ਗੁਰੂ ਘਰ ਯੂਬਾ ਸਿਟੀ ‘ਚ ਪੰਜਾਬੀ ‘ਚ ਕਲਾਸਾਂ ਦੀ ਰਜਿਸਟਰੇਸ਼ਨ

ਗੁਰੂ ਘਰ ਯੂਬਾ ਸਿਟੀ ‘ਚ ਪੰਜਾਬੀ ‘ਚ ਕਲਾਸਾਂ ਦੀ ਰਜਿਸਟਰੇਸ਼ਨ

ਯੂਬਾ ਸਿਟੀ/ਸੇਵਾ ਸਿੰਘ ਬੈਂਸ:
ਗੁਰੂਘਰ ਟਾਇਰਾ ਬਿਊਨਾ ਯੂਬਾ ਸਿਟੀ ‘ਚ ਪੰਜਾਬੀ ਸਕੂਲ ਦੀਆਂ ਕਲਾਸਾਂ ਦੀ ਰਜਿਸਟਰੇਸ਼ਨ 30 ਅਤੇ 31 ਦਸੰਬਰ  ਸ਼ਾਮੀਂ 6:00 ਵਜੇ ਤੋਂ ਰਾਤੀਂ 9:00 ਵਜੇ ਤੱਕ ਲੰਗਰ ਹਾਲ ਵਿਚ ਸਕੂਲ ਦੇ ਸਟਾਫ਼ ਵਲੋਂ ਕੀਤੀ ਜਾਵੇਗੀ। ਪ੍ਰਬੰਧਕਾਂ ਵਲੋਂ ਸਾਰੇ ਯੂਬਾ, ਸੱਕਾਊਂਟੀ ਦੀ ਸੰਗਤ ਅੱਗੇ ਹੱਥ ਜੋੜ ਕੇ ਨਿਰਮਤਾ ਸਹਿਤ ਬੇਨਤੀ ਹੈ ਕਿ ਜਿਥੇ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਵਿਚ ਦਾਖ਼ਲ ਕਰਾ ਕੇ ਜਿਥੇ ਆਪਣਾ ਬਣਦਾ ਫਰਜ਼ ਪੂਰਾ ਕਰੋਗੇ ਉਥੇ ਨਾਲ ਹੀ ਆਪਣੇ ਬੱਚੇ ਨੂੰ ਪੜ੍ਹਾ ਕੇ ਪੰਜਾਬੀ ਨਾਲ ਜੋੜਦੇ ਹੋਏ ਉਸ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੋਗੇ। ਪੰਜਾਬੀ ਸਿੱਖਣ ਦੇ ਨਾਲ ਨਾਲ ਤੁਹਾਡੇ ਬੱਚੇ ਗੁਰੂਘਰ ਨਾਲ ਜੁੜਨਗੇ ਅਤੇ ਵੱਡੇ ਹੋ ਕੇ ਆਪ ਆਪਣੇ ਘਰ ਸਹਿਜ ਪਾਠ ਕਰਕੇ ਗੁਰੂ ਅੱਗੇ ਅਰਦਾਸ ਕਰਕੇ ਘਰ ਦੀ ਸੁੱਖ-ਸ਼ਾਂਤੀ, ਤੰਦਰੁਸਤੀ, ਤਰੱਕੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣਗੇ। ਆਓ ਆਪਾਂ ਮਾਪੇ ਹੋਣ ਦਾ ਫਰਜ਼ ਅਦਾ ਕਰੀਏ।
ਸਕੂਲ ਵਿਚ ਹੋਰ ਵਲੰਟੀਅਰ ਸੇਵਾਦਾਰਾਂ, ਜੋ ਪੰਜਾਬ ਤੋਂ ਟੀਚਰ ਵੀ ਨੇ, ਦੀ ਵੀ ਲੋੜ ਹੈ, ਆਓ ਰਲ ਕੇ ਇਲਾਕੇ ਦਾ ਇਕ ਬਹੁਤ ਵਧੀਆ ਤੇ ਕਾਮਯਾਬ ਪੰਜਾਬੀ ਸਕੂਲ ਬਣਾ ਕੇ ਦਿਖਾਈਏ। ਇਹ ਉਪਰਾਲਾ ਕਰਨ ਵਾਲੀ ਨਵੀਂ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਸਕੂਲ ਦੇ ਸਟਾਫ਼ ਵਲੋਂ ਸਭ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਬੱਚਿਆਂ ਦੀ ਰਜਿਸਟਰੇਸ਼ਨ ਕਰਵਾ ਕੇ ਗੁਰੂ ਦੀਆਂ ਬਖ਼ਸ਼ਿਸ਼ਾਂ ਨਾਲ ਝੋਲੀਆਂ ਭਰੀਏ ਅਤੇ ਬੱਚਿਆਂ ਦਾ ਭਵਿੱਖ ਉਸਾਰੂ ਤੇ ਸੁਨਿਹਰੀ ਬਣਾਈਏ। ਹਰ ਬੱਚੇ ਨੂੰ ਪੰਜਾਬੀ ਲਿਖਣੀ, ਪੜ੍ਹਨੀ ਤੇ ਬੋਲਣੀ ਲਾਜ਼ਮੀ ਆਉਣੀ ਚਾਹੀਦੀ ਹੈ, ਇਹ ਹਰ ਬੱਚੇ ਦਾ ਬੁਨਿਆਦੀ ਹੱਕ ਹੈ ਤੇ ਅਸੀਂ ਇਹਨਾਂ ਦਾ ਬਣਦਾ ਹੱਕ ਦੇ ਕੇ ਆਪਣਾ ਫਰਜ਼ ਪੂਰਾ ਕਰੀਏ।