ਅਮਰੀਕੀ ਅਰਥਸ਼ਾਸਤਰੀ ਵਲੋਂ ਮੋਦੀ ਦੇ ਨੋਟਬੰਦੀ ਫੈਸਲੇ ਦੀ ਨਿੰਦਾ

ਅਮਰੀਕੀ ਅਰਥਸ਼ਾਸਤਰੀ ਵਲੋਂ ਮੋਦੀ ਦੇ ਨੋਟਬੰਦੀ ਫੈਸਲੇ ਦੀ ਨਿੰਦਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਨੋਟਬੰਦੀ ਦੇ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਉੱਘੇ ਅਮਰੀਕੀ ਅਰਥਸ਼ਾਸਤਰੀ ਸਟੀਵ ਐਚ ਹੰਕ ਨੇ ਕਿਹਾ ਹੈ ਕਿ ਭਾਰਤ ਦੀ ‘ਨਕਦੀ ਬਾਰੇ ਜੰਗ’ ਨਾਲ ਇਸ ਦਾ ਅਰਥਚਾਰਾ ਸੁੰਗੜੇਗਾ।
ਬਾਲਟੀਮੋਰ (ਮੈਰੀਲੈਂਡ) ਦੀ ਜੌਹਨ ਹੌਪਕਿਨਜ਼ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰੀ ਹੰਕ ਨੇ ਕਿਹਾ ਕਿ ਮੋਦੀ ਨੇ ਨਕਦੀ ਖਿਲਾਫ ਆਪਣੀ ਲੜਾਈ ਲਈ ਭਾਰਤੀ ਅਰਥਚਾਰੇ ਨੂੰ ਸਰਕਾਰੀ ਤੌਰ ‘ਤੇ ਸੁੰਗੜਨ ਵੱਲ ਧੱਕ ਦਿੱਤਾ ਹੈ। ਸ੍ਰੀ ਹੰਕ ਨੇ ਕਿਹਾ ਕਿ ਉਨ੍ਹਾਂ ਜਿਹੜੀ ਪਹਿਲਾਂ ਪੇਸ਼ੀਨਗੋਈ ਕੀਤੀ ਹੈ, ਨਤੀਜੇ ਉਸੇ ਮੁਤਾਬਕ ਨਿਕਲਣਗੇ। ਉਨ੍ਹਾਂ ਆਪਣੀ ਟਵੀਟਾਂ ਦੀ ਲੜੀ ਵਿੱਚ ਕਿਹਾ ਕਿ ਉਤਪਾਦਨ ਖੇਤਰ ਨੂੰ ਨੋਟਬੰਦੀ ਕਾਰਨ ਵੱਡੀ ਸੱਟ ਵੱਜੀ ਹੈ ਅਤੇ ਇਸ ਨਾਲ ਭਾਰਤੀ ਅਰਥਚਾਰੇ ਉਤੇ ਮਾੜਾ ਅਸਰ ਪੈ ਰਿਹਾ ਹੈ।
ਵਾਸ਼ਿੰਗਟਨ, ਡੀਸੀ ਵਿੱਚ ਕਾਟੋ ਇੰਸਟੀਚਿਊਟ ਵਿੱਚ ਉੱਥਲ-ਪੁੱਥਲ ਭਰੀਆਂ ਕਰੰਸੀਆਂ ਬਾਰੇ ਪ੍ਰਾਜੈਕਟ ਦੇ ਡਾਇਰੈਕਟਰ ਅਤੇ ਸੀਨੀਅਰ ਫੈਲੋ ਹੰਕ ਨੇ ਕਿਹਾ ਕਿ ਨੋਟਬੰਦੀ ਕਾਰਨ ਸਾਲ 2017 ਵਿੱਚ ਭਾਰਤੀ ਅਰਥਚਾਰਾ ਮੋਹਰੀਆਂ ਦੀ ਸੂਚੀ ਵਿੱਚੋਂ ਤਿਲਕ ਜਾਵੇਗਾ। ਨੋਟਬੰਦੀ ਮਗਰੋਂ ਕੁਝ ਭਾਰਤੀ ਬੈਂਕਾਂ ਵੱਲੋਂ ਵਿਆਜ ਦਰ ਵਿੱਚ ਕਟੌਤੀ ਦਾ ਹਵਾਲਾ ਦਿੰਦਿਆਂ ਇਸ ਉੱਘੇ ਅਰਥ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਬੈਂਕਾਂ ਨੇ ਅਰਥਚਾਰੇ ਦੀ ਗਿਰਾਵਟ ਟਾਲਣ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਘਟਾਈਆਂ ਹਨ।