ਹਾਰਵਰਡ ਲਾਅ ਸਕੂਲ ਦੇ ਸਿੱਖ ਵਿਦਿਆਰਥੀ ਨਾਲ ਬਦਸਲੂਕੀ

ਹਾਰਵਰਡ ਲਾਅ ਸਕੂਲ ਦੇ ਸਿੱਖ ਵਿਦਿਆਰਥੀ ਨਾਲ ਬਦਸਲੂਕੀ

ਮੁਸਲਮਾਨ ਸਮਝ ਕੇ ਕੀਤਾ ਪ੍ਰੇਸ਼ਾਨ
ਬੋਸਟਨ/ਬਿਊਰੋ ਨਿਊਜ਼ :
ਪ੍ਰਸਿੱਧ ਹਾਰਵਰਡ ਲਾਅ ਸਕੂਲ ਵਿੱਚ ਪੜ੍ਹ ਰਹੇ 22 ਸਾਲਾ ਸਿੱਖ ਨੂੰ ਗਲਤੀ ਨਾਲ ਮੁਸਲਮਾਨ ਸਮਝ ਕੇ ਕੈਂਪਸ ਨੇੜਲੇ ਸਟੋਰ ਵਿੱਚ ਇਕ ਵਿਅਕਤੀ ਨੇ ਉਸ ਨਾਲ ਬਦਸਲੂਕੀ ਕੀਤੀ। ਇਸ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਹਰਮਨ ਸਿੰਘ ਜਦੋਂ ਕੈਂਬਰਿਜ ਦੇ ਸਟੋਰ ਵਿੱਚ ਖਰੀਦਦਾਰੀ ਕਰ ਰਿਹਾ ਸੀ ਤਾਂ ਉਸ ਨੂੰ ਮਾਂ ਦਾ ਫੋਨ ਆ ਗਿਆ। ਜਦੋਂ ਉਹ ਫੋਨ ਉਤੇ ਗੱਲ ਕਰ ਰਿਹਾ ਸੀ ਤਾਂ ਇਕ ਵਿਅਕਤੀ ਆਇਆ ਅਤੇ ਉਸ ਨੇ ਕਾਊਂਟਰ ਪਿੱਛੇ ਖੜ੍ਹੇ ਕਲਰਕ ਨਾਲ ਗੱਲਬਾਤ ਦੌਰਾਨ ਗਾਲ੍ਹ ਵਜੋਂ ਕਿਹਾ ਕਿ ”ਦੇਖੋ ਉਧਰ ਇਕ ਮੁਸਲਮਾਨ ਹੈ।”
‘ਦਿ ਬੋਸਟਨ ਗਲੋਬ’ ਵਿੱਚ ਲਿਖੇ ਆਪਣੇ ਤਜਰਬੇ ਬਾਰੇ ਹਰਮਨ ਸਿੰਘ ਨੇ ਕਿਹਾ, ”ਉਹ ਵਿਅਕਤੀ ਸਟੋਰ ਵਿੱਚ ਵੀ ਮੇਰੇ ਮਗਰ ਘੁੰਮਦਾ ਰਿਹਾ ਅਤੇ ਪੁੱਛਦਾ ਰਿਹਾ ਕਿ ਮੈਂ ਕਿਹੜੀ ਥਾਂ ਨਾਲ ਸਬੰਧਤ ਹਾਂ। ਸਟੋਰ ਵਿੱਚ ਕਿਸੇ ਨੇ ਵੀ ਉਸ ਨੂੰ ਨਹੀਂ ਰੋਕਿਆ। ਇਸ ਦੌਰਾਨ ਮੈਂ ਸਾਰਾ ਸਮਾਂ ਫੋਨ ਉਤੇ ਆਪਣੀ ਮਾਂ ਨਾਲ ਗੱਲ ਕਰਦਾ ਰਿਹਾ ਅਤੇ ਅਸੀਂ ਦੋਵੇਂ (ਮੈਂ ਤੇ ਮੇਰੀ ਮਾਂ) ਕਾਫ਼ੀ ਡਰ ਗਏ ਸਾਂ ਕਿਉਂਕਿ ਉਹ ਵਿਅਕਤੀ ਮੇਰੇ ਤੋਂ ਕੁਝ ਇੰਚ ਹੀ ਦੂਰ ਖੜ੍ਹਾ ਸੀ।” ਬਫਲੋ (ਨਿਊਯਾਰਕ) ਨਾਲ ਸਬੰਧਤ ਹਰਮਨ ਸਿੰਘ ਨੇ ਕਿਹਾ ਕਿ ਉਹ ਵਿਅਕਤੀ ਸਟੋਰ ਤੋਂ ਬਾਹਰ ਨਿਕਲਣ ਤੱਕ ਉਸ ਦੇ ਮਗਰ ਪਿਆ ਰਿਹਾ। ਉਸ ਨੇ ਲਿਖਿਆ ਕਿ ”ਮੈਂ ਉਸ ਨੂੰ ਦੱਸਿਆ ਕਿ ਮੈਂ ਨਿਊਯਾਰਕ ਤੋਂ ਹਾਂ ਅਤੇ ਇੱਥੇ ਹੀ ਰਹਿੰਦਾ ਹਾਂ। ਜੇ ਉਸ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਂ ਮਦਦ ਕਰ ਸਕਦਾ ਹਾਂ।” ਇਸ ਮਗਰੋਂ ਉਸ ਵਿਅਕਤੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਹਰਮਨ ਸਿੰਘ ਕਾਹਲੀ ਨਾਲ ਸਟੋਰ ਵਿੱਚੋਂ ਨਿਕਲ ਗਿਆ।