ਅਮਰੀਕੀ ਚੋਣਾਂ : ਟਰੰਪ ਨੇ ਪਹਿਲੀ ਵਾਰ ਹਿਲੇਰੀ ਨੂੰ ਇਕ ਫ਼ੀਸਦੀ ਅੰਕ ਨਾਲ ਮਾਤ ਦਿੱਤੀ

ਅਮਰੀਕੀ ਚੋਣਾਂ : ਟਰੰਪ ਨੇ ਪਹਿਲੀ ਵਾਰ ਹਿਲੇਰੀ ਨੂੰ ਇਕ ਫ਼ੀਸਦੀ ਅੰਕ ਨਾਲ ਮਾਤ ਦਿੱਤੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। 8 ਨਵੰਬਰ ਨੂੰ ਹੋ ਰਹੀਆਂ ਚੋਣਾਂ ਮਗਰੋਂ ਤਸਵੀਰ ਸਾਫ਼ ਹੋ ਜਾਵੇਗੀ। ਕੌਮੀ ਪੱਧਰ ਦੇ ਇਕ ਵੱਡੇ ਸਰਵੇਖਣ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ‘ਤੇ ਮਈ ਤੋਂ ਬਾਅਦ ਪਹਿਲੀ ਵਾਰ ਇਕ ਫ਼ੀਸਦੀ ਅੰਕ ਦੀ ਬੜਤ ਹਾਸਲ ਕੀਤੀ ਹੈ। ਏ.ਬੀ.ਸੀ. ਨਿਊਜ਼-ਵਾਸ਼ਿੰਗਟਨ ਪੋਸਟ ਸਰਵੇਖਣ ਵਿਚ ਟਰੰਪ ਨੇ ਹਿਲੇਰੀ ‘ਤੇ ਬੜਤ ਬਣਾ ਲਈ ਹੈ। ਇਸ ਮੁਤਾਬਕ ਰਿਪਬਲਿਕਨ ਉਮੀਦਵਾਰ ਨੂੰ 46 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ, ਜਦਕਿ ਸਾਬਕਾ ਵਿਦੇਸ਼ ਮੰਤਰੀ ਦਾ 45 ਫ਼ੀਸਦੀ ਲੋਕਾਂ ਨੇ ਸਮਰਥਨ ਕੀਤਾ। ਸਰਵੇਖਣ ਮੁਤਾਬਕ ਹਿਲੇਰੀ ਦੇ ਵੇਧ ਮੰਤਰੀ ਰਹਿੰਦਿਆਂ ਇਕ ਨਿੱਜੀ ਈਮੇਲ ਸਰਵਰ ਦਾ ਇਸਤੇਮਾਲ ਕਰਨ ‘ਤੇ ਛਿੜੇ ਵਿਵਾਦ ਦੇ ਚਲਦਿਆਂ ਇਸ ਤਰ੍ਹਾਂ ਦਾ ਨਤੀਜਾ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਇਸੇ ਦੌਰਾਨ ਕਲਿੰਟਨ ਤੇ ਟਰੰਪ ਵ੍ਹਾਈਟ ਹਾਊਸ ਪਹੁੰਚਣ ਲਈ ਸੋਸ਼ਲ ਮੀਡੀਆ ‘ਤੇ ਭਰੋਸਾ ਕਰ ਰਹੇ ਹਨ। ਦੋਹਾਂ ਕੋਲ ਖ਼ੁਦ ਦਾ ਪ੍ਰੋਡਕਸ਼ਨ ਹਾਊਸ ਹੈ। ਇਸ ਵਿਚ ਵੀਡੀਓਗ੍ਰਾਫ਼ਰ, ਡਿਜ਼ਾਈਨਰ, ਕੰਟੈਂਟ ਰਾਈਟਰ, ਸੋਸ਼ਲ ਮੀਡੀਆ ਮਾਹਰ, ਗ੍ਰਾਫ਼ਿਕਸ ਆਰਟਿਸਟ ਦੀ ਟੀਮ ਹੈ। 80 ਫ਼ੀਸਦੀ ਪ੍ਰਚਾਰ ਡਿਜੀਟਲ ਮੀਡੀਆ ਰਾਹੀਂ ਹੋ ਰਿਹਾ ਹੈ।