ਭਾਈ ਜਿੰਦਾ ਤੇ ਭਾਈ ਸੁੱਖਾ ਦਾ ਸ਼ਹੀਦੀ ਸਮਾਗਮ ਉਤਸ਼ਾਹ, ਵੈਰਾਗ ਤੇ ਚੜ੍ਹਦੀ ਕਲਾ ਨਾਲ ਮਨਾਇਆ

ਭਾਈ ਜਿੰਦਾ ਤੇ ਭਾਈ ਸੁੱਖਾ ਦਾ ਸ਼ਹੀਦੀ ਸਮਾਗਮ ਉਤਸ਼ਾਹ, ਵੈਰਾਗ ਤੇ ਚੜ੍ਹਦੀ ਕਲਾ ਨਾਲ ਮਨਾਇਆ

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ :
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ ਬੜੇ ਉਤਸ਼ਾਹ, ਵੈਰਾਗ ਤੇ ਚੜ੍ਹਦੀ ਕਲਾ ਨਾਲ ਮਨਾਏ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਪਹਿਲਾਂ ਹੀ ਇਹ ਇਤਿਹਾਸਕ ਦਿਨ ਮਨਾਉਣ ਦੀ ਤਿਆਰੀ ਕਰ ਲਈ ਸੀ। ਤਿੰਨ ਦਿਨ ਗੁਰਬਾਣੀ ਦੇ ਪ੍ਰਵਾਹ ਚਲਦੇ ਰਹੇ ਤੇ ਹਫਤਾਵਾਰੀ ਦੀਵਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ। ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗਰੰਥੀ ਭਾਈ ਦਿਲਬਾਗ ਸਿੰਘ, ਭਾਈ ਹਰਪ੍ਰੀਤ ਸਿੰਘ ਤੇ ਭਾਈ ਬਲਜੀਤ ਸਿੰਘ ਨਾਲ ਦੇ ਰਾਗੀ ਜਥੇ ਨੇ ਰੂਹਾਨੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਕਥਾਕਾਰ ਭਾਈ ਧਰਮਬੀਰ ਸਿੰਘ ਲੁਧਿਆਣੇ ਵਾਲਿਆਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ਹੀਦੀ ਦਿਨ ਉਪਰ ਸਾਂਝੀ ਕਥਾ ਕੀਤੀ। ਗੁਰੂ ਸਾਹਿਬ ਦੇ ਬਚਪਨ ਦੀ ਉਦਾਸ ਪਰ ਦਰਵੇਸ਼ੀ ਜੀਵਨ ਦੀ ਝਾਕੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤੀ ਕਿ ਕਿਵੇਂ ਇਕ ਨਿਮਾਣੇ ਬੱਚੇ ਤੋਂ ਉਹ ਗੁਰੂ ਸਾਹਿਬ ਬਣ ਗਏ। ਭਾਈ ਜਿੰਦੇ ਤੇ ਭਾਈ ਸੁੱਖੇ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਕਥਾਕਾਰ ਨੇ ਜੀਵੜਿਆਂ ਦੀ ਗਾਥਾ ਕੁਰਬਾਨੀ ਵਾਲੇ ਜਜ਼ਬੇ ਨਾਲ ਪੇਸ਼ ਕੀਤੀ। ਦਰਬਾਰ ਸਾਹਿਬ ਉਤੇ ਟੈਂਕਾ ਤੋਪਾਂ ਨਾਲ ਹਮਲਾ ਕਰਨ ਵਾਲੇ ਬ੍ਰਾਹਮਣਵਾਦੀ ਜਰਨੈਲ ਵੈਦਿਆ ਨੂੰ ਮਾਰ ਕੇ ਉਹ ਫਾਂਸੀ ਦੇ ਤਖਤੇ ਉਤੇ ਝੂਲ ਗਏ। ਬਰਫੀਆਂ ਵੰਡਦੇ, ਜੈਕਾਰੇ ਛੱਡਦੇ ਤੇ ਗੁਰੂ ਚਰਨਾ ਵਿਚ ਲੀਨ ਹੋ ਗਏ।
ਉਪਰੰਤ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੈਂਬਰ ਤੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਭਾਈ ਰਾਮ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦ ਸਿੰਘਾਂ ਦੇ ਜੀਵਨ ‘ਤੇ ਰੌਸ਼ਨੀ ਪਾਈ ਅਤੇ ਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਵੇਦ ਮਰਵਾਹ ਦੀ ਲਿਖਤ ਵਿਚੋਂ ਭਾਈ ਜਿੰਦਾ ਤੇ ਭਾਈ ਸੁੱਖਾ ਬਾਰੇ ਦਰਜ ਇਹ ਕੀਮਤੀ ਅੱਖਰ ਪੇਸ਼ ਕੀਤੇ ਕਿ ਸ਼ਹੀਦ ਹੋਣ ਵਾਲੇ ਉਹ ਸੂਰਮੇ ਕੋਈ ਆਮ ਆਦਮੀ ਨਹੀਂ ਸਨ, ਬਲਕਿ ਕੋਈ ਖਾਸ ਰੂਹਾਂ ਸਨ ਜਿਨ੍ਹਾਂ ਦਾ ਕੋਈ ਵਿਲੱਖਣ ਮਿਸ਼ਨ ਸੀ।
ਲੋਗਨ ਹਾਈ ਸਕੂਲ ਦੀ ਅਧਿਆਪਕਾ ਬੀਬੀ ਅਮਰਜੀਤ ਕੌਰ ਨੇ ਭਾਈ ਜਿੰਦਾ ਤੇ ਭਾਈ ਸੁੱਖਾ ਬਾਰੇ ਕੰਪਿਊਟਰ ਉਤੇ ਪਾਵਰ ਪੁਆਇੰਟ ਦੀ  ਮਦਦ ਨਾਲ ਸਕੂਲ ਦੇ ਬੱਚਿਆਂ ਕੋਲੋਂ ਖਾਲਿਸਤਾਨ ਦੇ ਸ਼ਹੀਦਾਂ ਦੇ ਜੀਵਨ ਬਾਰੇ ਮੁੱਢਲੀ ਜਾਣਕਾਰੀ ਤੇ ਉਦੇਸ਼ ਪੇਸ਼ ਕਰਵਾਇਆ, ਜਿਸ ਨੂੰ ਬੱਚਿਆਂ ਨੇ ਬਾਖੂਬੀ ਪੇਸ਼ ਕੀਤਾ। ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਕੌਮਾਂ ਦੀ ਅਣਖ ਨੂੰ ਜਿਊਂਦੀ ਰੱਖਣ ਲਈ ਕਦੇ ਕਦੇ ਇਤਿਹਾਸ ਕਰਵਟ ਲੈਂਦਾ ਹੈ, ਜਿਸ ਵਿਚੋ ਭਾਈ ਜਿੰਦਾ ਤੇ ਭਾਈ ਸੁੱਖਾ ਵਰਗੇ ਮਹਾਨ ਸ਼ਹੀਦ ਪੈਦਾ ਹੁੰਦੇ ਹਨ ਜੋ ਕੌਮ ਦੀ ਰੂਹ ਨੂੰ ਤਾਜ਼ਗੀ ਦਾ ਅਹਿਸਾਸ ਕਰਵਾ ਕੇ ਕੁਦਰਤ ਵਿਚ ਲੀਨ ਹੋ ਜਾਂਦੇ ਹਨ। ਪਰਿਜ਼ਨਰ ਵੈਲਫੇਅਰ ਸੰਸਥਾ ਵੱਲੋਂ ਬੀਬੀ ਨਵਜੋਤ ਕੌਰ ਨੇ ਵੀ ਸ਼ਹੀਦਾਂ ਨੂੰ ਸਿਜਦਾ ਕੀਤਾ।
ਉਪਰੰਤ ਸਟੇਜ ਸਕੱਤਰ ਭਾਈ ਦਵਿੰਦਰ ਸਿੰਘ ਨੇ ਭਾਈ ਜਿੰਦਾ ਤੇ ਭਾਈ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਵਾਲੀ ਕਿਤਾਬ ਵਿਚੋਂ ਕੁਝ ਕੀਮਤੀ ਬੋਲ ਸੰਗਤਾਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਦਾ ਨਿਸ਼ਾਨਾ ਖਾਲਿਸਤਾਨ ਤੇ ਕੌਮ ਦੀ ਆਜ਼ਾਦੀ ਦੱਸਿਆ। ਬੱਦੋਵਾਲ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਸ਼ਹੀਦੀ ਪ੍ਰਸੰਗ ਵਿਚ ਸ਼ਹੀਦ ਤੇ ਸ਼ਹੀਦਾਂ ਦੀ ਅਮਰ ਗਾਥਾ ਸੰਗਤਾਂ ਨੂੰ ਚੜ੍ਹਦੀ ਕਲਾ ਵਿਚ ਸੁਣਾ ਕੇ ਨਿਹਾਲ ਕੀਤਾ।
ਦੀਵਾਨ ਹਾਲ ਦੇ ਬਾਹਰ ਬੱਚਿਆਂ ਨੇ ਗਤਕੇ ਦੇ ਜੌਹਰ ਵਿਖਾਏ। ਸ਼ਹੀਦਾਂ ਦੀ ਬੋਲੀ ਨਾਲ ਜੁੜੇ ਅੱਖਰਾਂ ਵਾਲੇ ਬੈਨਰ ਤੇ ਖਾਲਿਸਤਾਨੀ ਝੰਡੇ- ਨਿਸ਼ਾਨ ਸਾਹਿਬ ਝੂਲਦੇ ਰਹੇ, ਜਿਸ ਨਾਲ ਗੁਰਦੁਆਰੇ ਦਾ ਸਾਰਾ ਮਾਹੌਲ ਸ਼ਹੀਦੀ ਰੰਗ ਵਿਚ ਰੰਗਿਆ ਗਿਆ। ਸਮੂਹ ਪੰਥਕ ਜਥੇਬੰਦੀਆ ਦੇ ਮੈਂਬਰਾਂ ਨੇ ਹਾਜ਼ਰੀ ਭਰਦਿਆਂ ਸੰਗਤ ਦੀ ਹਾਜ਼ਰੀ ਵਿਚ ਭਾਰੀ ਵਾਧਾ ਕੀਤਾ।