ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵੱਲੋਂ ਭਾਈ ਅਵਤਾਰ ਸਿੰਘ ਅਤੇ ਸਾਥੀਆਂ ਨੂੰ ਨਿੱਘੀ ਵਿਦਾਇਗੀ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵੱਲੋਂ ਭਾਈ ਅਵਤਾਰ ਸਿੰਘ ਅਤੇ ਸਾਥੀਆਂ ਨੂੰ ਨਿੱਘੀ ਵਿਦਾਇਗੀ

ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਲੰਘੇ ਐਤਵਾਰ ਸਥਾਨਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਸਮੂਹ ਸੰਗਤ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਨ੍ਹਾਂ ਦੀਵਾਨਾਂ ਦੌਰਾਨ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਨੇ ਲਗਤਾਰ ਤੇਰ੍ਹਾਂ ਸਾਲ ਸੇਵਾਂ ਨਿਭਾਉਣ ਮਗਰੋਂ ਸੰਗਤ ਤੋਂ ਵਿਦਾਇਗੀ ਲਈ। ਉਨ੍ਹਾਂ ਦੇ ਨਾਲ ਭਾਈ ਰਣਜੀਤ ਸਿੰਘ ਅਤੇ ਭਾਈ ਵਰਿੰਦਰ ਸਿੰਘ ਨੂੰ ਵੀ ਸੇਵਾ ਮੁਕਤ ਕੀਤਾ ਗਿਆ। ਦੀਵਾਨ ਹਾਲ ਵਿੱਚ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਵਿੱਚ ਭਾਈ ਅਵਤਾਰ ਅਤੇ ਸਾਥੀਆਂ ਨੂੰ ਸਿਰੋਪਓ ਭੇਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਸਹਿਬ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ। ਇਹ ਪਹਿਲੀ ਵਾਰ ਹੋਇਆ ਕਿ ਫਰਿਜ਼ਨੋ ਇਲਾਕੇ ਦੇ ਸਮੂਹ ਗੁਰੂਘਰਾਂ ਦੇ ਪ੍ਰਬੰਧਕਾਂ ਵੱਲੋਂ ਭਾਈ ਅਵਤਾਰ ਸਿੰਘ ਅਤੇ ਸਾਥੀਆਂ ਪ੍ਰਤੀ ਸਨੇਹ ਪ੍ਰਗਟਾਉਣ ਲਈ ਵੱਖਰੇ ਤੌਰ ‘ਤੇ ਸਿਰੋਪਾਓ ਭੇਜੇ ਗਏ ਹੋਣ। ਇਸ ਮੌਕੇ ਸੰਗਤਾਂ ਨੂੰ ਮੁਖਾਤਬ ਹੁੰਦਿਆਂ ਭਾਈ ਅਵਤਾਰ ਸਿੰਘ ਨੇ ਕਿਹਾ ਕਿ ਭਰਿਆ ਪਰਿਵਾਰ ਛੱਡ ਕੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਨਿੱਜੀ ਕੰਮਾਂ ਕਾਰਾਂ ਕਰਕੇ ਵਿਦਾਇਗੀ ਲੈਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤੇਰ੍ਹਾਂ ਸਾਲਾਂ ਦੌਰਾਨ ਸੰਗਤ ਵੱਲੋਂ ਬੇਹੱਦ ਪਿਆਰ ਸਤਿਕਾਰ ਮਿਲਿਆ ਜਿਸ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ। ਉਨ੍ਹਾਂ ਅਖੀਰ ਵਿੱਚ ਗੁਰੂਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦਾ ਧੰਨਵਾਦ ਕੀਤਾ। ਭਾਈ ਅਵਤਾਰ ਸਿੰਘ ਦੀ ਵਿਦਾਇਗੀ ਨੂੰ ਲੈ ਕੇ ਸੰਗਤਾਂ ਵਿੱਚ ਉਦਾਸੀ ਦਾ ਆਲਮ ਵੇਖਣ ਨੂੰ ਮਿਲਿਆ।