ਪੈਨਸ਼ਨ ਫੰਡ ਘੁਟਾਲਾ ਮਾਮਲੇ ਵਿਚ ਨਵਨੂਰ ਸਿੰਘ ਕੰਗ ਗ੍ਰਿਫ਼ਤਾਰ

ਪੈਨਸ਼ਨ ਫੰਡ ਘੁਟਾਲਾ ਮਾਮਲੇ ਵਿਚ ਨਵਨੂਰ ਸਿੰਘ ਕੰਗ ਗ੍ਰਿਫ਼ਤਾਰ

ਨਿਊ ਯਾਰਕ/ਬਿਊਰੋ ਨਿਊਜ਼ :
ਨਿਊ ਯਾਰਕ ਦੇ ਪਬਲਿਕ ਇੰਪਲਾਈ ਪੈਨਸ਼ਨ ਫੰਡ ਦੇ ਭਾਰਤੀ ਮੂਲ ਦੇ ਸਾਬਕਾ ਮੈਨੇਜਰ ਨਵਨੂਰ ਸਿੰਘ ਕੰਗ (38) ਨੂੰ ਤਿੰਨ ਸਾਥੀਆਂ ਸਮੇਤ ਰਿਸ਼ਵਤ ਘੁਟਾਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਸ਼ਵਤ ਦਲਾਲੀ ਮਾਮਲੇ ਵਿਚ ਕੈਲੀ (58) ਤੇ ਸਕਾਨਹੋਰਨ (45) ਵੀ ਸ਼ਾਮਲ ਹਨ। ਕੈਲੀ ਦਲਾਲ ਅਤੇ ਸਟਰਨ ਐਗੀ ਵਿਖੇ ਸਾਬਕਾ ਮੈਨੇਜਿੰਗ ਡਾਇਰੈਕਟਰ ਹੈ, ਜਿਸ ਨੇ ਸਾਨ ਫਰਾਂਸਿਸਕੋ ਵਿਖੇ ਸਰੰਡਰ ਕੀਤਾ। ਸਕਾਨਹੋਰਨ ਐਫ.ਟੀ.ਐਨ. ਵਿਖੇ ਸਾਬਕਾ ਮੀਤ ਪ੍ਰਧਾਨ ਹੈ।
ਕੰਗ ‘ਤੇ ਦੋ ਫਰਮਾਂ ਨੂੰ ਲਾਭ ਪਹੁੰਚਾਉਣ ਦੇ ਮਾਮਲੇ ਵਿਚ 180,000 ਡਾਲਰ ਦੇ ਰਿਸ਼ਵਤ ਲੈਣ ਦੇ ਨਾਲ ਨਾਲ ਡਰੱਗਜ਼, ਵੇਸ਼ਵਾਗਿਰੀ ਤੇ ਮਹਿੰਗੇ ਟੂਰ ਕਰਨ ਦਾ ਦੋਸ਼ ਲੱਗਾ ਹੈ। ਐਫ਼.ਬੀ.ਆਈ. ਏਜੰਟ ਨੇ ਕੰਗ ਨੂੰ ਉਸ ਦੇ ਸਾਊਥ ਵੈਸਟ ਪੋਰਟਲੈਂਡ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ। ਉਸ ਨੇ ਬੁੱਧਵਾਰ ਦੁਪਹਿਰਨੂੰ ਮਾਰਕ ਓ. ਹਾਟਫੀਲਡ ਦੀ ਅਦਾਲਤ ਵਿਚ ਪਹਿਲੀ ਪੇਸ਼ੀ ਭੁਗਤੀ। ਉਹ ਚਾਰ ਜਨਵਰੀ ਨੂੰ ਨਿਊ ਯਾਰਕ ਦੀ ਜ਼ਿਲ੍ਹਾ ਅਦਾਲਤ ਵਿਚ ਰਿਪੋਰਟ ਕਰੇਗਾ। ਉਸ ਨੇ ਐਫ.ਬੀ.ਆਈ. ਕੋਲ ਆਪਣਾ ਪਾਸਪੋਰਟ ਸਰੰਡਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੰਗ ਨੇ 2014 ਵਿਚ ਨਿਊ ਯਾਰਕ ਸਟੇਟ ਕਾਮਨ ਰਿਟਾਇਰਮੈਂਟ ਫੰਡ ਲਈ ਫਿਕਸਡ ਇੰਕਮ ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ। ਇਹ ਅਮਰੀਕਾ ਦਾ ਤੀਜਾ ਵੱਡਾ ਜਨਤਕ ਪੈਨਸ਼ਨ ਫੰਡ ਹੈ। ਉਸ ਨੂੰ ਕਰੀਬ 50 ਅਰਬ ਡਾਲਰ ਦੇ ਨਿਵੇਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਨੇ ਦੋ ਫਰਮਾਂ ਨੂੰ ਲਾਭ ਪਹੁੰਚਾਉਣ ਲਈ ਰਿਸ਼ਵਤ ਲਈ ਸੀ। ਇਨ੍ਹਾਂ ਫਰਮਾਂ ਨੇ ਉਸ ਨੂੰ ਨਾ ਸਿਰਫ਼ ਰਿਸ਼ਵਤ ਬਲਕਿ ਮਹਿੰਗੇ ਤੋਹਫ਼ੇ ਤੇ ਲਗਜ਼ਰੀ ਸੈਰਾਂ ਕਰਵਾਈਆਂ ਸਨ। 2015 ਦੀ ਅਖ਼ੀਰ ਵਿਚ ਉਸ ਖ਼ਿਲਾਫ਼ ਜਾਂਚ ਸ਼ੁਰੂ ਹੋਈ ਸੀ।