ਗੁਰੁ ਗਬਿੰਦ ਸਿੰਘ ਜੀ ਵਲੋਂ ਖਾਲਸੇ ਦੀ ਸਿਰਜਣਾ ਅਤੇ ਮਾਨਵਤਾ ਨੂੰ ਅਦੁੱਤੀ ਦੇਣ ਸਬੰਧੀ ਕਰਾਏ ਸੈਮੀਨਾਰ ਵਿੱਚ ਅਹਿਮ ਵਿਚਾਰਾਂ

ਗੁਰੁ ਗਬਿੰਦ ਸਿੰਘ ਜੀ ਵਲੋਂ ਖਾਲਸੇ ਦੀ ਸਿਰਜਣਾ ਅਤੇ ਮਾਨਵਤਾ ਨੂੰ ਅਦੁੱਤੀ ਦੇਣ ਸਬੰਧੀ ਕਰਾਏ ਸੈਮੀਨਾਰ ਵਿੱਚ ਅਹਿਮ ਵਿਚਾਰਾਂ

ਨਾਨਕ ਸਦਨ ਗੁਰਦੁਆਰਾ ਨਾਰਥ ਹਿਲਜ਼ ਦਾ ਸ਼ਾਨਦਾਰ ਉੱਦਮ
ਲਾਸ ਏਂਜਲਸ/ਬਿਊਰੋ ਨਿਊਜ਼:
ਨਾਨਕ ਸਦਨ ਗੁਦੁਆਰਾ ਨਾਰਥ ਹਿਲਜ਼ ਵਲੋਂ ਖਾਲਸਾ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਬੀਤੇ ਹਫ਼ਤੇ ਕਰਵਾਏ ਸੈਮੀਨਾਰ ਵਿੱਚ ਦਸਵੇਂ ਗੁਰੂ ਜੀ ਦੀ ਸਿੱਖ ਕੌਮ ਦੇ ਰੂਪ ਮਾਨਵਤਾ ਨੂੰ ਅਦੁੱਤੀ ਦੇਣ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸਕਾਈਪੇ (Skype) ਰਾਹੀਂ ਕਰਵਾਏ ਇਸ ਇੱਕ ਰੋਜ਼ਾ ਸੈਮੀਨਾਰ ਦੀ ਰਸਮੀ ਸ਼ੁਰੂਆਤ ਕਰਦਿਆਂ ਨਾਨਕ ਸਦਨ ਗੁਰੂ ਘਰ ਦੇ ਪ੍ਰਧਾਨ ਸ. ਮੋਕਸ਼ਿੰਦਰ ਸਿੰਘ ਨੇ ਸਭਨਾਂ ਨੂੰ ਜੀਅ ਆਇਆਂ ਕਹਿੰਦਿਆਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਜੀ ਨੂੰ ਸੰਗਤਾਂ ਦੇ ਸਨਮੁੱਖ ਕੀਤਾ।
ਡਾ. ਜਸਪਾਲ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਜੀ ਦੇ ਅਧਿਆਤਮਕ ਯੋਗਦਾਨ ਦੇ ਨਾਲ ਨਾਲ ਸੰਗੀਤ, ਸ਼ਾਇਰੀ, ਜ਼ਾਲਮਾਂ ਅਤੇ ਜ਼ਰਵਾਣਿਆਂ ਦੇ ਟਾਕਰੇ ਲਈ ਯੁੱਧ ਰਣਨੀਤੀ ਬਾਰੇ ਅਹਿਮ ਦੇਣ ਤੋਂ ਇਲਾਵਾ ਨਿੱਜੀ ਜੀਵਨ ਵਿੱਚ ਪਰਿਵਾਰਕ ਜੁੰਮੇਵਾਰੀਆਂ ਨਿਭਾਉਂਦੇ ਹੋਏ ਆਦਰਸ਼ ਜਿੰਦਗੀ ਜਿਉਣ ਲਈ ਵੀ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਬਾਰੇ ਜਾਣੂੰ ਕਰਵਾਇਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਅਤੇ ਗੁਰਮਤਿ ਸੰਗੀਤ ਅਧਿਅਨ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਨੇ ‘ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਕੀਰਤਨ ਦੀ ਰਵਾਇਤ’ ਬਾਰੇ ਵਿਚਾਰ ਪ੍ਰਗਟਾਏ। ਖੁਦ ਉੱਚ ਪਾਏ ਦੇ ਸੰਗੀਤ ਅਧਿਆਪਕ ਤੇ ਕੀਰਤਨੀਏ ਡਾ. ਗੁਰਨਾਮ ਸਿੰਘ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਮੰਤਰ-ਮੁਗਧ ਕੀਤਾ।
ਹੋਰਨਾਂ ਬੁਲਾਰਿਆਂ ਵਿੱਚੋਂ ਗੁਰਮਮੰਤਰ ਇੰਕ ਦੇ ਪ੍ਰਧਾਨ ਪ੍ਰੋਫੈਸਰ ਜਸਪ੍ਰੀਤ ਸਿੰਘ ਨੇ ‘ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਬਹੁਦਿਸ਼ਾਵੀ ਮੰਤਵਾਂ’,  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਦੀ ਸਹਿ ਪ੍ਰੋਫੈਸਰ ਡਾ. ਕਵਿਤਾ ਰਾਣੀ ਨੇ ‘ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਅਰ ਅੰਮ੍ਰਿਤਪਾਲ ਕੌਰ ਨੇ ‘ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ: ਇੱਕ ਨਵੇਂ ਸਮਾਜ ਦਾ ਸੰਕਲਪ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ‘ਧਾਰਮਿਕ ਆਜ਼ਾਦੀ : ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ’ ਅਤੇ  ਲੋਇਲਾ ਮੇਰੀਮਾਊਂਟ ਯੂਨੀਵਰਸਿਟੀ ਲਾਸ ਏਂਜਲਸ ਵਿੱਚ ਜੈਨ ਅਤੇ ਸਿੱਖ ਅਧਿਅਨ ਦੀ ਪ੍ਰੋਫੈਸਰ ਡਾ. ਨਿਰੰਜਨ ਕੌਰ ਖਾਲਸਾ ਨੇ ‘ਗੁਰੂ ਗੋਬਿੰਦ ਸਿੰਘ ਜੀ: ਸੰਤ-ਸਿਪਾਹੀ ਦੇ ਸੰਲਕਪ’ ਸਬੰਧੀ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਸੈਮੀਨਾਰ ਦੇ ਪ੍ਰਬੰਧਕ ਅਤੇ ਮੇਜ਼ਬਾਨ ਡਾ. ਕੁਲਦੀਪ ਸਿੰਘ ਨੇ ਅਜਿਹੇ ਉਪਰਾਲੇ ਭਵਿੱਖ ਵਿੱਚ ਜਾਰੀ ਰੱਖਣ ਦੀ ਲੋੜ ਉੱਤੇ ਜੋਰ ਦਿੱਤਾ।  ਉਨਾਂ ਕਿਹਾ ਕਿ ਇਸ ਸੈਮੀਨਾਰ ਨੂੰ ਪੂਰਬੀ ਅਤੇ ਪੱਛਮੀਂ ਵਿਦਵਾਨਾਂ ਵਿਚਕਾਰ ਵਿਚਾਰ ਵਟਾਂਦਰੇ ਦੀ ਸਾਂਝੀ ਕੜੀ ਕਾਇਮ ਕਰਨ ਦੀ ਪਹਿਲਕਦਮੀ ਕਿਹਾ ਜਾ ਸਕਦਾ ਹੈ
ਨਾਨਕ ਸਦਨ  ਗੁਰੂ ਘਰ ਦੇ  ਪ੍ਰਧਾਨ ਅਤੇ ਦਿਲ ਦੇ ਰੋਗਾਂ ਦੇ ਉੱਘੇ ਮਾਹਿਰ ਡਾ. ਐਚ ਐਸ ਸਹੋਤਾ ਨੇ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਹੋਰਨਾਂ ਫਿਰਕਿਆਂ ਦੇ ਲੋਕਾਂ ਤੱਕ ਪਹੁੰਚਾਉਣ ਖ਼ਾਸ ਕਰ ਮੌਜੂਦਾ ਨਾਜ਼ਕ ਸਮਿਆਂ ਵਿੱਚ ਸਿੱਖ ਪਹਿਚਾਣ ਬਾਰੇ ਜਾਣੂੰ ਕਰਾਏ ਜਾਣ ਲਈ ਵੱਧ ਵੱਧ ਯਤਨ ਕਰਨ ਦੀ ਲੋੜ ਉੱਤੇ ਜੋਰ ਦਿੱਤਾ।
ਗੁਰੂ ਘਰ ਦੇ ਸਕੱਤਰ ਸ. ਗਜਿੰਦਰ ਸ਼ਾਹ ਸਿੰਘ ਨੇ ਭਾਗ ਲੈਣ ਵਾਲੇ ਸਭਨਾਂ ਵਿਦਵਾਨਾਂ, ਸਿੱਖ ਸੰਗਤਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਡਾ. ਕੁਲਦੀਪ ਸਿੰਘ ਦਾ ਉਚੇਚਾ ਧੰਨਵਾਦ ਕਰਦਿਆਂ ਸਿੱਖ ਸਦਨ ਦੇ ਮਿਸ਼ਨ ਅਤੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਰਾਨੇ (ਧੁਨੀ) ਦੀ ਸੰਗੀਤਕ ਪੇਸ਼ਨਾਲ ਹੋਈ ।