਦੀ ਨਹੀਂ ਕਿਸੇ ਹੋਰ ਹੀ ਦੇਸ਼ ਦੀ ਗੱਲ ਕਰ ਰਹੇ ਸਨ। ਉਹ ਇਸ ਤਰ੍ਹਾਂ ਬੋਲੇ ਮੰਨੋ ਦੁਸ਼ਮਣ ਦੇ ਘਰ ਦਰਵਾਜ਼ੇ ਤੋੜ ਕੇ ਦਾਖ਼ਲ ਹੋਏ ਹੋਣ।
ਟਰੰਪ ਦੇ ਰਾਤਰੀ ਭੋਜ ਵਿਚ ਮੀਕਾ ਸ਼ਾਮਲ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦਿੱਤੇ ਰਾਤਰੀ ਭੋਜ ਵਿੱਚ ਨਾਮੀ ਪੌਪ ਗਾਇਕ ਮੀਕਾ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ ਸੀ। ਮੀਕਾ (39) ਨੇ ਪਾਰਟੀ ਵਿਚਲੀਆਂ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉਤੇ ਨਸ਼ਰ ਕੀਤਾ ਹੈ। ਉਸ ਨੇ ਲਿਖਿਆ ਹੈ: ”ਡੋਨਲਡ ਟਰੰਪ ਦੇ ਨੇੜੇ ਰਹਿਣ ਦਾ ਮਾਣ ਮਿਲਣਾ ਵੱਡੀ ਗੱਲ ਹੈ। ਉਨ੍ਹਾਂ (ਸ੍ਰੀ ਟਰੰਪ) ਦੀ ਮੌਜੂਦਗੀ ਨੇ ਸਾਰਾ ਚੌਗਿਰਦਾ ਰੁਸ਼ਨਾਇਆ ਹੋਇਆ ਸੀ।” ਉਸ ਨੇ ਸ੍ਰੀ ਟਰੰਪ ਦੀ ਧੀ ਇਵਾਂਕਾ ਨਾਲ ਖਿੱਚੀ ਇਕ ਸੈਲਫੀ ਵੀ ਨਸ਼ਰ ਕੀਤੀ ਹੈ।

ਨਿਊਯਾਰਕ ਪੋਸਟ
ਅਮਰੀਕਾ ‘ਚ ਨਵੇਂ ਮਾਫ਼ੀਆ ਦੀ ਸ਼ੁਰੂਆਤ ਹੋਈ
ਰੰਗਮਿਜਾਜ਼ੀ ਲਈ ਪ੍ਰਸਿੱਧ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਇਹ ਦੇਸ਼ ‘ਚ ਨਵੇਂ ਮਾਫ਼ੀਆ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਦੇ ਤੇਵਰ ਸ਼ੁਰੂ ਤੋਂ ਕੁੱਝ ਇਸ ਤਰ੍ਹਾਂ ਦੇ ਹੀ ਰਹੇ ਹਨ।

ਗਲੋਬਲ ਟਾਈਮਜ਼ (ਚੀਨ)
ਟਰੰਪ ਨੂੰ ਲੈ ਕੇ ਪ੍ਰੇਸ਼ਾਨ ਅਤੇ ਡਰੇ ਹੋਏ ਹਨ ਲੋਕ
ਟਰੰਪ ਅਮਰੀਕੀ ਰਾਸ਼ਟਰਪਤੀਆਂ ਤੋਂ ਵੱਖ ਵਿਹਾਰ ਕਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਉਨ੍ਹਾਂ ਦਾ ਨਵਾਂ ਕਦਮ ਕੀ ਹੋਵੇਗਾ। ਲੋਕਾਂ ‘ਚ ਪ੍ਰੇਸ਼ਾਨੀ ਹੈ ਕਿ ਕਿਵੇਂ ਉਹ ਅਮਰੀਕਾ ਦੀ ਅਗਵਾਈ ਕਰਨਗੇ।

ਬਲੈਕ, ਵ੍ਹਾਈਟ ਜਾਂ ਬ੍ਰਾਊਨ ਸਾਰਿਆਂ ਦਾ ਖੂਨ ਲਾਲ ਹੈ। ਲੋਕਾਂ ਨੂੰ ਦੇਸ਼ ਭਗਤੀ ਨਾਲ ਕੰਮ ਕਰਨਾ ਹੋਵੇਗਾ। ਰਾਜਨੇਤਾ ਸਿਰਫ ਗੱਲਾਂ ਕਰਦੇ ਹਨ, ਪਰ ਮੈਂ ਕੰਮ ਕਰਾਂਗਾ। ਹੁਣ ਕੰਮ ਕਰਨ ਦਾ ਸਮਾਂ ਹੈ। ਅਸੀਂ ਅੱਗੇ ਵਧਾਂਗੇ ਅਤੇ ਸੰਘਰਸ਼ ਕਰਾਂਗੇ।
– ਡੋਨਾਲਡ ਟਰੰਪ, ਰਾਸ਼ਟਰਪਤੀ ਅਮਰੀਕਾ

ਟਰੰਪ ਆਪਣੀ ਨੀਤੀ ਸਪੱਸ਼ਟ ਕਰਨ :
ਟਰੰਪ ਪ੍ਰਸ਼ਾਸਨ ਨੂੰ ਯੂਰਪ ਬਾਰੇ ਆਪਣੀ ਨੀਤੀ ਸਾਫ ਕਰਨੀ ਚਾਹੀਦੀ ਹੈ। ਅਸੀਂ ਲੋਕਤੰਤਰ, ਕਾਨੂੰਨ ਦੀ ਸੱਤਾ ਅਤੇ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਹਾਂ।
– ਉਰਸੁਲਾ ਫਾਨ ਡੇਨ ਲਾਇਨ, ਰੱਖਿਆ ਮੰਤਰੀ ਜਰਮਨੀ

ਮਹਾਨ ਸਫਲਤਾ ‘ਤੇ ਵਧਾਈ :
ਰਾਸ਼ਟਰਪਤੀ ਟਰੰਪ ਆਪਣੀ ਮਹਾਨ ਸਫਲਤਾ ‘ਤੇ ਮੇਰੀ ਵਧਾਈ ਸਵੀਕਾਰ ਕਰਨ। ਜਾਪਾਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨਾਲ ਮਜ਼ਬੂਤੀ ਨਾਲ ਕੰਮ ਕਰੇਗਾ।

ਉਬਾਮਾ ਤੋਂ ਵਧੀਆ ਹੋਣਗੇ ਟਰੰਪ :
ਉਬਾਮਾ ਦੇ ਦੂਜੇ ਕਾਰਜਕਾਲ ‘ਚ ਅਮਰੀਕਾ-ਰੂਸ ਦੇ ਸਬੰਧ ਚੰਗੇ ਹੋਣਗੇ।
– ਦਿਮਿਤਰੀ ਮੇਦਵੇਦੇਵ, ਪ੍ਰਧਾਨ ਮੰਤਰੀ ਰੂਸ

ਨਵੀਂਆਂ ਉਚਾਈਆਂ ‘ਤੇ ਹੋਣਗੇ ਸਬੰਧ :
ਭਾਰਤ ਟਰੰਪ ਦੀ ਅਗਵਾਈ ਵਾਲੇ ਅਮਰੀਕਾ ਦੇ ਨਾਲ ਕੰਮ ਕਰਨ ਨੂੰ ਤਿਆਰ ਹੈ। ਦੋਵੇਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਹਰ ਤਰ੍ਹਾਂ ਦੇ ਸਹਿਯੋਗ ਕਰਾਂਗੇ।
– ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਭਾਰਤ