ਸਿੱਖ ਰਿਲੀਜੀਅਸ ਸੁਸਾਇਟੀ ਵਲੋਂ ਸਾਲਵੇਸ਼ਨ ਆਰਮੀ ‘ਚ ਪਾਏ ਯੋਗਦਾਨ ਲਈ ਮੇਜਰ ਨੈਨਸੀ ਦਾ ਸਨਮਾਨ

ਸਿੱਖ ਰਿਲੀਜੀਅਸ ਸੁਸਾਇਟੀ ਵਲੋਂ ਸਾਲਵੇਸ਼ਨ ਆਰਮੀ ‘ਚ ਪਾਏ ਯੋਗਦਾਨ ਲਈ ਮੇਜਰ ਨੈਨਸੀ ਦਾ ਸਨਮਾਨ

ਸ਼ਿਕਾਗੋ/ਬਿਊਰੋ ਨਿਊਜ਼ :
ਸਿੱਖ ਰਿਲੀਜੀਅਸ ਸੁਸਾਇਟੀ ਆਫ਼ ਪੈਲਾਟਾਈਨ, ਇਲੀਨੋਇ ਨੇ ਸਾਲਵੇਸ਼ਨ ਆਰਮੀ ਵਿਚ ਪਾਏ ਅਹਿਮ ਯੋਗਦਾਨ ਅਤੇ ਪ੍ਰਤੀਬੱਧਤਾ ਲਈ ਮੇਜਰ ਨੈਨਸੀ ਬੀ. ਪਾਵਰਜ਼ ਦਾ ਸਨਮਾਨ ਕੀਤਾ। ਉਨ੍ਹਾਂ ਸਿੱਖ ਭਾਈਚਾਰੇ ਵਲੋਂ ਇਹ ਸਨਮਾਨ ਦਿੱਤਾ ਗਿਆ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਮੇਜਰ ਨੈਨਸੀ ਨੇ ਕਿਹਾ, ‘ਉਹ ਸਿੱਖ ਪਛਾਣ ਦੇ ਮੁੱਦੇ ਤੋਂ ਜਾਣੂ ਹੈ। ਜਦੋਂ ਉਹ ਸਿੱਖਾਂ ਦੇ ਸੰਪਰਕ ਵਿਚ ਆਈ ਤਾਂ ਉਸ ਨੇ ਸਿੱਖਾਂ ਦੇ ਸੇਵਾ ਭਾਵਨਾ ਵਾਲਾ ਵਤੀਰੇ ਤੋਂ ਬਹੁਤ ਪ੍ਰਭਾਵਤ ਹੋਈ। ਉਹ ਸਿੱਖ ਧਰਮ ਬਾਰੇ ਵੀ ਜਾਣਨਾ ਚਾਹੁੰਦੀ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਸਿੱਖਾਂ ਦੇ ਅਸਲ ਸੇਵਾ ਭਾਵਨਾ ਵਾਲੇ ਕਿਰਦਾਰ ਬਾਰੇ ਅਮਰੀਕੀ ਜਾਣ ਸਕਣ।’ ਜ਼ਿਕਰਯੋਗ ਹੈ ਕਿ ਸਾਲਵੇਸ਼ਨ ਆਰਮੀ 1972 ਵਿਚ ਹੋਂਦ ‘ਚ ਆਈ ਸੀ ਜੋ ਸੰਸਾਰ ਭਰ ਵਿਚ ਲੋੜਵੰਦਾਂ ਨੂੰ ਭੋਜਨ, ਕੱਪੜੇ, ਸਿਹਤ ਸਹੂਲਤਾਂ, ਦਵਾਈਆਂ ਵਗੈਰਾ ਮੁਹੱਈਆ ਕਰਵਾਉਂਦੀ ਹੈ। ਸ਼ਿਕਾਗੋ ਦੇ ਸਿੱਖ 1992 ਵਿਚ ਟੋਮ ਸੇਅ ਸਾਲਵੇਸ਼ਨ ਆਰਮੀ ਸੈਂਟਰ ਨਾਲ ਜੁੜੇ ਸਨ। ਮਨੁੱਖਤਾ ਦੀ ਸੇਵਾ ਲਈ ਜੋ ਕੁਝ ਸਾਲਵੇਸ਼ਨ ਆਰਮੀ ਵਲੋਂ ਕੀਤਾ ਜਾਂਦਾ ਹੈ, ਉਹੀ ਕੁਝ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਕਿਵੇਂ ਲੋੜਵੰਦਾਂ ਅਤੇ ਮਨੁੱਖਤਾ ਦੀ ਸੇਵਾ ਕਰਨੀ ਹੈ।
ਸਿੱਖ ਰਿਲੀਜੀਅਸ ਸੁਸਾਇਟੀ ਨੇ ਉਨ੍ਹਾਂ ਸਾਰੇ ਪਰਿਵਾਰਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਜੋ 1992 ਤੋਂ ਉਨ੍ਹਾਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਟੋਮ ਸੇਅ ਸਾਲਵੇਸ਼ਨ ਆਰਮੀ ਸੈਂਟਰ 2008 ਵਿਚ ਬੰਦ ਹੋ ਗਿਆ ਸੀ। ਇਹ ਸੰਸਥਾ 2008 ਤਕ ਥੈਂਕਸਗਿਵਿੰਗ ਅਤੇ ਕ੍ਰਿਸਮਸ ‘ਤੇ ਲੋੜਵੰਦਾਂ ਦੀ ਮਦਦ ਕਰਦੀ ਰਹੀ ਹੈ। ਸਾਲਵੇਸ਼ਨ ਆਰਮੀ ਦੀ ਨਵੀਂ ਸਥਾਪਨਾ 1515 ਵੈਸਟ ਮੋਨਰੇ ਸਟਰੀਟ, ਸ਼ਿਕਾਗੋ ਵਿਖੇ ਕੀਤੀ ਗਈ।  ਸਿੱਖਾਂ ਨੇ 2014 ਵਿਚ ਮੁੜ ਆਪਣੀਆਂ ਸੇਵਾਵਾਂ ਬਹਾਲ ਕਰਦਿਆਂ ਥੈਂਕਸਗਿਵਿੰਗ ਅਤੇ ਕ੍ਰਿਸਮਸ ਮੌਕੇ ਇਸ ਨਵੀਂ ਥਾਂ ‘ਤੇ ਖਾਣੇ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਸਿੱਖ ਰਲੀਜੀਅਸ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਲਈ ਇਕ ਦਾਨ-ਪੱਤਰ ਵੀ ਲਾਇਆ ਗਿਆ ਹੈ। ਇਸ ਬਕਸੇ ਦਾ ਅੱਧਾ ਪੈਸਾ ਸਾਲਵੇਸ਼ਨ ਆਰਮੀ ਅਤੇ ਅੱਧਾ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਨੂੰ ਦਿੱਤਾ ਜਾਂਦਾ ਹੈ। ਸਿੱਖ ਰਿਲੀਜੀਅਸ ਸੁਸਾਇਟੀ ਨੇ ਆਪਣੇ ਸਾਰੇ ਮੈਂਬਰਾਂ ਅਤੇ ਸਿੱਖ ਸੰਸਥਾਵਾਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸੁਸਾਇਟੀ ਦੇ ਸਰਵਨ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਥੈਂਕਸਗਿਵਿੰਗ 24 ਨਵੰਬਰ ਨੂੰ ਆ ਰਿਹਾ ਹੈ ਅਤੇ ਇਸ ਦਿਨ ਸਿੱਖ ਸਵੇਰੇ 9 : 30 ਵਜੇ ਹਾਰਬਰ ਲਾਈਟ ਸੈਂਟਰ 1515 ਵੈਸਟ ਮੋਨਰੇ ਸਟਰੀਟ, ਸ਼ਿਕਾਗੋ, ਇਲਿਨੋਇ 60607 ਵਿਖੇ ਇਕੱਤਰ ਹੋਣਗੇ। ਜੇਕਰ ਕੋਈ ਇਸ ਵਿਚ ਸ਼ਿਰਕਤ ਕਰਨਾ ਚਾਹੁੰਦਾ ਹੈ ਤਾਂ 224-628-5522 ਜਾਂ 847-358-1117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।