ਨਿੱਕੀ ਹੇਲੀ ਹੋਵੇਗੀ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ

ਨਿੱਕੀ ਹੇਲੀ ਹੋਵੇਗੀ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲਾਈਨਾ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੇਲੀ ਨੂੰ ਆਪਣੀ ਹਕੂਮਤ ਦੌਰਾਨ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਆਈਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਿਪਬਲਿਕਨ ਪਾਰਟੀ ਨਾਲ ਸਬੰਧਤ 44 ਸਾਲਾ ਬੀਬੀ ਹੇਲੀ ਨੇ ਇਸ ਕੈਬਨਿਟ ਰੁਤਬੇ ਵਾਲੇ ਅਹੁਦੇ ਲਈ ਸ੍ਰੀ ਟਰੰਪ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਸੀ। ਬੀਬੀ ਹੇਲੀ ਅਮਰੀਕਾ ਵਿੱਚ ਕੈਬਨਿਟ ਰੁਤਬਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਆਗੂ ਹੋਵੇਗੀ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਇਹ ਕੈਬਨਿਟ ਰੈਂਕ ਵਾਲਾ ਅਹੁਦਾ ਮਿਲਣ ਨਾਲ ਉਸ ਦਾ ਸਿਆਸੀ ਰੁਤਬਾ ਹੋਰ ਉੱਚਾ ਹੋਵੇਗਾ, ਜਿਸ ਨੂੰ ਰਿਪਬਲਿਕਨ ਪਾਰਟੀ ਦੀ ਇਕ ਉਭਰਦੀ ਵੱਡੀ ਆਗੂ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਇਹ ਅਹੁਦਾ ਦੇਣ ਦੀ ਸ੍ਰੀ ਟਰੰਪ ਦੀ ਯੋਜਨਾ ਬਾਰੇ ਸਾਊਥ ਕੈਰੋਲਾਈਨਾ ਦੇ ਮੁੱਖ ਅਖ਼ਬਾਰ ‘ਪੋਸਟ ਐਂਡ ਕੁਰੀਅਰ’ ਨੇ ਵੀ ਰਿਪੋਰਟ ਛਾਪੀ ਸੀ। ਉਹ ਛੇ ਸਾਲ ਪਹਿਲਾਂ ਸਾਊਥ ਕੈਰੋਲਾਈਨਾ ਦੀ ਪਹਿਲੀ ‘ਮਹਿਲਾ ਤੇ ਘੱਟ-ਗਿਣਤੀ ਨਾਲ ਸਬੰਧਤ’ ਗਵਰਨਰ ਬਣੀ ਸੀ, ਜਿਸ ਨੇ ਗਵਰਨਰ ਵਜੋਂ ਵਪਾਰ ਤੇ ਕਿਰਤ ਮੁੱਦਿਆਂ ਉਤੇ ਕਾਫ਼ੀ ਕੰਮ ਕੀਤਾ ਹੈ, ਪਰ ਉਸ ਦਾ ਵਿਦੇਸ਼ ਨੀਤੀ ਸਬੰਧੀ ਬਹੁਤਾ ਤਜਰਬਾ ਨਹੀਂ ਹੈ। ਬੀਬੀ ਹੇਲੀ ਦੀ ਪਿਛਲੇ ਦਿਨੀਂ ਨਿਊਯਾਰਕ ਸਥਿਤ ਟਰੰਪ ਟਾਵਰ ਵਿੱਚ ਸ੍ਰੀ ਟਰੰਪ ਨਾਲ ਮੁਲਾਕਾਤ ਹੋਈ ਸੀ। ਇਹ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਹੀ ਹਿੱਸਾ ਸੀ। ਗ਼ੌਰਤਲਬ ਹੈ ਕਿ ਕੈਬਨਿਟ ਰੁਤਬੇ ਵਾਲੀਆਂ ਨਿਯੁਕਤੀਆਂ ਨੂੰ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੀ ਮਨਜ਼ੂਰੀ ਮਿਲਣੀ ਲਾਜ਼ਮੀ ਹੁੰਦੀ ਹੈ।