ਅਮਰੀਕੀਆਂ ਦੀ ਇਤਿਹਾਸਕ ਜਿੱਤ ਦੇ ਜਸ਼ਨ ਮਨਾਉਣਗੇ ਭਾਰਤੀ-ਅਮਰੀਕੀ

ਅਮਰੀਕੀਆਂ ਦੀ ਇਤਿਹਾਸਕ ਜਿੱਤ ਦੇ ਜਸ਼ਨ ਮਨਾਉਣਗੇ ਭਾਰਤੀ-ਅਮਰੀਕੀ

ਕੈਪਸ਼ਨ- ਐਮੀ ਬੇਰਾ, ਪ੍ਰਮਿਲਾ ਜਯਾਪਾਲ, ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਕਾਂਗਰਸ ਲਈ 5 ਭਾਰਤੀ ਮੂਲ ਦੇ ਅਮਰੀਕੀਆਂ ਦੀ ਇਤਿਹਾਸਕ ਜਿੱਤ ਦੇ ਜਸ਼ਨ ਮਨਾਉਣ ਲਈ ਦੇਸ਼ ਭਰ ਦੇ ਭਾਰਤੀ-ਅਮਰੀਕੀ ਅਗਲੇ ਹਫ਼ਤੇ ਵਾਸ਼ਿੰਗਟਨ ਵਿੱਚ ਇਕੱਤਰ ਹੋਣਗੇ। ਦੱਸਣਯੋਗ ਹੈ ਕਿ ਅਮਰੀਕੀ ਸੰਸਦ ਲਈ ਅਮੀ ਬੇਰਾ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ ਤੇ ਪ੍ਰਮਿਲਾ ਜਯਾਪਾਲ ਪਹਿਲੀ ਵਾਰ ਪ੍ਰਤੀਨਿਧੀ ਸਦਨ ਲਈ ਚੁਣੇ ਗਏ ਹਨ। ਇਸੇ ਦੌਰਾਨ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ ਅਮਰੀਕੀ ਸੈਨੇਟ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ ਤੇ ਇਸ ਸਬੰਧੀ ਜਸ਼ਨ ਵੀ ਮਨਾਏ ਜਾਣੇ ਹਨ।
ਇਸ ਸਮਾਗਮ ਵਿੱਚ ਨੈਂਸੀ ਪੈਲੋਸੀ, ਸੈਨੇਟਰ ਟੀਮ ਕੇਨ, ਸੀਨੇਟਰ ਮਾਰਕ ਵਾਰਨਰ ਤੇ ਰਿਪਬਲਿਕਨ ਸੰਸਦ ਮੈਂਬਰ ਜਾਰਜ ਹੋਲਡਿੰਗ ਸਮੇਤ ਕਈ ਸੀਨੀਅਰ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਦੇ ਚੁੱਕੇ ਹਨ। ਇਸ ਸਬੰਧੀ ਗੱਲ ਕਰਦਿਆਂ ਸਿਲੀਕਾਨ ਵੈਲੀ ਆਧਾਰਤ ਇੱਕ ਕਾਰੋਬਾਰੀ ਐਮ ਆਰ ਰੰਗਾਸਵਾਮੀ ਨੇ ਕਿਹਾ ”ਅਸੀ ਕਾਂਗਰਸ ਦੀ ਚੋਣ ਵਿੱਚ ਜਿੱਤ ਦਰਜ ਕਰਨ ਵਾਲੇ ਅਤੇ ਆਗਾਮੀ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤੇ ਜਾਣ ਵਾਲਿਆਂ ਨੂੰ ਸਨਮਾਨਿਤ ਕਰਾਂਗੇ।” ਨਿੱਕੀ ਹੇਲੀ ਸਮੇਤ ਦੋ ਭਾਰਤੀ ਅਮਰੀਕੀਆਂ ਨੂੰ ਟਰੰਪ ਪ੍ਰਸ਼ਾਸਨ ਵਿੱਚ ਅਹਿਮ ਜ਼ਿੰਮੇਵਾਰ ਦਿੱਤੀ ਜਾ ਚੁੱਕੀ ਹੈ ਅਤੇ ਦੋਵਾਂ ਨੂੰ ਇਸ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਰੰਗਾਸਵਾਮੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ”ਅਸੀਂ ਅਮਰੀਕੀ ਆਬਾਦੀ ਵਿੱਚ ਇੱਕ ਫ਼ੀਸਦੀ ਹਿੱਸੇਦਾਰ ਹਾਂ ਅਤੇ ਸੰਸਦ ਵਿੱਚ ਭਾਗੀਦਾਰੀ ਵੀ ਇੱਕ ਫ਼ੀਸਦੀ ਹੋ ਗਈ ਹੈ। ਹਲਾਂਕਿ ਜਦੋਂ ਯਹੂਦੀ ਅਮਰੀਕੀਆਂ ਦੀ ਗੱਲ ਕਰੀਏ ਤਾਂ ਆਬਾਦੀ ਵਿੱਚ ਉਨ੍ਹਾਂ ਦਾ ਹਿੱਸਾ 2 ਫ਼ੀਸਦੀ ਹੈ, ਜਦੋਂਕਿ ਕਾਂਗਰਸ ਵਿੱਚ ਹਿੱਸਾ 10 ਫ਼ੀਸਦੀ ਹੈ, ਇਸ ਹਿਸਾਬ ਨਾਲ ਲੰਮਾ ਸਫ਼ਰ ਤੈਅ ਕਰਨਾ ਹੈ।”