ਸਿਟੀ ਆਫ਼ ਫਰੀਮਾਂਟ ਨੇ ਨਵੰਬਰ ਨੂੰ ਸਿੱਖ ਜਾਗਰੂਕਤਾ ਮਹੀਨਾ ਐਲਾਨਿਆ

ਸਿਟੀ ਆਫ਼ ਫਰੀਮਾਂਟ ਨੇ ਨਵੰਬਰ ਨੂੰ ਸਿੱਖ ਜਾਗਰੂਕਤਾ ਮਹੀਨਾ ਐਲਾਨਿਆ

ਸਿੱਖਾਂ ਵਲੋਂ ਭਾਈਚਾਰਕ ਸਾਂਝਾਂ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਦੇ ਰਹਿਣ ਦਾ ਅਹਿਦ
ਫਰੀਮਾਂਟ/ਬਿਊਰੋ ਨਿਊਜ਼:
ਸਿਟੀ ਕੌਂਸਲ ਆਫ਼ ਫਰੀਮਾਂਟ ਨੇ ਨਵੰਬਰ 2016 ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਮੇਅਰ ਬਿੱਲ ਹੈਰੀਸਨ ਦੇ ਦਸਤਖਤਾਂ ਹੇਠ ਜਾਰੀ ਐਲਾਨ ਅਨੁਸਾਰ ਅਮਰੀਕੀ ਸਮਾਜ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰਖਦਿਆਂ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੂੰ ਸਿੱਖਾਂ ਦੇ ਸਭਨਾਂ ਵਰਗਾਂ ਅਤੇ ਧਰਮਾਂ ਪ੍ਰਤੀ ਸਹਿਯੋਗ ਅਤੇ ਸਦਭਾਵਨਾ ਵਾਲੇ ਸਿਧਾਂਤਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਵਲੋਂ 100 ਸਾਲ ਪਹਿਲਾਂ 20ਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਆਉਣ ਬਾਅਦ ਖੇਤੀ ਫਾਰਮਾਂ, ਆਰਾਂ ਮਿੱਲਾਂ, ਖਾਣਾਂ ਵਿੱਚ ਕੰਮ ਕਰਨ ਤੋਂ ਇਲਾਵਾ ਓਰੇਗਨ, ਪੈਸੇਫਿਕ ਅਤੇ ਈਸਟਰਨ ਰੇਲ ਲਾਈਨ ਵਿਛਾਉਣ ਦੇ ਪ੍ਰਾਜੈਕਟਾਂ ਉੱਤੇ ਕੰਮ ਕਰਦਿਆਂ ਅਮਰੀਕਾ ਦੇ ਬਹੁਪੱਖੀ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ ਗਿਆ ਹੈ।
ਅੱਜ 5ਵੇਂ ਵੱਡੇ ਧਰਮ ਵਜੋਂ ਦੁਨੀਆ ਵਿੱਚ ਸਿੱਖਾਂ ਦਾ ਵਿਸ਼ੇਸ਼ ਸਥਾਨ ਅਤੇ ਪਹਿਚਾਣ ਹੈ। 23 ਮਿਲੀਅਨ ਤੋਂ ਵੱਧ ਸਿੱਖ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੇ ਹਨ। ਇਕੱਲੇ ਅਮਰੀਕਾ ਵਿੱਚ 250,000 ਦੇ ਕਰੀਬ ਸਿੱਖ ਹਨ ਜਿਨ੍ਹਾਂ ਵਿਚੋਂ 40 ਪ੍ਰਤੀਸ਼ਤ ਦੇ ਕਰੀਬ ਇਕੱਲੇ ਕੈਲੀਫੋਰਨੀਆ ਵਿੱਚ ਹਨ।
ਅਮਰੀਕਾ ਦੇ ਆਰਥਿਕ, ਸਭਿਆਚਾਰਕ, ਸਮਾਜਕ ਖੇਤਰ ਵਿੱਚ ਅਪਣੀ ਵਿਸ਼ੇਸ਼ ਥਾਂ ਅਤੇ ਯੋਗਦਾਨ ਦੇ ਨਾਲ ਸਿੱਖ ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਸ਼ਾਮਲ ਹੋ ਕੇ ਕੁਰਬਾਨੀਆਂ ਦੇਣ ਵਿੱਚ ਵੀ ਕਿਸੇ ਤੋਂ ਘੱਟ ਨਹੀਂ। ਇਸੇ ਸਦਕਾ ਸਿੱਖ ਅਮਰੀਕੀ ਸਮਾਜ ਵਿੱਚ ਸਤਿਕਾਰਤ ਥਾਂ ਰਖਦੇ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਪਹਿਚਾਣ, ਵਿਰਸੇ, ਇਤਿਹਾਸ ਅਤੇ ਪੰਜਾਬੀ ਭਾਸ਼ਾ ਸਬੰਧੀ ਅਮਰੀਕੀ ਪ੍ਰਸ਼ਾਸ਼ਨ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਡਾ. ਓਂਕਾਰ ਸਿੰਘ ਬਿੰਦਰਾ, ਹਰਜੀਤ ਕੌਰ (ਕਮਿਉਨਿਟੀ ਡਿਵੈਲਪਮੈਂਟ ਮੈਨੇਜਰ ਸਿੱਖ ਕੋਲੀਸ਼ਨ), ਸਾਊਥ ਏਸ਼ੀਅਨ ਹਿਸਟਰੀਜ਼ ਫਾਰਆਲ ਕਲੀਸ਼ਨ, ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ, ਰਾਜ ਦੀ ਅਸੈਂਬਲੀ ਦੇ ਮੈਂਬਰਾਂ, ਸਿੱਖ ਅਮਰੀਕਨ ਲੀਗਲ ਐਂੇਡ ਐਜੂਕੇਸ਼ਨ ਫੰਡ ਅਤੇ ਹੋਰਨਾਂ ਜਥੇਬੰਦੀਆਂ, ਸੰਸਥਾਵਾਂ ਅਤੇ ਸਖ਼ਸ਼ੀਅਤਾਂ ਨੇ ਲਗਾਤਾਰ ਕੋਸ਼ਿਸ਼ਾਂ ਰਾਹੀਂ ਕੀਤੀਆਂ ਹਨ । ਇਨ੍ਹਾਂ ਨੇ ਸਿੱਖ ਪਹਿਚਾਣ ਦੇ ਨਾਲ ਨਾਲ ਅਰਬ, ਮੁਸਲਿਮ ਅਤੇ ਹੋਰਨਾਂ ਭਾਈਚਾਰੇ ਦੇ ਲੋਕਾਂ, ਸਿੱਖ ਮੁਸਲਿਮ ਅਤੇ ਦੱਖਣ ਏਸ਼ੀਅਨ ਵਿਦਿਆਰਥੀਆਂ ਨਾਲ ਨਸਲੀ ਵਿਤਕਰੇ ਤੇ ਹਿੰਸਾ ਨੂੰ ਰੋਕਣ ਲਈ ਯਤਨ ਜਾਰੀ ਰੱਖੇ ਹੋਏ ਹਨ। ਸਿੱਖ ਜਾਗਰੂਕਤਾ ਮਹੀਨਾ ਇਨ੍ਹਾਂ ਹੀ ਯਤਨਾਂ ਨੂੰ ਜਾਰੀ ਰੱਖਣ ਦਾ ਉੁਪਰਾਲਾ ਹੈ।
ਬੇਅ ਏਰੀਏ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਮੇਅਰ ਸਮੇਤ ਸਿਟੀ ਕੌਂਸਲ ਆਫ਼ ਫਰੀਮਾਂਟ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਹੈ ਸਿੱਖ ਅਮਰੀਕੀ ਸਮਾਜ ਦੇ ਅਟੁੱਟ ਅੰਗ ਵਜੋਂ ਸਦਾ ਭਾਈਚਾਰਕ ਸਾਂਝਾਂ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਦੇ ਰਹਿਣਗੇ।