ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਫਰੀਮਾਂਟ/ਬਿਊਰੋ ਨਿਉਜ਼:
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਲੰਘੇ ਸੋਮਵਾਰ 14 ਨਵੰਬਰ 2016 ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ। ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ। ਸੋਮਵਾਰ ਸ਼ਾਮੀਂ 4:00 ਵਜੇ ਅਖੰਡ ਪਾਠਾਂ ਦੀ ਸੰਪੂਰਨਤਾ ਹੋਈ। ਉਪਰੰਤ ਕੌਮ ਦੀ ਚੜ੍ਹਦੀ ਅਤੇ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਫਰੀਮਾਂਟ ਦੀਆਂ ਸੰਗਤਾਂ ਨੇ 45 ਸਹਿਜ ਪਾਠ ਪ੍ਰਾਰੰਭ ਕੀਤੇ, ਜਿਨ੍ਹਾਂ ਦੀ ਸੰਪੂਰਨਤਾ 2017 ਵਿਚ ਖਾਲਸੇ ਦੇ ਸਾਜਨੇ ਦਿਵਸ ਵਾਲੇ ਦਿਨ ਹੋਵੇਗੀ। ਸ਼ਾਮ ਦੇ ਵਿਸ਼ੇਸ਼ ਦੀਵਾਨ ਸ਼ਾਮੀ 4:00 ਵਜੇ ਤੋਂ ਲੈ ਕੇ ਰਾਤੀਂ 10:00 ਵਜੇ ਤੱਕ ਸਜਾਏ ਗਏ। ਪਰੰਤੂ ਸਾਰਾ ਦਿਨ ਸੰਗਤਾਂ ਦੀ ਆਮਦ ਨਿਰੰਤਰ ਜਾਰੀ ਰਹੀ।
ਗੁਰੂ ਕੇ ਕੀਰਤਨੀ ਜਥਿਆਂ, ਭਾਈ ਗੁਰਪ੍ਰੀਤ ਸਿੰਘ, ਪ੍ਰੋਦਲਵੀਰ ਸਿੰਘ ਅਤੇ ਖਾਲਸਾ ਸਕੂਲ ਦੇ ਬੱਚਿਆਂ ਨੇ ਹਾਜ਼ਰੀ, ਉਥੇ ਹੀ ਭਾਈ ਸੁਰਜੀਤ ਸਿੰਘ ਮਜ਼ਬੂਰ ਦੇ ਕੀਰਤਨੀ ਜਥੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਦੇ ਕੀਰਤਨੀ ਜਥੇ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਰਧਾਰਿਤ ਰਾਗਾਂ ਤੇ ਕੀਰਤਨ ਸਰਵਣ ਕਰਾਇਆ।
ਇਸ ਤੋਂ ਇਲਾਵਾ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਾਹਿਬ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਅੰਦਰ ਗੁਰਬਾਣੀ ਦੀ ਰੌਸ਼ਨੀ ਵਿਚ ਗੁਰੂ ਪਾਤਸ਼ਾਹ ਦਾ ਜੀਵਨ, ਉਨ੍ਹਾਂ ਵੱਲੋਂ ਮਨੁੱਖਤਾ ਲਈ ਕੀਤੇ ਹੋਏ ਪਰਉਪਕਾਰ ਸਾਝੇ ਕਰਦਿਆਂ, ਗੁਰੂ ਪਾਤਸ਼ਾਹ ਵੱਲੋਂ ਦੱਸੇ ਹੋਏ ਸਿਧਾਂਤਾਂ ਤੇ ਚੱਲਣ ਦੀ ਪ੍ਰੇਰਨਾ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਦਿੱਤੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 31 ਰਾਗਾਂ ਤੇ ਅਧਾਰਿਤ ਪ੍ਰੋ. ਦਲਵੀਰ ਸਿੰਘ ਵੱਲੋਂ ਲਿਖੀ ਪੁਸਤਕ ‘ਗੁਰਮਤਿ ਸੰਗੀਤ ਰਤਨਾਵਲੀ’ ਪੁਸਤਕ ਡਾ. ਗੁਰਨਾਮ ਸਿੰਘ ਵੱਲੋਂ ਰਿਲੀਜ਼ ਕੀਤੀ ਗਈ।
ਗੁਰੂ ਦੀਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਰਾਜਾ ਸਵੀਟਸ ਅਤੇ ਕਬੀਲਾ ਰੈਸਟੋਰੈਂਟ ਵੱਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦੀ ਸੇਵਾ ਕੀਤੀ ਗਈ।
Comments (0)