ਰਾਸ਼ਟਰਪਤੀ ਚੋਣ ਦੇ ਨਤੀਜਿਆਂ ਤੋਂ ਸਿੱਖ ਭਾਈਚਾਰਾ ਚਿੰਤਤ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਵਲੋਂ ਸੁਚੇਤ ਰਹਿਣ ਦੀ ਅਪੀਲ

ਰਾਸ਼ਟਰਪਤੀ ਚੋਣ ਦੇ ਨਤੀਜਿਆਂ ਤੋਂ ਸਿੱਖ ਭਾਈਚਾਰਾ ਚਿੰਤਤ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਵਲੋਂ ਸੁਚੇਤ ਰਹਿਣ ਦੀ ਅਪੀਲ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਅਮਰੀਕੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ‘ਤੇ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਚੋਣ ਨਤੀਜੇ ਅਣਕਿਆਸੇ ਹਨ ਤੇ ਕਈਆਂ ਲਈ ਹੈਰਾਨ ਕਰਨ ਵਾਲੇ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈਕੇ ਘੱਟ ਗਿਣਤੀਆਂ ਵਿਚ ਕਾਫੀ ਚਿੰਤਾ ਹੈ ਖਾਸ ਕਰਕੇ ਰੰਗ ਭੇਦ ਵਾਲੇ ਲੋਕਾਂ ਵਿਚ। ਉਨ੍ਹਾਂ ਨੇ ਕਿਹਾ ਕਿ ਆਪਣੇ ਚੋਣ ਪ੍ਰਚਾਰ ਦੌਰਾਨ ਹੀ ਡੋਨਾਲਡ ਟਰੰਪ ਨੇ ਕਈ ਨਸਲੀ ਤੇ ਘੱਟ ਗਿਣਤੀਆਂ ਵਿਰੁੱਧ ਬਿਆਨ ਦਿੱਤੇ ਹਨ ਜਿਸ ਨਾਲ ਉਹ ਕਾਫੀ ਚਿੰਤਤ ਸਨ ਤੇ ਇਸ ਨਤੀਜੇ ਨੇ ਸਿੱਖ ਮਨਾਂ ਨੂੰ ਸੁੰਨ ਕਰ ਦਿੱਤਾ ਹੈ।
ਸੰਸਥਾ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ 9-11 ਦੀ ਖੌਫਨਾਕ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ  ਨੂੰ ਅਕਸਰ ਨਫਰਤੀ ਅਪਰਾਧ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਤੇ ਇਸ ਚੋਣ ਪ੍ਰਚਾਰ ਦੌਰਾਨ ਮੁਸਲਿਮ ਵਿਰੋਧੀ ਬਿਆਨਾਂ ਨਾਲ ਤਾਂ ਪਿਛਲੇ 15 ਮਹੀਨਿਆਂ ਵਿਚ ਹੋਰ ਵਾਧਾ ਹੋਇਆ ਹੈ। ਇਸ ਲਈ ਸਿਖ ਭਾਈਚਾਰੇ ਨੂੰ ਸੁਚੇਤ ਰਹਿਣਾ ਪਵੇਗਾ ਤੇ ਆਸ ਕਰਦੇ ਹਾਂ ਕਿ ਦੇਸ਼ ਇਸ ਵੰਡ ਪਾਊ ਮਾਹੌਲ ਤੋਂ ਉਭਰੇ। ਉਨਾਂ ਨੇ ਮੰਨਿਆ ਕਿ ਕਲਿੰਟਨ ਦੇ ਮੁਹਿੰਮ ਪੇਂਡੂ ਇਲਾਕਿਆਂ ਵਿਚ ਟਰੰਪ ਦਾ ਸਾਹਮਣਾ ਕਰਨ ਵਿਚ ਨਾਕਾਮ ਰਹੀ ਹੈ। ਕੁਝ ਲੋਕ ਹਨ ਜੋ ਕਿ 2007 ਦੀ ਮੰਦੀ ਤੋਂ ਬਾਅਦ ਅਰਥਵਿਵਸਥਾ ਦੀ ਧੀਮੀ ਚਾਲ ਤੋਂ ਨਿਰਾਸ਼ ਸਨ ਤੇ ਕਲਿੰਟਨ ਦੀ ਮੁਹਿੰਮ ਉਨ੍ਹਾਂ ਦੀ ਇਸ ਨਿਰਾਸ਼ਤਾ ਨੂੰ ਦੂਰ ਕਰਨ ਵਿਚ ਨਾਕਾਮ ਰਹੀ ਹੈ।
ਉਨਾਂ੍ਹ ਨੇ ਕਿਹਾ ਕਿ ਭਾਰਤੀ ਅਮਰੀਕੀਆਂ ਖਾਸ ਕਰਕੇ ਅਮਰੀਕੀ ਸਿੱਖਾਂ ਨੇ ਹਿਲੇਰੀ ਕਲਿੰਟਨ ਦਾ ਜ਼ੋਰਦਾਰ ਸਾਥ ਦਿੱਤਾ ਹੈ। ਮੈ ਖੁਦ ਫਿਲਾਡੈਲਫੀਆ ਵਿਚ ਸਿੱਖ ਵੋਟਰਾਂ ਵਿਚ ਹਿਲੇਰੀ ਦਾ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਸੀ। ਦੂਜੀ ਪੀੜੀ ਦੇ ਸਿੱਖ ਨੌਜਵਾਨਾਂ ਨੇ ਕਲਿੰਟਨ ਨੂੰ ਜਿਤਾਉਣ ਲਈ ਸਰਗਰਮੀ ਨਾਲ ਕੰਮ ਕੀਤਾ।
ਡਾ. ਸਿੰਘ ਨੇ ਕਿਹਾ ਕਿ ਅਸੀ ਮਹਿਸੂਸ ਕਰਦੇ ਹਾਂ ਕਿ ਡੋਨਾਲਡ ਟਰੰਪ ਦੀ ਵੰਡ ਪਾਊ ਗੱਲ ਨੇ ਦੇਸ਼ ‘ਤੇ ਨਾਂਹਪੱਖੀ ਪ੍ਰਭਾਵ ਪਾਇਆ ਹੈ। ਅਮਰੀਕਾ ਇਸ ਵੇਲੇ ਵੰਡਿਆ ਹੋਇਆ ਹੈ ਤੇ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ ਅਮਰੀਕੀ ਲੋਕ ਇਕ ਦੂਜੇ ਤੋਂ ਹੀ ਡਰਨ ਲਗ ਗਏ ਹਨ। ਰਾਸ਼ਟਰਪਤੀ ਟਰੰਪ ਨੂੰ ਦੇਸ਼ ਅਤੇ ਇਸ ਦੇ ਲੋਕਾਂ ਨੂੰ ਇਕੱਠਿਆਂ ਕਰਨਾ ਚਾਹੀਦਾ ਹੈ। ਕਾਫੀ ਮਰਹਮ ਪੱਟੀ ਦੇ ਲੋੜ ਹੈ ਤੇ ਅਸੀ ਆਸ ਕਰਦੇ ਹਾਂ ਕਿ ਉਹ ਇਸ ਤੋਂ ਉਪਰ ਉਠਣਗੇ ਤੇ ਉਨ੍ਹਾਂ ਦੀ ਅਗਵਾਈ ਵਿਚ ਭਰੋਸਾ ਪੈਦਾ ਕਰਨ ਲਈ ਰਾਹ ਤਿਆਰ ਕਰਨਗੇ। ਅਸੀ ਉਨ੍ਹਾਂ ਵਲੋਂ ਸਵਾਗਤੀ ਭਾਸ਼ਣ ਵਿਚ ਦਿੱਤੇ ਗਏ ਏਕਤਾ ਦੇ ਸੱਦੇ ਦਾ ਸਵਾਗਤ ਕਰਦੇ ਹਾਂ।
ਉਨ੍ਹਾਂ ਕਿਹਾ ਅਮਰੀਕੀ ਸਿੱਖਾਂ ਨੇ ਇਸ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ ਤੇ ਅਗੋਂ ਵੀ ਕਰਦੇ ਰਹਿਣਗੇ। ਅਸੀ ਇਸ ਦੇਸ਼ ਨੂੰ ਬੇਹੱਦ ਪਿਆਰ ਕਰਦੇ ਹਾਂ ਤੇ ਅਸੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਮਰੀਕਾ ਹਮੇਸ਼ਾ  ਇਹੋ ਜਿਹਾ ਆਜ਼ਾਦ ਮੁਲਕ ਰਹੇ ਜਿਥੇ ਸਾਰਿਆਂ ਨੂੰ ਮੌਕੇ ਮਿਲੇ ਤੇ ਪੂਰੀ ਖੁਲ ਹੋਵੇ। ਅਸੀ ਨਵੀਂ ਅਗਵਾਈ ਨਾਲ ਉਸਾਰੂ ਤੇ ਹਾਂ ਪੱਖੀ ਭੂਮਿਕਾ ਨਿਭਾਉਂਦੇ ਰਹਾਂਗੇ।