ਯੂਬਾ ਸਿਟੀ ਦੇ ਨਗਰ ਕੀਰਤਨ ਵਿਚ ਆਇਆ ਸੰਗਤਾਂ ਦਾ ਹੜ੍ਹ

ਯੂਬਾ ਸਿਟੀ ਦੇ ਨਗਰ ਕੀਰਤਨ ਵਿਚ ਆਇਆ ਸੰਗਤਾਂ ਦਾ ਹੜ੍ਹ

ਭਾਰੀ ਦੀਵਾਨ ਸਜੇ ਤੇ ਆਤਿਸ਼ਬਾਜ਼ੀ ਹੋਈ
ਯੂਬਾ ਸਿਟੀ/ਹੁਸਨ ਲੜੋਆ ਬੰਗਾ :
ਯੂਬਾ ਸਿਟੀ ਦੇ ਸਿੱਖ ਟੈਂਪਲ ਵਿਚ ਕੱਢਿਆ ਜਾਣ ਵਾਲਾ ਵਿਸ਼ਵ ਪ੍ਰਸਿੱਧ ਨਗਰ ਕੀਰਤਨ ਪੂਰੇ ਜਾਹੋ ਜਲਾਅ ਨਾਲ ਕੱਢਿਆ ਗਿਆ। ਇਸ ਵਿੱਚ ਐਤਕੀਂ ਇੱਕ ਲੱਖ ਦੇ ਕਰੀਬ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਤਾ ਗੱਦੀ ‘ਤੇ ਕੱਢੇ ਜਾਂਦੇ ਇਸ ਨਗਰ ਕੀਰਤਨ ਵਿੱਚ ਕਈ ਸੁਧਾਰ ਵੀ ਕੀਤੇ ਗਏ ਜੋ ਸ਼ਾਂਤੀ ਨਾਲ ਨੇਪੜੇ ਚੜ੍ਹੇ। ਇਸ ਨਗਰ ਕੀਰਤਨ ਦੀਆਂ ਤਿਆਰੀਆਂ ਕਰੀਬ ਇਕ ਮਹੀਨੇ ਤੋਂ ਨਵੀਂ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਸਨ। ਚੋਣ ਜਿੱਤਣ ਤੋਂ ਬਾਅਦ ਹੀ ਪ੍ਰਬੰਧਕੀ ਕਮੇਟੀ ਨੇ ਕੰਮ ਸ਼ੁਰੂ ਕਰ ਦਿੱਤਾ ਸੀ। ਅਖੀਰਲੇ ਦਿਨ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹਜ਼ਾਰਾਂ ਸੰਗਤਾਂ ਨੇ ਸ਼ਬਦ ਗਾਇਨ ਕੀਤਾ। ਵੱਖ ਵੱਖ ਰਾਗੀ ਜਥਿਆਂ ਨੇ ਮਨੋਹਰ ਬਾਣੀ ਦਾ ਕੀਰਤਨ ਕੀਤਾ। ਇਸ 37ਵੇਂ ਨਗਰ ਕੀਰਤਨ ਦੇ ਬਾਨੀ ਸ. ਦੀਦਾਰ ਸਿੰਘ ਬੈਂਸ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਖੁੱਲ੍ਹੀ ਕਾਰ ਵਿਚ ਸਵਾਰ ਹੋ ਕੇ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੂੰ ਮਿਲੇ।
ਇਸ ਤੋਂ ਇਲਾਵਾ ਵੱਖ ਵੱਖ ਹੋਰ ਫਲੋਟਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਝਾਕੀਆਂ ਕੱਢੀਆਂ ਗਈਆਂ। ਮਲਕ ਭਾਗੋ ਨਾਲ ਗੁਰੂ ਨਾਨਕ ਸਾਹਿਬ ਵਾਲਾ ਬਿਰਤਾਂਤ, ਅਮਰੀਕਨ ਰੈੱਡ ਕਰਾਸ ਦਾ ਫਲੋਟ, ਅਸੈਂਬਲੀ ਹਾਲ ਲੰਡਨ ਦਾ ਫਲੋਟ, ਗੋਲਡਨ ਟੈਂਪਲ ਦਾ ਫਲੋਟ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ ਫਲੋਟ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦੇ ਵੱਖ ਵੱਖ ਗੁਰਦੁਅਰਾ ਸਾਹਿਬਾਨਾਂ ਦੇ ਫਲੋਟਾਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਟਾਲ ‘ਤੇ ਕਾਫੀ ਗਹਿਮਾ ਗਹਿਮੀ ਦੇਖੀ ਗਈ। ਗੁਰੂ ਘਰ ਦੇ ਪ੍ਰਬੰਧਕ ਸਰਬਜੀਤ ਥਿਆੜਾ ਤੇ ਯੂਨੀਅਰ ਥਿਆੜਾ ਵਲੋਂ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ।
ਨਗਰ ਕੀਰਤਨ ਤੋਂ ਕਈ ਦਿਨ ਪਹਿਲਾਂ ਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਵਿਸ਼ੇਸ਼ ਕਵੀ ਦਰਬਾਰ, ਬੱਚਿਆਂ ਦਾ ਕੀਰਤਨ ਦਰਬਾਰ, ਢਾਡੀ ਦਰਬਾਰ, ਅਮ੍ਰਿਤ ਸੰਚਾਰ, ਨਿਸ਼ਾਨ ਸਾਹਿਬ ਦੇ ਚੋਲੇ ਬਦਲਣਾ ਤੇ ਸੈਮੀਨਾਰ ਇਸ ਨਗਰ ਕੀਰਤਨ ਦਾ ਅਭਿੰਨ ਹਿੱਸਾ ਰਹੇ। ਕਈ ਦਿਨਾਂ ਤੋਂ ਕੀਰਤਨ ਦਰਬਾਰ ਸੱਜ ਰਹੇ ਸਨ ਜਿਨ੍ਹਾਂ ਵਿਚ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ਊਨਾ ਵਾਲੇ, ਭਾਈ ਗੁਰਨਿਮਿਤ ਸਿੰਘ ਜੀ ਰਾਜ ਰੰਗੀਲਾ, ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿਤਸਰ, ਭਾਈ ਗੁਰਪ੍ਰੀਤ ਸਿੰਘ ਜੀ ਬਲੱੜਵਾਲ ਜਲੰਧਰ, ਢਾਡੀ ਚੰਚਲ ਕੌਰ ਜੱਥਾ, ਕਵੀਸ਼ਰ ਗੁਰਦੇਵ ਸਿੰਘ ਸ਼ਾਹੋਕੇ ਚੜਿਕ, ਢਾਡੀ ਨਾਭੇ ਵਾਲੀਆਂ ਬੀਬੀਆਂ ਦਾ ਜੱਥਾ, ਢਾਡੀ ਪਾਰਸ ਦਾ ਜੱਥਾ, ਰਾਗੀ ਕੁਲਵਿੰਦਰ ਸਿੰਘ, ਰਾਗੀ ਅਰਵਿੰਦਰ ਸਿੰਘ, ਦਲਵੀਰ ਸਿੰਘ, ਸੁੰਦਰ ਸਿੰਘ, ਕਥਾਕਾਰ ਪਰਮਜੀਤ ਸਿੰਘ, ਭਾਈ ਹਰਨਾਮ ਸਿੰਘ, ਭਾਈ ਦਲੀਪ ਸਿੰਘ ਤੇ ਕਥਾਕਾਰ ਭਾਈ ਤਾਰਾ ਸਿੰਘ ਤੋਂ ਇਲਾਵਾ ਸਿੱਖ ਪੰਥ ਦੇ ਉੱਚ ਕੋਟੀ ਦੇ ਰਾਗੀ ਜਥੇ, ਕਥਾਵਾਚਕ ਅਤੇ ਪ੍ਰਚਾਰਕਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਗੁਰੂ ਘਰ ਦੀ ਨਵੀਂ ਕਮੇਟੀ ਦੇ ਪ੍ਰਬੰਧਕ ਸਰਬਜੀਤ ਸਿੰਘ ਥਿਆੜਾ ਅਤੇ ਪਰਿਵਾਰ ਵਲੋਂ ਵੱਡੀ ਪੱਧਰ ‘ਤੇ ਆਤਿਸ਼ਬਾਜ਼ੀ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਬਾਹਰ ਲੁੱਕ ਪਾਉਣ ਦੀ ਸੇਵਾ ਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਥਿਆੜਾ ਪਰਿਵਾਰ ਵਲੋਂ ਕੀਤੀ ਗਈ।
ਇੱਕ ਦਿਨ ਪਹਿਲਾਂ ਸ਼ਾਮ ਦੇ ਦੀਵਾਨ ਵਿੱਚ ਵੱਖ ਵੱਖ ਸਿੱਖ ਆਗੂਆਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਭਰਵੀਆਂ ਤਕਰੀਰਾਂ ਕੀਤੀਆਂ। ਇਨ੍ਹਾਂ ਆਗੂਆਂ ਵਿਚ ਡਾ. ਅਮਰਜੀਤ ਸਿੰਘ, ਕੁਲਜੀਤ ਸਿੰਘ ਨਿੱਝਰ, ਅਮਰਦੀਪ ਸਿੰਘ, ਸ਼ਹੀਦ ਬੇਅੰਤ ਸਿੰਘ ਦੇ ਬੇਟਾ ਜਸਵਿੰਦਰ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ ਬੈਂਸ ਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਬੇਟੇ ਨੇ ਤਕਰੀਰਾਂ ਕੀਤੀਆਂ। ਸਟੇਜ ਦੀ ਕਾਰਵਾਈ ਗੁਰਮੇਜ ਸਿੰਘ ਗਿੱਲ ਤੇ ਪ੍ਰਮਿੰਦਰ ਗਰੇਵਾਲ ਨੇ ਚਲਾਈ।
ਧਾਰਮਿਕ ਸਾਹਿਤ ਦੇ ਬਹੁਤੇ ਸਟਾਲ ਵੀ ਇਸ ਵਾਰ ਦੇਖਣ ਨੂੰ ਮਿਲੇ। ਵੱਡੀ ਪੱਧਰ ‘ਤੇ ਲੱਗੇ ਕੱਪੜੇ, ਗਹਿਣਿਆਂ ਤੇ ਹੋਰ ਸਾਜ਼ੋ-ਸਾਮਾਨ ਦੇ ਸਟਾਲਾਂ ਤੋਂ ਲੋਕਾਂ ਨੇ ਹਜ਼ਾਰਾਂ ਡਾਲਰਾਂ ਦੀ ਖ਼ਰੀਦੋ ਫਰੋਖ਼ਤ ਕੀਤੀ। ਲੰਗਰ ਸੇਵਾਦਾਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਭੋਜਨ ਬਣਾਏ ਗਏ ਸਨ, ਜਿਨ੍ਹਾਂ ਦਾ ਸੁਆਦ ਅਮਰੀਕਨਾਂ, ਏਸ਼ੀਅਨ, ਫੀਜੀਅਨ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਲਿਆ। ਕੁਇੰਟਲਾਂ ਦੇ ਹਿਸਾਬ ਨਾਲ ਬਦਾਮ, ਕਾਜੂ, ਸਬਜ਼ੀ, ਫਲਾਂ ਦਾ ਇਸਤਮਾਲ ਕੀਤਾ ਗਿਆ। ਯੂਬਾ ਸਿਟੀ ਦੇ ਸਿੱਖ ਟੈਂਪਲ ਦੁਆਲੇ ਪਈ ਸੈਂਕੜੇ ਏਕੜ ਜ਼ਮੀਨ ਵੀ ਕਾਰਾਂ ਖੜ੍ਹੀਆਂ ਕਰਨ ਲਈ ਘੱਟ ਪੈ ਰਹੀ ਸੀ। ਸੰਗਤ ਨੂੰ ਨਗਰ ਕੀਰਤਨ ਤੱਕ ਲਿਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਯੂਬਾ ਸਿਟੀ ਦੇ ਸਾਰੇ ਰਾਸਤੇ ਸੰਗਤਾਂ ਨਾਲ ਭਰੇ ਹੋਏ ਸਨ। ਦੇਸੀ ਮੀਡੀਏ ਤੋਂ ਇਲਾਵਾ ਅਮਰੀਕਨ ਮੀਡੀਏ ਦੇ ਵੀ ਕਾਫੀ ਨੁਮਾਇੰਦੇ ਦਿਖਾਈ ਦਿੱਤੇ।
ਸ. ਦੀਦਾਰ ਸਿੰਘ ਬੈਂਸ, ਸਰਬਜੀਤ ਥਿਆੜਾ, ਜਸਵੰਤ ਸਿੰਘ ਬੈਂਸ, ਪਰਮਿੰਦਰ ਗਰੇਵਾਲ ਨੇ ਇਸ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਾਫ਼ੀ ਮਿਹਨਤ ਕੀਤੀ। ਇਨਾਂ ਸਮਾਗਮਾਂ ਦੌਰਾਨ ਸਿੱਖ ਭਾਈਚਾਰੇ ਨੇ ਰਿਕਾਰਡ ਤੋੜ ਖੂਨ ਦਾਨ ਕੀਤਾ। ਭਾਈ ਹਰਕੀਰਤ ਸਿੰਘ ਨੇ ਦੱਸਿਆ ਕਿ ਇਸ ਵੇਰਾਂ ਕਰੀਬ 225 ਦਾਨੀਆਂ ਨੇ ਖੂਨਦਾਨ ਕੀਤਾ ਹੈ।

ਪੰਜਾਬ ਦੀ ਵਿਰਾਸਤ ਦੇ ਜਲੌਅ ਦਾ ਪ੍ਰਗਟਾਵਾ
ਯੂਬਾ ਸਿਟੀ/ਤਰਲੋਚਨ ਸਿੰਘ ਦੁਪਾਲਪੁਰ :
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੇ ਪੁਰਬ ਨੂੰ ਸਮਰਪਿਤ ਯੂਬਾ ਸਿਟੀ ਦਾ ਧਾਰਮਿਕ ਜੋੜ ਮੇਲਾ ਹਰ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਬੀਤੇ 37 ਵਰ੍ਹਿਆਂ ਤੋਂ ਲਗਾਤਾਰ ਲਗਦਾ ਆ ਰਿਹਾ ਹੈ। ਕੈਲੀਫੋਰਨੀਆ ਸੂਬੇ ਵਿਚਲੇ ਯੂਬਾ ਸਿਟੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਦੇ ਪ੍ਰਬੰਧਕਾਂ ਵਲੋਂ ਸਮੂਹ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਇਹ ਸਮਾਗਮ ਪੰਜਾਬ ਦੇ ਇਤਿਹਾਸਕ ਜੋੜ ਮੇਲਿਆਂ ਦੀ ਯਾਦ ਦਿਲਾ ਦਿੰਦਾ ਹੈ।
ਕਿਤੇ ਗੰਨਿਆਂ ਦੇ ਤਾਜ਼ਾ ਰਸ ਦਾ ਵੇਲਣਾ ਚੱਲ ਰਿਹਾ ਸੀ, ਵੱਡੀਆਂ ਭੱਠੀਆਂ ‘ਤੇ ਛੱਲੀਆਂ ਭੁੰਨੀਆਂ ਜਾ ਰਹੀਆਂ ਸਨ। ਗਰਮਾ-ਗਰਮ ਜਲੇਬੀਆਂ, ਛੋਲੇ ਭਟੂਰੇ, ਆਲੂ ਦੇ ਪਰੌਂਠੇ, ਮੱਕੀ ਦੀ ਰੋਟੀ ਤੇ ਸਾਗ, ਕਈ ਤਰ੍ਹਾਂ ਦੇ ਪਕੌੜੇ-ਸਮੋਸੇ, ਮਿਲਕ-ਬਦਾਮ, ਚਾਰ-ਕੌਫ਼ੀ, ਪੀਜ਼ੇ-ਬਰਗਰ ਤੇ ਹੋਰ ਬਹੁਭਾਂਤੇ ਲੰਗਰ ‘ਵਾਜਾਂ ਮਾਰ ਮਾਰ ਕੇ ਛਕਾਏ ਜਾ ਰਹੇ ਸਨ। ਲੰਗਰ ਤਿਆਰ ਕਰ ਰਹੇ ਅਤੇ ਵਰਤਾਣਿਆਂ ਦਾ ਚਾਅ-ਉਮਾਹ ਦੇਖਿਆਂ ਹੀ ਬਣਦਾ ਸੀ। ਹਮੇਸ਼ਾ ਵਾਂਗ ਇਸ ਵਾਰ ਵੀ ਇਕੱਠ ਵਿਚ ਦੱਖਣੀ ਭਾਰਤੀਆਂ ਨਾਲ ਨਾਲ ਸਥਾਨਕ ਗੋਰੇ, ਮੈਕਸੀਕਨ ਤੇ ਸਿਆਹਫਾਮ ਲੋਕਾਂ ਦੀ ਸ਼ਮੂਲੀਅਤ ਭਰਵੀਂ ਸੀ। ਕੁਝ ਗੋਰਿਆਂ ਦੇ ਸਿਰੀਂ ਬੰਨ੍ਹੀਆਂ ਰੰਗ-ਬਰੰਗੀਆਂ ਦਸਤਾਰਾਂ ਮੇਲੇ ਵਿਚ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ।
ਖ਼ਰੀਦੋ-ਫਰੋਖ਼ਤ ਵਾਸਤੇ ਲਾਏ ਸਟਾਲਾਂ ਤੋਂ ਇਲਾਵਾ ਵਰਲਡ ਸਿੱਖ ਫ਼ੈਡਰੇਸ਼ਨ ਦੇ ਨਿਸ਼ਕਾਮ ਸੇਵਾਦਾਰਾਂ ਵਲੋਂ ਲਾਏ ਗਏ ਕਿਤਾਬਾਂ-ਸੀਡੀਆਂ ਦੇ ਸਟਾਲ ‘ਤੇ ਸਾਰਾ ਦਿਨ ਕਾਫ਼ੀ ਭੀੜ ਲੱਗੀ ਰਹੀ। ਕੁਝ ਵਪਾਰਕ ਕੰਪਨੀਆਂ ਨੇ ਵੀ ਆਪੋ-ਆਪਣੇ ਉਤਪਾਦਾਂ ਦੀ ਨੁਮਾਇਸ਼ ਹਿਤ ਸਟਾਲ ਲਾਏ ਹੋਏ ਸਨ। ਇਸ ਵਾਰ ਬਾਦਲ ਦਲ ਦਾ ਫਲੋਟ ਜਾਂ ਸਟਾਲ ਨਦਾਰਦ ਸੀ, ਪਰ ਅਕਾਲੀ ਦਲ ਮਾਨ ਦੇ ਸਟਾਲ ਉੱਤੇ ਧੂੰਆਂ-ਧਾਰ ਤਕਰੀਰਾਂ ਅਤੇ ਢਾਡੀ ਵਾਰਾਂ ਦੀ ਗੜਗੱਜ ਪੈ ਰਹੀ ਸੀ। ਸਭ ਤੋਂ ਵੱਧ ਭੀੜ ਆਮ ਆਦਮੀ ਪਾਰਟੀ ਦੇ ਲੰਬੇ ਚੌੜੇ ਸਟਾਲ ਉੱਤੇ ਜੁੜੀ ਰਹੀ, ਜਿਸ ਦੇ ਵਾਲੰਟੀਅਰ, ਲੋਕਾਂ ਨੂੰ ਪ੍ਰੇਰ ਪ੍ਰੇਰ ਪੰਜਾਬ ਵਿਚ ਸੰਭਾਵੀ ਤਬਦੀਲੀ ਲਿਆਉਣ ਬਾਬਤ ਚੁਕੰਨੇ ਕਰਦੇ ਰਹੇ।
ਇਥੇ ਪਹਿਲੀ ਵਾਰ ਅੰਗ-ਦਾਨ ਦੇ ਪ੍ਰਣ-ਪੱਤਰ ਭਰਵਾਉਣ ਲਈ ਵਿਲੱਖਣ ਸਟਾਲ ਲਾਇਆ ਗਿਆ ਜੋ ਕਿ ਅਗਾਂਹ ਵਧੂ ਨੌਜਵਾਨ ਰਜਿੰਦਰ ਸਿੰਘ ਟਾਂਡਾ ਦੀ ਟੀਮ ਵਲੋਂ ਉੱਘੇ ਸ਼ਾਇਰ ਜਸਵੰਤ ਸਿੰਘ ਜ਼ਫ਼ਰ ਦੇ ਮਰਹੂਮ ਪੁੱਤਰ ਵਿਵੇਕ ਸਿੰਘ ਪੰਧੇਰ ਨੂੰ ਸਮਰਪਿਤ ਸੀ।