ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਵੇਂ ਪਾਤਸ਼ਾਹ ਸਬੰਧੀ ਵਿਸ਼ੇਸ਼ ਸੈਮੀਨਾਰ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਵੇਂ ਪਾਤਸ਼ਾਹ ਸਬੰਧੀ ਵਿਸ਼ੇਸ਼ ਸੈਮੀਨਾਰ

ਮਿਲਪੀਟਸ/ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਵਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦੇਸ਼ ਵਿਦੇਸ਼ ਦੇ ਵਿਦਵਾਨ ਸੱਦ ਕੇ ਇਕ ਵਿਸ਼ੇਸ਼ ਸੈਮੀਨਾਰ 7 ਜਨਵਰੀ ਸ਼ਨਿੱਚਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਕਰਵਾਇਆ ਗਿਆ। ਏਜੀਪੀਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਬੁਲਾਰਿਆਂ ਤੇ ਸੰਗਤਾਂ ਨੂੰ ਜੀ ਆਇਆ ਕਹਿੰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ। ਸੈਮੀਨਾਰ ਵਿਚ ਡਾ. ਜਸਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਰਿਲੀਜੀਆਸ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਨਿਰੰਜਨ ਸਿੰਘ ਢੇਸੀ (ਰਿਟਾਇਰਡ) ਅਤੇ ਖਾਲਿਸਤਾਨ ਅਫ਼ੇਅਰਜ਼ ਸੈਂਟਰ ਦੇ ਬੁਲਾਰੇ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਡੀ.ਸੀ. ਬੁਲਾਰੇ ਸਨ।
ਡਾ. ਜਸਵਿੰਦਰ ਸਿੰਘ ਨੇ ਸਿੱਖਾਂ ਵੱਲੋਂ ਅਣਦੇਖੀਂਆਂ ਕੀਤੀਆਂ ਗਈਆਂ ”ਹੱਥ ਲਿਖਤਾ ਜਾਂ ਖਰੜੇ” ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਕੜਿਆਂ ਦੀ ਗਿਣਤੀ ਵਿਚ ਹੱਥ ਲਿਖਤਾਂ ਮੌਜੂਦ ਹਨ ਪਰ ਉਨ੍ਹਾਂ ਦੀ ਕੋਈ ਸੇਵਾ ਸੰਭਾਲ ਨਹੀਂ ਹੋ ਰਹੀ ਇਸ ਲਈ ਉਹ ਸਰੋਤ ਦਿਨੋ ਦਿਨ ਅਲੋਪ ਹੋ ਰਹੇ ਹਨ।
ਡਾ. ਅਮਰਜੀਤ ਸਿੰਘ ਨੇ ਪ੍ਰਭਾਵਸ਼ਾਲੀ ਤਕਰੀਰ ਵਿਚ ਦਸਵੇਂ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਦਿੱਤੀ ਬਾਦਸ਼ਾਹਤ ਦਾ ਨਵੇਕਲੇ ਢੰਗ ਨਾਲ ਵਰਨਣ ਕਰਦੇ ਹੋਏ ਖਾਲਿਸਤਾਨ ਦੀ ਹੋਂਦ ਤੇ ਜ਼ੋਰ ਦਿੱਤਾ। ਡਾ. ਨਰਿੰਜਨ ਸਿੰਘ ਢੇਸੀ ਨੇ ਗੁਰੂ ਨਾਲ ਅਤੇ ਦਸਵੇਂ ਪਾਤਸ਼ਾਹ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸੈਮੀਨਾਰ ਦੇ ਆਖੀਰ ਵਿਚ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਬੁਲਾਰਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਏ ਜੀ ਪੀ ਸੀ ਵੱਲੋਂ ਡਾ. ਜਸਵਿੰਦਰ ਸਿੰਘ ਵੱਲੋਂ ਐਡਿਟ ਕੀਤੀ ਪ੍ਰੋ. ਪੂਰਨ ਸਿੰਘ ਦੇ ਲੇਖਾਂ ਦੀ ਰਚਨਾ ਰਿਲੀਜ਼ ਕੀਤੀ।
ਸੈਮੀਨਾਰ ਦਾ ਵਿਸ਼ੇਸ਼ ਪ੍ਰਸਾਰਣ ‘ਗਲੋਬਲ ਪੰਜਾਬ ਚੈਨਲ’ ਟੀਵੀ-84 ਅਤੇ ਫੇਸਬੁੱਕ ‘ਤੇ ਲਾਈਵ ਟੈਲੀਕਾਸਟ ਕੀਤਾ ਗਿਆ।