ਬਾਦਲਾਂ ਤੋਂ ਨਾਰਾਜ਼ ਅਕਾਲੀਆਂ ਦੀ ‘ਸਿਹਤ ਖਰਾਬ’ ਹੋਣ ਲੱਗੀ

ਬਾਦਲਾਂ ਤੋਂ ਨਾਰਾਜ਼ ਅਕਾਲੀਆਂ ਦੀ ‘ਸਿਹਤ ਖਰਾਬ’ ਹੋਣ ਲੱਗੀ

ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਖਤਰਾ
ਸੀਨੀਅਰ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ,  ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ, ਰਤਨ ਸਿੰਘ ਅਜਨਾਲਾ, ਤੋਤਾ ਸਿੰਘ ਬਾਗੀ ਮੂਡ ‘ਚ 
ਸੁਖਬੀਰ ਤੇ ਮਜੀਠੀਆ ਦੀ ਹਿਟਲਰਸ਼ਾਹੀ ਤੋਂ ਪੁਰਾਣੇ ਅਕਾਲੀ ਔਖੇ
ਜਲੰਧਰ/ਬਿਊਰੋ ਨਿਊਜ਼ :
ਬਾਦਲ ਦਲ ਵਿਚ ਫਿਲਹਾਲ ”ਢਕੀ ਰਿੱਝਣ” ਵਾਲਾ ਕੰਮ ਜਾਰੀ ਹੈ। ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸੇ ਤੋਂ ਬਾਅਦ ਇਕ ਹੋਰ ਟਕਸਾਲੀ ਆਗੂ ਬਲਦੇਵ ਸਿੰਘ ਮਾਖਾ ਦੀ ਸਿਹਤ ਅਚਾਨਕ ”ਨਾ-ਸਾਜ਼” ਹੋਣ ਕਰਕੇ ਉਹ ਅਸਤੀਫਾ ਦੇ ਗਏ ਹਨ। ਬਾਦਲ ਦਲ ਦੇ ਅੰਦਰੋਂ ਸ਼ੁਰੂ ਹੋਈਆਂ ਬਗ਼ਾਵਤੀ ਸੁਰਾਂ ਪਿਛਲੇ ਕਾਫ਼ੀ ਸਮੇਂ ਤੋਂ ਸੀਨੀਅਰ ਆਗੂਆਂ ਅੰਦਰ ਵਧ ਰਹੀ ਨਾਰਾਜ਼ਗੀ ਦੀਆਂ ਪ੍ਰਤੀਕ ਹਨ। ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਵੱਲੋਂ ਪਾਰਟੀ ਨੂੰ ਆਧੁਨਿਕੀਕਰਨ ਦੇ ਨਾਮ ਉੱਤੇ ਸੀਈਓ ਵਾਂਗ ਚਲਾਉਣ ਦੀ ਕਾਰਜਪ੍ਰਣਾਲੀ ਦਹਾਕਿਆਂ ਤੋਂ ਅਕਾਲੀ ਦਲ ਦੀਆਂ ਮੋਹਰਲੀਆਂ ਸਫ਼ਾਂ ਵਿਚ ਰਹੇ ਆਗੂਆਂ ਨੂੰ ਪ੍ਰੇਸ਼ਾਨ ਕਰਦੀ ਆ ਰਹੀ ਸੀ। ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਦੇ 2007 ਤੋਂ ਬਾਅਦ ਦੇ ਦਸ ਸਾਲਾ ਰਾਜ ਦੌਰਾਨ ਮੰਤਰੀ ਮੰਡਲ ਅਤੇ ਪਾਰਟੀ ਦੇ ਇਰਦ ਗਿਰਦ ਬੁਣਿਆ ਗਿਆ ਪਰਿਵਾਰਕ ਘੇਰਾ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਰਿਹਾ। ਬਾਦਲ ਦਲ, ਸਰਕਾਰ, ਅਕਾਲ ਤਖ਼ਤ ਦੇ ਜਥੇਦਾਰ ਦੇ ਫ਼ੈਸਲਿਆਂ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਵੱਡੀਆਂ ਸੰਸਥਾਵਾਂ ਉੱਤੇ ਕਬਜ਼ੇ ਨਾਲ ਬਾਦਲ ਪਰਿਵਾਰ ਸਿੱਖ ਸਿਆਸਤ ਵਿਚ ਸਭ ਤੋਂ ਸ਼ਕਤੀਸ਼ਾਲੀ ਪਰਿਵਾਰ ਵਜੋਂ ਵਿਚਰਨ ਲੱਗ ਪਿਆ। ਬਾਦਲ ਦਲ ਵਿੱਚ ਅੰਦਰੂਨੀ ਸੰਕਟ ਪਹਿਲਾਂ ਵੀ ਬਹੁਤ ਆਏ, ਪ੍ਰੰਤੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਾਦਲ ਦਲ ਸੰਕਟ ਵਿਚੋਂ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਆਉਣ ਵਾਲੇ ਦਿਨ ਅਕਾਲੀ ਦਲ ਲਈ ਬੇਹੱਦ ਚੁਣੌਤੀ ਪੂਰਨ ਮੰਨੇ ਜਾ ਰਹੇ ਹਨ। ਅਕਾਲੀ ਦਲ ਦੇ ਅੰਦਰ ਹੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਣ ਦੀ ਮੰਗ ਉੱਠ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਨਵੰਬਰ ਮਹੀਨੇ ਵਿੱਚ ਹੋਣੀ ਹੈ। ਇਨ੍ਹਾਂ ਦੋਹਾਂ ਵੱਡੀਆਂ ਤੇ ਵੱਡੀ ਸਿੱਖ ਸੰਸਥਾਵਾਂ ‘ਤੇ ਬਾਦਲਾਂ ਦੀ ਮਨਮਰਜ਼ੀ ਚੱਲਣ ਦੇ ਆਸਾਰ ਘਟਦੇ ਜਾ ਰਹੇ ਹਨ। ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀਜਨਕ ਹਾਰ ਮਗਰੋਂ ਅਕਾਲੀ ਨੇਤਾਵਾਂ ਨੇ ਮੀਟਿੰਗਾਂ ਵਿੱਚ ਤਾਂ ਸ਼ੁਰ ਤਿੱਖੀ ਕੀਤੀ ਸੀ, ਪਰ ਖੁੱਲ੍ਹੀ ਬਗ਼ਾਵਤ ਦੇ ਲੱਛਣ ਹੁਣ ਦਿਸਣ ਲੱਗੇ ਹਨ। ਉਧਰ ਲੋਕਾਂ ਵਿੱਚ ਇਹ ਪ੍ਰਭਾਵ ਹੈ ਕਿ ਜ਼ਿਆਦਾਤਰ ਅਕਾਲੀ ਆਗੂਆਂ ਦੀ ਕਾਂਗਰਸ ਸਰਕਾਰ ਨਾਲ ਅੰਦਰਖਾਤੇ ਗੰਢਤੁਪ ਹੈ।
ਢੀਂਡਸਾ ਤੇ ਮਾਝੇ ਦੇ ਜਥੇਦਾਰਾਂ ਦੀਆਂ ਬਾਗੀ ਸੁਰਾਂ : ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਕੱਤਰ ਜਨਰਲ ਅਤੇ ਕੋਰ ਕਮੇਟੀ ਤੋਂ ਦਿੱਤੇ ਅਸਤੀਫ਼ੇ ਨਾਲ ਹਲਚਲ ਮੱਚ ਗਈ ਹੈ। ਬਾਦਲ ਸਰਕਾਰ ਵਿਚ ਵਿੱਤ ਮੰਤਰੀ ਰਹੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਆਸਟਰੇਲੀਆ ਤੋਂ ਤੁਰੰਤ ਵਾਪਸ ਬੁਲਾ ਕੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਲੰਬਾ ਸਮਾਂ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਜਰਨੈਲੀ ਅਸਲ ਵਿਚ ਬਿਕਰਮ ਸਿੰਘ ਮਜੀਠੀਆ ਦੇ ਹੱਥ ਚਲੀ ਗਈ। ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਸਮੇਤ ਸੀਨੀਅਰ ਆਗੂਆਂ ਵੱਲੋਂ ਪੰਥਕ ਸੰਸਥਾਵਾਂ ਵਿਚ ਬਹੁਤ ਕੁੱਝ ਅੱਛਾ ਨਹੀਂ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਾਰੇ ਕਹੇ ‘ਨੋ ਕੁਮੈਂਟ’ ਵਿਚ ਕੁੱਝ ਨਾ ਕਹਿ ਕੇ ਵੀ ਬਹੁਤ ਕੁੱਝ ਕਿਹਾ ਜਾ ਚੁੱਕਾ ਹੈ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਬ੍ਰਹਮਪੁਰਾ ਨੇ ਆਖਿਆ ਕਿ ਮਾਝੇ ਦੇ ਅਕਾਲੀ ਆਗੂ ਇਕੱਠੇ ਹੋਏ ਹਨ ਅਤੇ ਜਲਦੀ ਹੀ ਪੰਜ ਸੱਤ ਦਿਨਾਂ ਬਾਅਦ ਮੁੜ ਮੀਟਿੰਗ ਕਰਨਗੇ। ਬ੍ਰਹਮਪੁਰਾ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਨਾਲ ਅਸਹਿਮਤੀ ਅਤੇ ਬਰਗਾੜੀ ਕਾਂਡ ਦਾ ਅਕਾਲੀ ਸਰਕਾਰ ਹੁੰਦਿਆਂ ਵਾਪਰਨ ‘ਤੇ ਅਫਸੋਸ ਪ੍ਰਗਟਾਇਆ। ਮੌਜੂਦਾ ਪ੍ਰਸਥਿਤੀਆਂ ਨੂੰ ਵਿਚਾਰਨ ਮਗਰੋਂ ਲੋੜ ਮੁਤਾਬਕ ਮਾਮਲਾ ਪਾਰਟੀ ਕੋਲ ਵੀ ਰੱਖਿਆ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਨੂੰ ਉਨ੍ਹਾਂ ਪਾਰਟੀ ਲਈ ਵੱਡਾ ਝਟਕਾ ਕਰਾਰ ਦਿੱਤਾ।
ਸੀਨੀਅਰ  ਆਗੂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵਲੋਂ ਅਕਾਲੀ ਦਲ ਦਜੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਕਾਰਨ ਅਤੇ ਮਾਝੇ ਦੇ ਸੀਨੀਅਰ ਅਕਾਲੀ ਨੇਤਾਵਾਂ ਵਲੋਂ ਬਾਗੀ ਸੁਰਾਂ ਅਪਨਾਏ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਖਤਰਾ ਪੈਦਾ ਹੋ ਗਿਆ ਹੈ।
ਇੱਕ ਸਮਾਂ ਇਹੋ ਜਿਹਾ ਸੀ, ਜਦੋਂ ਸੁਖਬੀਰ ਸਿੰਘ ਬਾਦਲ ਦਾ ਕਿਸੇ ਨੂੰ ਨਾਂਅ ਤੱਕ ਵੀ ਨਹੀਂ ਸੀ ਪਤਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਇੱਕ ਇਹੋ ਜਿਹੀ ਟੀਮ ਦਾ ਆਗੂ ਮੰਨਿਆ ਜਾਂਦਾ ਸੀ, ਜਿਸ ਵਿੱਚ ਸੁਖਦੇਵ ਸਿੰਘ ਢੀਂਡਸਾ ਵਰਗੇ ਟਕਸਾਲੀ ਆਗੂ ਸਿਰਮੌਰ ਸਮਝੇ ਜਾਂਦੇ ਸਨ। ਇਨ੍ਹਾਂ ਵਿੱਚ ਬਲਵਿੰਦਰ ਸਿੰਘ ਭੂੰਦੜ ਵੀ ਹੁੰਦਾ ਸੀ, ਕੁਲਦੀਪ ਸਿੰਘ ਵਡਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ, ਸੇਵਾ ਸਿੰਘ ਸੇਖਵਾਂ ਅਤੇ ਜਥੇਦਾਰ ਤੋਤਾ ਸਿੰਘ ਵੀ। ਯੂਥ ਦਲ ਦੇ ਨਾਂਅ ਉੱਤੇ ਜਿਹੜੀ ਧਾੜ ਪਿਛਲੇ ਦਸਾਂ ਸਾਲਾਂ ਵਿੱਚ ਓਦੋਂ ਵਾਲੇ ਆਗੂਆਂ ਦੇ ਸਿਰ ਉੱਤੇ ਸਵਾਰ ਕੀਤੀ ਗਈ, ਇਸ ਧਾੜ ਵਾਲੇ ਕਿਸੇ ਚਿਹਰੇ ਦੀ ਕਦੇ ਕਿਸੇ ਨੇ ਸ਼ਕਲ ਨਹੀਂ ਸੀ ਡਿੱਠੀ, ਪਰ ਬਾਅਦ ਵਿੱਚ ਇਹ ਔਖੇ ਦੌਰ ਦੀਆਂ ਜੇਲ੍ਹਾਂ ਕੱਟ ਚੁੱਕੇ ਆਗੂਆਂ ਨੰ ਸਿੰਗਾਂ ਉੱਤੇ ਚੁੱਕਣ ਵਾਲਾ ਵਿਹਾਰ ਕਰਨ ਲੱਗ ਪਈ ਸੀ। ਇਸ ਤੋਂ ਪੁਰਾਣੇ ਸਾਰੇ ਅਕਾਲੀ ਆਗੂ ਅੰਦਰੋ-ਅੰਦਰੀ ਔਖੇ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸੀਨੀਅਰ ਅਕਾਲੀ ਲੀਡਰਸ਼ਿਪ ਦੀਆਂ ਬਾਗੀ ਸੁਰਾਂ ਇਸੇ ਗਲ ਦਾ ਨਤੀਜਾ ਹਨ।
ਧਾਰਮਿਕ ਸੰਸਥਾਵਾਂ ‘ਤੇ ਕਬਜ਼ਾ ਬਾਦਲ ਦਲ ਲਈ ਮਾਰੂ ਸਾਬਤ ਹੋਇਆ ਹੈ। ਸੱਚੇ ਸੌਦੇ ਵਾਲੇ ਡੇਰੇ ਨੂੰ ਵੋਟਾਂ ਦੇ ਚੱਕਰ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਰਾਹੀਂ ਮਾਫ ਕਰਨ ਦੀ ਕਹਾਣੀ ਪੁਠੀ ਪੈ ਗਈ ਹੈ। ਮੌਕਾ ਸੰਭਾਲਣ ਦੇ ਚੱਕਰ ਵਿੱਚ ਬਹਿਬਲ ਕਲਾਂ ਵਾਲਾ ਕਾਂਡ ਦੀ ਗ਼ਲਤੀ ਵੀ ਬਾਦਲ ਸਰਕਾਰ ਵਾਲੇ ਕਰ ਬੈਠੇ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਰਿਪੋਰਟ ਬਾਦਲ ਦਲ ਲਈ ਮਾਰੂ ਸਾਬਤ ਹੋਈ ਹੈ, ਜਿਸ ਨੇ ਸਿੱਖ ਭਾਈਚਾਰੇ ਵਿਚ ਬਾਦਲ ਦਲ ਨੂੰ ਖਲਨਾਇਕ ਸਿੱਧ ਕਰ ਦਿੱਤਾ ਹੈ।
ਜਾਣਕਾਰ ਆਖਦੇ ਹਨ ਕਿ ਉਸ ਦੇ ਬਾਅਦ ਹੋਈ ਕੋਰ ਕਮੇਟੀ ਮੀਟਿੰਗ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਕੁਝ ਹੋਰਨਾਂ ਨੇ ਜਦੋਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀ ਤਾਂ ਸੁਖਬੀਰ ਸਿੰਘ ਬਾਦਲ ਨੇ ਸਫ਼ਾਈ ਦੇਣ ਦੀ ਥਾਂ ਆਪਣੇ ਪਿਓ ਦੀ ਉਮਰ ਵਾਲੇ ਇਨ੍ਹਾਂ ਆਗੂਆਂ ਨਾਲ ਗੁਲਾਮਾਂ ਵਰਗਾ ਵਿਹਾਰ ਕੀਤਾ ਤਾਂ ਇਹ ਬਗਾਵਤ ਤਾਂ ਉਭਰਨੀ ਹੀ ਸੀ। ਖ਼ੁਦ ਵੱਡੇ ਬਾਦਲ ਨੇ ਵੀ ਪੁੱਤਰ ਦਾ ਪੱਖ ਲਿਆ ਤੇ ਉਮਰ ਭਰ ਦੇ ਸਾਥੀਆਂ ਦਾ ਦਰਦ ਨਾ ਸਮਝਿਆ। ਅਕਾਲੀ ਦਲ ਦੀ ਅੰਦਰੂਨੀ ਸਥਿਤੀ ਦੇ ਜਾਣਕਾਰ ਆਖਦੇ ਹਨ ਕਿ ਇਹ ਅਜੇ ਪਹਿਲਾ ਅਸਤੀਫਾ ਹੈ, ਇਸ ਨਾਲ ਮਾਮਲਾ ਮੁੱਕਣ ਦੀ ਥਾਂ ਅੱਗੇ ਵੀ ਵਧ ਸਕਦਾ ਹੈ। ਬਹੁਤ ਸਾਰੇ ਟਕਸਾਲੀ ਅਕਾਲੀ ਆਗੂ ਬਾਗੀ ਰੋਹ ਵਿਚ ਹਨ।
ਭੂੰਦੜ ਨੂੰ ਪ੍ਰਧਾਨ ਬਣਾਉਣ ਦੀਆਂ ਤਿਆਰੀਆਂ : ਚੋਣਾਂ ਵਿਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਖੁਰ ਰਹੇ ਆਧਾਰ ਕਾਰਨ ਪੁਰਾਣੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਚਰਚਾ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਣ ਦੀਆਂ ਤਿਆਰੀਆਂ ਦਾ ਢੀਂਡਸਾ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਉਸ ਸਮੇਂ ਪ੍ਰਧਾਨਗੀ ਬਦਲਣ ਵਾਲੀ ਗੱਲ ਰੁਕ ਗਈ ਸੀ, ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਤੇ ਪੇਸ਼ ਕੀਤੀ ਰਿਪੋਰਟ ਦੀ ਵਿਧਾਨ ਸਭਾ ਵਿੱਚ ਹੋਈ ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੌਂਪਣ ਦੀ ਗੱਲ ਚੱਲ ਰਹੀ ਹੈ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਫਿਰੋਜਪੁਰ ਰੈਲੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਦੀ ਪੂਰੀ ਸੰਭਾਵਨਾ ਸੀ, ਪਰ ਸ੍ਰ: ਭੂੰਦੜ ਵੱਲੋਂ ਇਸ ਰੈਲੀ ਦੌਰਾਨ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹੇ ਜਾਣ ਤੋਂ ਬਾਅਦ ਉਠੇ ਵਿਵਾਦ ਕਾਰਨ ਇਹ ਐਲਾਨ ਵਿਚੇ ਹੀ ਰੁਕ ਗਿਆ।
ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ‘ਤੇ ਭੂੰਦੜ ਵੱਲੋਂ ਤਖਤ ਦਮਦਮਾ ਸਾਹਿਬ ‘ਤੇ ਪੇਸ ਹੋਕੇ ਤਨਖਾਹ ਲਗਵਾ ਕੇ ਭੁੱਲ ਬਖਸਾਉਣ ਤੋਂ ਬਾਅਦ ਹੁਣ ਦੁਬਾਰਾ ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਸੀ ਤਾਂ ਢੀਂਡਸਾ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਇਸ ਦਾ ਵਿਰੋਧ ਕੀਤਾ ਗਿਆ ਅਤੇ  ਫੇਰ ਵਾਹ ਨਾ ਚੱਲਦੀ ਦੇਖ ਢੀਂਡਸਾ ਵੱਲੋਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤਾ ਗਿਆ ਹੈ। ਇਸ ਤੋਂ ਢੀਂਡਸਾ ਖੁੱਲੇ ਰੂਪ ਵਿੱਚ ਆਖ ਚੁੱਕੇ ਹਨ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਛੁੱਟੀ ਹੋ ਜਾਣੀ ਚਾਹੀਦੀ ਹੈ, ਪਰ ਪਾਰਟੀ ਅੰਦਰ ਜਿਸ ਤਰ੍ਹਾਂ ਢੀਂਡਸਾ ਦੀ ਆਵਾਜ਼ ਨੂੰ ਅਣਸੁਣਿਆਂ ਕੀਤਾ ਜਾ ਰਿਹਾ ਸੀ, ਉਹ ਵੀ ਅਸਤੀਫੇ ਦੇ ਕਾਰਨਾਂ ਵਿੱਚ ਸਾਮਲ ਹੈ। ਦੂਸਰੀ ਚਰਚਾ ਅਨੁਸਾਰ ਸੰਗਰੂਰ ਲੋਕ ਸਭਾ ਸੀਟ ਤੋਂ ਢੀਂਡਸਾ ਦੇ ਵਾਰ ਵਾਰ ਹਾਰਨ ਕਰਕੇ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਗਰੂਰ ਸੀਟ ਭਾਜਪਾ ਲਈ ਛੱਡਣ ਦਾ ਮਨ ਬਣਾ ਲਿਆ ਤੇ ਭਾਜਪਾ ਦੇ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਹਰਜੀਤ ਗਰੇਵਾਲ ਨੇ ਆਪਣੀਆਂ ਸਰਗਰਮੀਆਂ ਵਿੱਢਦਿਆਂ ਆਪਣੇ ਸਮਰਥਕਾਂ ਨੂੰ ਭਾਜਪਾ ਵਿੱਚ ਜਿੰਮੇਵਾਰੀਆਂ ਸੌਂਪਣੀਆਂ ਸੁਰੂ ਕਰ ਦਿੱਤੀਆਂ ਹਨ।
ਸਿਆਸੀ ਮਾਹਿਰਾਂ ਵੱਲੋਂ ਕਿਆਫੇ ਲਗਾਏ ਜਾ ਰਹੇ ਹਨ ਕਿ ਇਸ ਤਰ੍ਹਾਂ ਦੀ ਕਵਾਇਦ ਨੂੰ ਦੇਖਦਿਆਂ ਹੀ ਢੀਂਡਸਾ ਨੇ ਅਸਤੀਫਾ ਦਿੱਤਾ ਹੈ। ਇਥੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਪੰਥ ਅੰਦਰ ਬਾਦਲ ਪਰਿਵਾਰ ਦੇ ਵਧ ਰਹੇ ਵਿਰੋਧ ਅਤੇ ਬਰਗਾੜੀ ਮੋਰਚੇ ਨੂੰ ਦਿਨੋਂ ਦਿਨ ਮਿਲ ਰਹੇ ਭਰਵੇਂ ਸਮਰਥਨ ਨੂੰ ਦੇਖਦਿਆਂ ਟਕਸਾਲੀ ਅਕਾਲੀ ਆਗੂਆਂ ਵੱਲੋਂ ਸਮੇਂ ਦੀ ਨਜਾਕਤ ਨੂੰ ਪਛਾਣਦਿਆਂ ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਗਲਬੇ ਤੋਂ ਮੁਕਤ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਦੇ ਯਤਨਾਂ ਵਿੱਢਦਿਆਂ ਕੋਈ ਨਵੀਂ ਰਣਨੀਤੀ ਤਹਿਤ ਹੀ ਬਾਦਲ ਪਰਿਵਾਰ ਖਿਲਾਫ ਉਠੀ ਬਗਾਵਤ ਨੂੰ ਤੇਜ਼ ਕਰਨ ਲਈ ਢੀਂਡਸਾ ਨੇ ਇਹ ਫੈਸਲਾ ਲਿਆ ਹੋਵੇ।
ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਢਾਲ ਬਣਾਇਆ : ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਪੈਦਾ ਹੋਏ ਸਿਆਸੀ ਸੰਕਟ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੂੰ ਹੀ ਆਪਣੇ ਪਿਤਾ ਵੱਲੋਂ ਲਏ ਫੈਸਲੇ ਦਾ ਜਵਾਬ ਦੇਣ ਲਈ ਅੱਗੇ ਲਿਆਂਦਾ ਹੈ। ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਚਨਬੱਧ ਹੈ ਅਤੇ ਉਹ, ਪਿਤਾ ਦੀ ਪਾਰਟੀ ਦੇ ਕੰਮਾਂ ਤੋਂ ਸੇਵਾਮੁਕਤੀ ਮਗਰੋਂ ਪਰਿਵਾਰ ਦੀ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਬਿਲਕੁੱਲ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਦੇ ਨਾਲ ਹਨ ਅਤੇ ਉਹ ਰਾਜ ਸਭਾ ਮੈਂਬਰ ਵਜੋਂ ਸੇਵਾ ਜਾਰੀ ਰੱਖਣਗੇ।
ਢੀਂਡਸਾ ਅਸਤੀਫ਼ਾ ਵਾਪਸ ਨਹੀਂ ਲੈਣਗੇ : ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਪ੍ਰਤੀ ਵਰਤੇ ਸ਼ਬਦਾਂ ਕਿ ਢੀਂਡਸਾ ਮੇਰਾ ਭਰਾ ਹੈ ਪ੍ਰਤੀ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ ਵਾਪਸ ਨਹੀਂ ਲੈਣਗੇ।
ਤੋਤਾ ਸਿੰਘ ਦਾ ਬਾਗੀ ਰੁਖ : ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵੀ ਇਸ ਸਾਰੇ ਘਟਨਾਕ੍ਰਮ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤੋਤਾ ਸਿੰਘ ਨੇ ਕਿਹਾ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ ਅਤੇ ਪ੍ਰਧਾਨਗੀ ‘ਤੇ ਵੀ ਸਦਾ ਇਕੋ ਵਿਅਕਤੀ ਨੇ ਨਹੀਂ ਰਹਿਣਾ।

ਹੁਣ ਸਿਆਸਤ ਦੇ ਬਾਬਾ ਬੋਹੜ ਆਸਰੇ ਹਨ ਅਕਾਲੀ
ਅਕਾਲੀ ਪਾਰਟੀ ਵਿੱਚ ਲਗਾਤਾਰ ਹਲਚਲ ਨਜ਼ਰ ਆ ਰਹੀ ਹੈ। ਪਹਿਲਾ ਸੁਖਦੇਵ ਢੀਂਢਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਤੇ ਫ਼ਿਰ ਮਾਂਝੇ ਖੇਤਰ ਦੇ ਤਿੰਨ ਆਗੂਆਂ ਦੀ ਬਗ਼ਾਵਤ ਨੇ ਸਿਆਸਤ ਦੇ ਬਾਬਾ ਬੋਹਰ ਕਹੇ ਜਾਣ ਵਾਲੇ ਪ੍ਰਕਾਸ ਸਿੰਘ ਬਾਦਲ ਨੂੰ ਖੁਦ ਅੱਗੇ ਆ ਕੇ ਮੋਰਚਾ ਸੰਭਾਲ ਲੈਣ ਲਈ ਮਜ਼ਬੂਰ ਕਰ ਦਿੱਤਾ।
ਵੱਡੇ ਬਾਦਲ ਨੇ ਰਣਜੀਤ ਬ੍ਰਹਮਪੁਰਾ ਤੇ ਬਾਕੀ ਲੀਡਰਾਂ ਨੂੰ ਫ਼ੋਨ ਕਰਕੇ ਪਾਰਟੀ ਦੀ 7 ਅਕਤੂਬਰ ਨੂੰ ਕੈਪਟਨ ਅਮਰਿੰਦਰ ਦੇ ਗੜ੍ਹ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਲਈ ਸੱਦਾ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ 2017 ਦੀਆਂ ਚੋਣਾਂ ਤੋਂ ਬਾਅਦ ਬਾਦਲ ਨੂੰ ਖੁਦ ਅੱਗੇ ਆ ਕੇ ਪਾਰਟੀ ਦੀ ਕਮਾਨ ਸੰਭਾਲਣੀ ਪਈ। ਇਸ ਤੋਂ ਪਹਿਲਾ ਪਾਰਟੀ ਦੇ ਸਾਰੇ ਫੈਸਲੇ ਸਿਰਫ਼ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਹੀ ਲੈਂਦੇ ਆ ਰਹੇ ਸਨ।
ਹੁਣ ਬਹੁਤ ਕੁਝ ਉਨ੍ਹਾਂ ਦੇ ਸੰਕਟ ਪ੍ਰਬੰਧਨ ਦੇ ਹੁਨਰ ਤੇ ਨਿਰਭਰ ਕਰਦਾ ਹੈ ਕਿਉਂਕਿ ਅਸੰਤੁਸ਼ਟ ਲੀਡਰਾਂ ਨੂੰ ਦੋਬਾਰਾ ਮਨਾਉਣਾ ਤੇ ਪਾਰਟੀ ਦੇ ਪੰਥਕ ਆਧਾਰ ਨੂੰ ਕਾਇਮ ਰੱਖਣਾ ਕਹਿਣਾ ਤਾਂ ਅਸਾਨ ਹੈ ਪਰ ਅਜਿਹਾ ਕਰ ਪਾਉਣਾ ਬਹੁਤ ਮੁਸ਼ਕਿਲ। ਹਾਲਾਂਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਸੁਖਬੀਰ ਦੀ ਅਗਵਾਈ ਨੂੰ ਕੋਈ ਚੁਣੌਤੀ ਨਹੀਂ ਹੈ, ਗੁਜਰਾਲ ਨੇ ਚੱਲ ਰਹੇ ਸੰਕਟ ਨੂੰ ਵੀ ਅਸਥਾਈ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬਾਦਲ ਕੋਲ ਅਜੇ ਵੀ ਸਭ ਤੋਂ ਵੱਡੇ ਹਨ ਕਿਉਂਕਿ ਉਹ ਪਿਛਲੇ 60 ਸਾਲਾਂ ਤੋਂ ਪਾਰਟੀ ਵਿੱਚ ਹਨ।
“ਜੋ ਆਗੂ ਸਵਾਲ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੱਲ ਵੀ ਸੁਣੀ ਜਾਵੇ ਤੇ ਬਾਦਲ ਸਾਬ੍ਹ ਸੁਖਬੀਰ ਨੂੰ ਵੀ ਸਲਾਹ ਮਸ਼ਵਰਾ ਦੇਣਗੇ ਅਤੇ ਸਭ ਕੁਝ ਪਾਰਟੀ ਵਿੱਚ ਛੇਤੀ ਹੀ ਆਮ ਹੋ ਜਾਵੇਗਾ।