ਪੰਜ ਭਾਰਤੀ-ਅਮਰੀਕੀਆਂ ਨੇ ਕਾਂਗਰਸ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ

ਪੰਜ ਭਾਰਤੀ-ਅਮਰੀਕੀਆਂ ਨੇ ਕਾਂਗਰਸ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ
ਵਾਸ਼ਿੰਗਟਨ ਵਿੱਚ ਓਲਡ ਸੈਨੇਟ ਚੈਂਬਰ ਵਿੱਚ ਮੌਕ ਹਲਫ਼ਦਾਰੀ ਸਮਾਗਮ ਦੌਰਾਨ ਗਰੁੱਪ ਫੋਟੋ ਮੌਕੇ ਹੱਸਾ-ਠੱਠਾ ਕਰਦੇ ਹੋਏ ਉਪ ਰਾਸ਼ਟਰਪਤੀ ਜੋਏ ਬਿਡੇਨ (ਵਿਚਾਲੇ) ਅਤੇ ਉਨ੍ਹਾਂ ਨਾਲ ਸੈਨੇਟਰ ਕਮਲਾ ਹੈਰਿਸ (ਸੱਜਿਓਂ ਦੂਜੇ) ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ।

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਵਸੋਂ ਦਾ ਮਹਿਜ਼ ਇਕ ਫ਼ੀਸਦ ਘੱਟਗਿਣਤੀ ਭਾਰਤੀ-ਅਮਰੀਕੀ ਭਾਈਚਾਰੇ ਦੇ ਪੰਜ ਆਗੂਆਂ ਨੇ ਅਮਰੀਕੀ ਕਾਂਗਰਸ ਦੇ ਮੈਂਬਰ ਵਜੋਂ ਹਲਫ਼ ਲੈ ਕੇ ਇਤਿਹਾਸ ਸਿਰਜ ਦਿੱਤਾ ਹੈ। ਕਮਲਾ ਹੈਰਿਸ (52) ਨੇ ਕੈਲੀਫੋਰਨੀਆ ਦੀ ਸੈਨੇਟਰ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੋਏ ਬਿਡੇਨ ਨੇ ਸਹੁੰ ਚੁਕਾਈ। ਕਮਲਾ ਦੀ ਮਾਂ ਭਾਰਤੀ ਤੇ ਪਿਤਾ ਜਮਾਇਕਾ ਤੋਂ ਸੀ। ਉਹ ਅਜਿਹੀ ਪਹਿਲੀ ਭਾਰਤੀ ਅਮਰੀਕੀ ਹੈ, ਜੋ ਸੈਨੇਟ ਵਿੱਚ ਆਪਣੀਆਂ ਸੇਵਾਵਾਂ ਦੇਵੇਗੀ। ਇਸ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ। ਉਨ੍ਹਾਂ ਨੇ ਸੈਨੇਟਰ ਬਾਰਬਰਾ ਬਾਕਸਰ ਦੀ ਜਗ੍ਹਾ ਲਈ ਹੈ।
ਇਸ ਮੌਕੇ ਕਮਲਾ ਨੇ ਕਿਹਾ, ‘ਮੈਂ ਅਮਰੀਕੀ ਸੈਨੇਟ ਵਜੋਂ ਹਲਫ਼ ਲਈ ਹੈ। ਮੈਂ ਤੁਹਾਡੀ ਅਤੇ ਕੈਲੀਫੋਰਨੀਆ ਦੇ ਲੋਕਾਂ ਦੀ ਸੇਵਾ ਲਈ ਆਪਣੇ ਆਪ ਨੂੰ ਵੱਡਭਾਗਾ ਅਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਆਓ ਕੰਮ ਵਿੱਚ ਜੁਟੀਏ।’ ਆਪਣੀ ਚੋਣ ਬਾਅਦ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਰਿਪਬਲਿਕਨ ਮੈਂਬਰਾਂ ਦੀ ਕਥਿਤ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਨਾਲ ਲੜਨਾ ਹੋਵੇਗਾ।
ਕੁੱਝ ਹੀ ਘੰਟਿਆਂ ਬਾਅਦ ਚਾਰ ਭਾਰਤੀ ਅਮਰੀਕੀਆਂ ਨੇ ਹਾਊਸ ਚੈਂਬਰਜ਼ ਦੇ ਮੈਂਬਰਾਂ ਵਜੋਂ ਹਲਫ਼ ਲਿਆ। ਇਨ੍ਹਾਂ ਵਿੱਚ ਕਾਂਗਰਸ ਮੈਂਬਰ ਐਮੀ ਬੇਰਾ ਵੀ ਸਨ, ਜਿਨ੍ਹਾਂ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਚੁਣਿਆ ਗਿਆ ਹੈ। ਇਸ ਤਰ੍ਹਾਂ ਐਮੀ ਬੇਰਾ (51) ਨੇ ਦਲੀਪ ਸਿੰਘ ਸੰਧੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਨ੍ਹਾਂ ਭਾਰਤੀਆਂ ਵਿੱਚ ਸਿਲੀਕਾਨ ਵੈਲੀ ਦੀ ਨੁਮਾਇੰਦਗੀ ਕਰਨ ਵਾਲੇ ਰੋ ਖੰਨਾ (40) ਵੀ ਹਨ। ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ (42) ਨੇ ਇਲਿਨੌਇ ਤੋਂ ਚੋਣ ਜਿੱਤਣ ਬਾਅਦ ਗੀਤਾ ‘ਤੇ ਹੱਥ ਰੱਖ ਕੇ ਸਹੁੰ ਖਾਧੀ। ਤੁਲਸੀ ਗਬਾਰਡ ਬਾਅਦ ਉਹ ਦੂਜੇ ਅਮਰੀਕੀ ਸੰਸਦ ਮੈਂਬਰ ਹਨ, ਜਿਸ ਨੇ ਗੀਤਾ ‘ਤੇ ਹੱਥ ਰੱਖ ਕੇ ਹਲਫ਼ ਲਿਆ। ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿੰਦੂ ਤੁਲਸੀ ਗਬਾਰਡ ਨੇ ਲਗਾਤਾਰ ਤੀਜੇ ਕਾਰਜਕਾਲ ਲਈ ਹਲਫ਼ ਲਿਆ।
ਕੌਮੀ ਪੱਧਰ ‘ਤੇ ਆਪਣੀ ਵੱਖਰੀ ਜਗ੍ਹਾ ਬਣਾ ਚੁੱਕੀ ਪ੍ਰਮਿਲਾ ਜੈਪਾਲ (51) ਹਲਫ਼ ਲੈਣ ਤੋਂ ਪਹਿਲਾਂ ਹੀ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਪਹਿਲੀ ਭਾਰਤੀ ਅਮਰੀਕੀ ਮਹਿਲਾ ਬਣ ਚੁੱਕੀ ਹੈ। ਇਸ ਮੌਕੇ ਖਾਸ ਤੌਰ ‘ਤੇ ਭਾਰਤ ਤੋਂ ਪਹੁੰਚੀ ਉਨ੍ਹਾਂ ਦੀ 78 ਸਾਲਾ ਮਾਂ ਗੈਲਰੀ ਵਿੱਚ ਬੈਠ ਕੇ ਹਲਫ਼ਦਾਰੀ ਸਮਾਗਮ ਦੇਖ ਰਹੀ ਸੀ। ਪ੍ਰਮਿਲਾ ਨੇ ਕਿਹਾ, ‘ਅੱਜ ਦਾ ਦਿਨ ਮੇਰੇ ਬਾਰੇ ਨਹੀਂ ਬਲਕਿ ਸਾਡੇ ਬਾਰੇ ਹੈ। ਮੈਂ ਅਹਿਦ ਲੈਂਦੀ ਹਾਂ ਕਿ ਮੈਂ ਕਾਂਗਰਸ ਵਿੱਚ ਇਕ ਸਾਂਵਲੀ ਔਰਤ, ਇਕ ਪਰਵਾਸੀ ਅਤੇ ਵਾਸ਼ਿੰਗਟਨ ਵਾਸੀ ਵਜੋਂ ਆਪਣੇ ਤਜਰਬੇ ਦੀ ਵਰਤੋਂ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ, ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਰਚਨਾਤਮਕ ਹੱਲ ਉਤੇ ਜ਼ੋਰ ਦੇਣ ਲਈ ਅਤੇ ਸੰਭਵ ਵਿਚਲਾ ਰਸਤਾ ਕੱਢਣ ਦਾ ਯਤਨ ਕਰਾਂਗੀ।’ ਇਥੋਂ ਇਕ ਮੀਲ ਦੂਰ ਦੇਸ਼ ਭਰ ਦੇ ਭਾਰਤੀ ਅਮਰੀਕੀਆਂ ਨੇ ਰਾਤ ਸਮੇਂ ਇਸ ਇਤਿਹਾਸਕ ਮੌਕੇ ਦਾ ਜਸ਼ਨ ਮਨਾਇਆ।