ਭਾਰਤੀਆਂ ਲਈ ਤੋਹਫ਼ਾ-ਡਾਕ ਟਿਕਟ ‘ਦੀਵਾਲੀ ਫਾਰਐਵਰ’ ਜਾਰੀ

ਭਾਰਤੀਆਂ ਲਈ ਤੋਹਫ਼ਾ-ਡਾਕ ਟਿਕਟ ‘ਦੀਵਾਲੀ ਫਾਰਐਵਰ’ ਜਾਰੀ

ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕੀ ਡਾਕ ਸੇਵਾਵਾਂ ਨੇ ਇਥੇ ਦੀਵਾਲੀ ਸਬੰਧੀ ਡਾਕ ਟਿਕਟ ਜਾਰੀ ਕੀਤੀ ਹੈ। ਭਾਰਤੀ ਮੂਲ ਦੇ ਅਮਰੀਕੀਆਂ ਅਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਦੀਆਂ ਸੱਤ ਸਾਲਾਂ ਦੀਆਂ ਕੋਸ਼ਿਸ਼ਾਂ ਮਗਰੋਂ ਰੌਸ਼ਨੀਆਂ ਦੇ ਇਸ ਤਿਉਹਾਰ ਮੌਕੇ ਇਸ ਕੋਸ਼ਿਸ਼ ਨੂੰ ਬੂਰ ਪਿਆ ਹੈ। ਭਾਰਤੀ ਵਣਜ ਦੂਤਘਰ ਵਿਚ ਸਮਾਗਮ ਦੌਰਾਨ ਇਸ ਡਾਕ ਟਿਕਟ ਦੀ ਘੁੰਡ ਚੁਕਾਈ ਕੀਤੀ ਗਈ। ਅਮਰੀਕੀ ਡਾਕ ਸੇਵਾ (ਯੂ.ਐਸ.ਪੀ.ਐਸ.) ਨੇ ‘ਦੀਵਾਲੀ ਫਾਰਐਵਰ’ ਡਾਕ ਟਿਕਟ ਜਾਰੀ ਕਰ ਕੇ ਭਾਰਤੀਆਂ ਨੂੰ ਇਸ ਪਵਿੱਤਰ ਤਿਉਹਾਰ ‘ਤੇ ਖੂਬਸੂਰਤ ਤੋਹਫ਼ਾ ਦਿੱਤਾ ਹੈ। ਸੁਨਿਹਰੀ ਬੈਂਕਰਾਊਂਡ ਵਿਚ ਪੁਰਾਣੇ ਰੀਤੀ ਰਿਵਾਜ਼ਾਂ ਅਨੁਸਾਰ ਜਗਦੇ ਹੋਏ ਦੀਵਿਆਂ ਨੂੰ ਸਥਾਨ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਦੇ ਹੇਠਾਂ ਲਿਖਿਆ ਹੈ ‘ਫਾਰਐਵਰ ਯੂ.ਐਸ.ਏ. 2016’। ਸਮਾਗਮ ਵਿਚ ਵਣਜ ਕੌਂਸਲਰ ਰੀਵਾ ਗਾਂਗੁਲੀ ਦਾਸ, ਸੰਸਦ ਮੈਂਬਰ ਕੈਰੋਲਿਨ ਮਾਲੋਨੀ, ਦੀਵਾਲੀ ਟਿਕਟ ਪਰਿਯੋਜਨਾ ਪ੍ਰਧਾਨ ਰੰਜੂ ਬੱਤਰਾ, ਯੂ.ਐਸ.ਪੀ.ਐਸ. ਉਪ ਪ੍ਰਧਾਨ ਪ੍ਰਥਾ ਮਹਿਰਾ, ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਾਬਕਾ ਸਥਾਈ ਪ੍ਰਤੀਨਿਧ ਹਰਦੀਪ ਸਿੰਘ ਪੁਰੀ ਅਤੇ ਪ੍ਰਸਿੱਧ ਭਾਰਤੀ ਮੂਲ ਦੇ ਅਮਰੀਕੀ ਵਕੀਲ ਰਵੀ ਬੱਤਰਾ ਸ਼ਾਮਲ ਹੋਏ।