ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਸੱਤਵੇਂ ਨਗਰ ਕੀਰਤਨ ਦੌਰਾਨ ਬਿਖਰਿਆ ਖਾਲਸਾਈ ਰੰਗ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਸੱਤਵੇਂ ਨਗਰ ਕੀਰਤਨ ਦੌਰਾਨ ਬਿਖਰਿਆ ਖਾਲਸਾਈ ਰੰਗ

ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਂਦੇ ਹੋਏ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂਘਰ ਵਿਖੇ ਰੈਣ-ਸੁਬਾਈ ਕੀਰਤਨ ਤੋਂ ਇਲਾਵਾ ਚੱਲ ਰਹੇ ਪਾਠਾਂ ਦੇ ਭੋਗ ਮਗਰੋਂ ਸਵੇਰ ਸਮੇਂ ਗੁਰਮਤਿ ਸਮਾਗਮ ਹੋਏ। ਇਸ ਵਿਚ ਇਲਾਕੇ ਭਰ ਤੋਂ ਗੁਰੂਘਰਾਂ ਦੇ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਜਿਨ੍ਹਾਂ ਵਿੱਚ ਸਥਾਨਕ ਗੁਰੂਘਰ ਦੇ ਹਜ਼ੂਰੀ ਜਥੇ ਵਿੱਚ ਭਾਈ ਅਵਤਾਰ ਸਿੰਘ, ਭਾਈ ਰਣਜੀਤ ਸਿੰਘ ਅਤੇ ਸਾਥੀ, ਭਾਈ ਗੁਰਵਿੰਦਰ ਸਿੰਘ ਲੁਧਿਆਣੇ ਵਾਲੇ, ਭਾਈ ਹਰਜੀਤ ਸਿੰਘ ਅਤੇ ਸਾਥੀ, ਭਾਈ ਸੁਖਚੈਨ ਸਿੰਘ ਗੁਰਦੁਆਰਾ ਕਲਗੀਧਰ ਵਾਲੇ, ਭਾਈ ਸੁਖਦੇਵ ਸਿੰਘ ਦਾ ਜੱਥਾ, ਭਾਈ ਬਲਜੀਤ ਸਿੰਘ ਨਿਊਯਾਰਕ ਵਾਲਿਆਂ ਦੇ ਜਥੇ ਸਮੇਤ ਹੋਰ ਪ੍ਰਚਾਰਕਾਂ ਅਤੇ ਜਥਿਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਗੁਰੂਘਰ ਦਾ ਮਾਹੌਲ ਵੀ ਪੰਜਾਬ ਦੇ ਇਤਿਹਾਸਕ ਮੇਲੇ ਵਰਗਾ ਪ੍ਰਤੀਤ ਹੋ ਰਿਹਾ ਸੀ। ਇਥੇ ਲੰਗਰਾਂ ਤੋਂ ਇਲਾਵਾ ਬਹੁਤ ਸਾਰੀਆਂ ਦੁਕਾਨਾਂ ਅਤੇ ਹੋਰ ਕੰਪਨੀਆਂ ਦੇ ਜਾਣਕਾਰੀ ਭਰਪੂਰ ਸਟਾਲ ਸੰਗਤਾਂ ਦੇ ਖਿੱਚ ਦਾ ਕੇਂਦਰ ਬਣੇ ਹੋਏ ਸਨ।
ਇਸ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਸੱਤਵਾਂ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਪਾਲਕੀ ਵਿੱਚ ਸ਼ੰਸੋਭਿਤ ਸਨ। ਅਮੈਰੀਕਨ ਅਤੇ ਕੈਲੀਫੋਰਨੀਆ ਦੇ ਝੰਡੇ ਤੋਂ ਇਲਾਵਾ ਸਿੱਖ ਮਰਿਯਾਦਾ ਅਨੁਸਾਰ ਪੰਜ ਪਿਆਰੇ ਅਤੇ ਨਿਸ਼ਾਨ ਸਾਹਿਬ ਚੁੱਕੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਦਾ ਭਾਰੀ ਇਕੱਠ ਪਾਲਕੀ ਸਾਹਿਬ ਦੇ ਪਿਛੇ ਸਿਮਰਨ ਅਤੇ ਸ਼ਬਦ ਗਾਇਨ ਕਰਦਾ ਪੈਦਲ ਚੱਲ ਰਿਹਾ ਸੀ। ਸਭ ਪਾਸੇ ਕੇਸਰੀ, ਨੀਲੀਆਂ, ਪੀਲੀਆਂ ਰੰਗ-ਬਿਰੰਗੀਆਂ ਪੌਸ਼ਾਕਾਂ, ਚੁੰਨੀਆਂ ਅਤੇ ਦਸ਼ਤਾਰਾਂ ਪੰਜਾਬ ਵਿਚਲੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਦ ਕਰਵਾ ਰਹੀਆਂ ਸਨ। ਇਸ ਨਗਰ ਕੀਰਤਨ ਦੀ ਸਭ ਤੋਂ ਵਿਲੱਖਣ ਅਤੇ ਵਧੀਆ ਗੱਲ ਇਹ ਸੀ ਕਿ ਇਸ ਦੌਰਾਨ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਕੋਈ ਵੀ ਆਪਣਾ ਬੂਥ ਜਾਂ ਫਲੋਟ ਨਹੀਂ ਲਾਇਆ ਗਿਆ ਸੀ। ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਸਮੂਹ ਭਾਰਤੀ ਭਾਈਚਾਰਾ ਗੁਰੂ ਦੀ ਸਾਂਝੀਵਾਲਤਾ ਦਾ ਸੰਦੇਸ਼ ਮੰਨ ਕੇ ਚੱਲ ਰਹੇ ਹੋਣ। ਉਨ੍ਹਾਂ ਦੇ ਨਾਲ ਅਮਰੀਰਨ ਗੋਰੇ ਅਤੇ ਮੈਕਸੀਕਨ ਭਾਈਚਾਰੇ ਦੇ ਬਹੁਤ ਸਾਰੇ ਲੋਕ ਸ਼ਾਮਲ ਹੋ ਸਿੱਖ ਧਰਮ ਦੀ ਜਾਣਕਾਰੀ ਹਾਸਲ ਕਰ ਰਹੇ ਸਨ।
ਇਸ ਸਾਲ ਸੰਗਤਾਂ ਦੇ ਨਗਰ ਕੀਰਤਨ ਨਾਲ ਪੈਦਲ ਪਰਕਰਮਾ ਕਰਨ ਦੇ ਉਤਸ਼ਾਹ ਨੂੰ ਦੇਖਦੇ ਹੋਏ ਫਲੋਟਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਸੀ। ਪਰ ਪਾਲਕੀ ਸਾਹਿਬ ਨਾਲ ਚੱਲ ਰਹੇ ਫਲੋਟਾਂ ਉਪਰ ਲੱਗੀਆਂ ਤਸਵੀਰਾਂ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਕੈਲੀਫੋਰਨੀਆ ਗਤਕਾ ਦਲ ਦੇ ਸਿੰਘਾਂ ਦੇ ਜ਼ਬਰਦਸਤ ਗੱਤਕੇ ਦੇ ਜੌਹਰ ਵੀ ਵੇਖਣ ਯੋਗ ਸਨ। ਗੁਰੂਘਰ ਅੰਦਰ, ਰਸਤੇ ਵਿੱਚ ਅਤੇ ਪਾਰਕ ਵਿੱਚ ਪੜਾਅ ਦੌਰਾਨ ਥਾਂ-ਥਾਂ ‘ਤੇ ਵੱਖਰੇ ਵੱਖਰੇ ਲੰਗਰਾਂ ਦੇ ਪ੍ਰਬੰਧ ਸਨ। ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਫੌਲਰ ਸ਼ਹਿਰ ਦੇ ਪੈਨਜ਼ਕ ਪਾਰਕ ਵਿੱਚ ਪਹੁੰਚਣ ‘ਤੇ ਭਾਈ ਲਖਵਿੰਦਰ ਸਿੰਘ ਦੇ ਢਾਡੀ ਜਥੇ ਨੇ ਵੀਰਤਾ ਭਰਪੂਰ ਵਾਰਾਂ ਰਾਹੀਂ ਹਾਜ਼ਰੀ ਭਰੀ ਅਤੇ ਲਾਸ ਏਂਜਲਸ ਤੋਂ ਭਾਈ ਹਰਭਜਨ ਸਿੰਘ ਜੀ ਵਲੋਂ ਵਰੋਸਾਏ ਗੋਰੇ ਸਿੱਖ ਦੇ ਜਥੇ ਵਿਚੋਂ ਭਾਈ ਕੀਰਤਨ ਸਿੰਘ ਖਾਲਸਾ ਦੇ ਜਥੇ ਨੇ ਸ਼ਬਦ ਗਾਇਨ ਰਾਹੀਂ ਹਾਜ਼ਰੀ ਭਰੀ।
ਇਸ ਸਮੇਂ ਗੁਰੂਘਰ ਵੱਲੋਂ ਸਹਿਯੋਗ ਲਈ ਫੌਲਰ ਸਿਟੀ ਦੇ ਪ੍ਰਬੰਧਕਾਂ ਦਾ ਪਲੈਕਾਂ ਦੇ ਕੇ ਧੰਨਵਾਦ ਕੀਤਾ ਗਿਆ। ਇਸ ਸਮੇਂ ਡਾ. ਰਾਜਵੰਤ ਸਿੰਘ ਨੇ ਸਿੱਖ ਭਾਈਚਾਰੇ ਵੱਲੋਂ ਆਪਣੀ ਪਹਿਚਾਣ ਲਈ ਆਰੰਭੇ ਮਿਸ਼ਨ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ। ਇਸੇ ਦੌਰਾਨ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਨੇ ਸਮੂਹ ਸੰਗਤ ਅਤੇ ਮੀਡੀਏ ਦਾ ਧੰਨਵਾਦ ਕੀਤਾ। ਭਾਈ ਹਰਪ੍ਰੀਤ ਸਿੰਘ, ਫੌਲਰ ਸਿਟੀ ਮੇਅਰ ਡੇਵਿਡ ਕਾਰਟੀਨਾ ਅਤੇ ਬਾਕੀ ਕੌਂਸਲ ਮੈਂਬਰਾਂ ਨੇ ਸਿੱਖ ਭਾਈਚਾਰੇ ਦੀ ਪ੍ਰਸੰਸਾ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਰਾਜ ਸਿੰਘ ਬਦੇਸਾ ਨੇ ਨਿਭਾਈ। ਅਖੀਰ ਵਿੱਚ ਅਮਿੱਟ ਯਾਦਾਂ ਨਾਲ ਨਗਰ ਕੀਰਤਨ ਆਪਣੀ ਪਰਕਰਮਾ ਦਾ ਲੰਮੇਰਾ ਪੈਂਡਾ ਤਹਿ ਕਰਦਾ ਹੋਇਆ ਗੁਰੂਘਰ ਪਹੁੰਚਣ ਮਗਰੋਂ ਦਰਬਾਰ ਸਾਹਿਬ ਅੰਦਰ ਗੁਰਮਤਿ ਸਮਾਗਮ ਨਾਲ ਖਾਲਸਾਈ ਰੰਗ ਅਤੇ ਗੁਰੂ ਮਹਿਮਾ ਦੀਆਂ ਖੁਸ਼ੀਆਂ ਵੰਡਦਾ ਹੋਇਆ ਸਪੂੰਰਨ ਹੋਇਆ।

ਫੋਟੋ: ਜੀਤ ਗਿੱਲ ‘ਮੋਗਾ ਵੀਡੀਉ’ ਫਰਿਜ਼ਨੋ।