ਮਿਲਵਾਕੀ ‘ਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੀ ਹੱਤਿਆ

ਮਿਲਵਾਕੀ ‘ਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੀ ਹੱਤਿਆ

ਭਵਾਨੀਗੜ੍ਹ/ਬਿਊਰੋ ਨਿਊਜ਼ :
ਕਰੀਬ 9 ਸਾਲ ਪਹਿਲਾਂ ਅਮਰੀਕਾ ਗਏ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਦੇ ਨੌਜਵਾਨ ਹਰਜਿੰਦਰ ਸਿੰਘ ਦੀ ਲੁਟੇਰੇ ਨੇ ਹੱਤਿਆ ਕਰ ਦਿੱਤੀ। ਨੌਜਵਾਨ ਹਰਜਿੰਦਰ ਸਿੰਘ ਖੱਟੜਾ ਪੁੱਤਰ ਨਾਹਰ ਸਿੰਘ ਰੁਜ਼ਗਾਰ ਲਈ ਅਮਰੀਕਾ ਗਿਆ ਸੀ। ਉਹ ਮਿਲਵਾਕੀ ਸ਼ਹਿਰ ਦੇ ਇਕ ਪੈਟਰੋਲ ਪੰਪ ਉਤੇ ਨੌਕਰੀ ਕਰਦਾ ਸੀ। ਹਰਜਿੰਦਰ ਸਿੰਘ ਦੇ ਚਾਚੇ ਜਗਤਾਰ ਸਿੰਘ ਖੱਟੜਾ ਨੇ ਦੱਸਿਆ ਕਿ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 9 ਵਜੇ ਜਦੋਂ ਉਹ ਪੈਟਰੋਲ ਪੰਪ ‘ਤੇ ਡਿਊਟੀ ਕਰ ਰਿਹਾ ਸੀ ਤਾਂ ਇਕ ਲੁਟੇਰਾ ਪੰਪ ਲੁੱਟਣ ਦੀ ਮਨਸ਼ਾ ਨਾਲ ਉਥੇ ਪਹੁੰਚਿਆ। ਦੋਵਾਂ ਦੀ ਹੱਥੋਪਾਈ ਦੌਰਾਨ ਹਰਜਿੰਦਰ ਸਿੰਘ ਪੈਰ ਫਿਸਲ ਜਾਣ ਕਾਰਨ ਹੇਠਾਂ ਡਿੱਗ ਪਿਆ ਅਤੇ ਉਸ ਦੇ ਹੱਥ ਵਿੱਚੋਂ ਬੇਸਬਾਲ ਖੋਹ ਕੇ ਲੁਟੇਰੇ ਨੇ ਹਰਜਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਰਾਤ ਵੇਲੇ ਹੀ ਇਹ ਦੁਖਦਾਈ ਖ਼ਬਰ ਮਿਲ ਗਈ ਸੀ। ਇਸੇ ਦੌਰਾਨ ਹਰਜਿੰਦਰ ਸਿੰਘ ਦੀ ਦੇਹ ਅਮਰੀਕਾ ਤੋਂ ਭਾਰਤ ਲਿਆਉਣ ਲਈ ਅਮਰੀਕਾ ਅਤੇ ਸਥਾਨਕ ਪ੍ਰਸ਼ਾਸਨ ਨਾਲ ਪਰਿਵਾਰ ਦਾ ਸੰਪਰਕ ਬਣਿਆ ਹੋਇਆ ਹੈ।