ਕਠੂਆ ਕਾਂਡ ਨੇ ਦੇਸ਼ ਨੂੰ ਸ਼ਰਮਸਾਰ ਕੀਤਾ: ਕੋਵਿੰਦ

ਕਠੂਆ ਕਾਂਡ ਨੇ ਦੇਸ਼ ਨੂੰ ਸ਼ਰਮਸਾਰ ਕੀਤਾ: ਕੋਵਿੰਦ
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਕਰਿਆਲ ਵਿੱਚ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੀ ਛੇਵੀਂ ਕਾਨਵੋਕੇਸ਼ਨ ਦੌਰਾਨ ਬੁੱਧਵਾਰ ਨੂੰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤਸਵੀਰ ਵਿੱਚ ਜੰਮੂ-ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਹਨ।

ਕਕਰਿਆਲ (ਰਿਆਸੀ)/ਬਿਊਰੋ ਨਿਊਜ਼
ਰਾਸ਼ਟਪਰਤੀ ਰਾਮ ਨਾਥ ਕੋਵਿੰਦ ਨੇ ਕਠੂਆ ਬਲਾਤਕਾਰ ਅਤੇ ਹੱਤਿਆ ਕਾਂਡ ਨੂੰ ਬਹੁਤ ਹੀ ਸ਼ਰਮਨਾਕ ਅਤੇ ਸੰਗੀਨ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ  ਸਾਨੂੰ ਇਸ ਗੱਲ ‘ਤੇ ਆਤਮਚਿੰਤਨ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਸਮਾਜ ਵਿਕਸਤ ਕਰ ਰਹੇ ਹਾਂ। ਬੱਚਿਆਂ ਖ਼ਿਲਾਫ਼ ਹੋਣ ਵਾਲੀ ਹਿੰਸਾ ਮਾਨਵਤਾ ਲਈ ਬਹੁਤ ਚਿੰਤਾ ਵਾਲੀ ਗੱਲ ਹੈ ਅਤੇ ਬੱਚਿਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਲਈ ਪੱਕੇ ਇਰਾਦੇ ਦੀ ਲੋੜ ਹੈ। ਇਥੇ ਸ੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੇ ਛੇਵੀਂ ਕਾਨਵੋਕੇਸ਼ਨ ‘ਚ ਰਾਸ਼ਟਰਪਤੀ ਨੇ ਕਿਹਾ, ”ਆਜ਼ਾਦੀ ਦੇ 70 ਸਾਲ ਬਾਅਦ ਵੀ ਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਬੇਹੱਦ ਸ਼ਰਮਨਾਕ ਹੈ।” ਉਨ੍ਹਾਂ ਕਿਹਾ, ”ਸਾਨੂੰ ਸਾਰਿਆਂ ਨੂੰ ਸੋਚਣਾ ਹੋਵੇਗਾ ਕਿ ਅਸੀਂ ਕਿੱਥੇ ਜਾ ਰਹੇ ਹਾਂ। ਕਿਸ ਤਰ੍ਹਾਂ ਦਾ ਸਮਾਜ ਵਿਕਸਤ ਕਰ ਰਹੇ ਹਾਂ। ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਰਹੇ ਹਾਂ।” ਉਨ੍ਹਾਂ ਕਿਹਾ, ”ਬੱਚਿਆਂ ਦੀ ਮੁਸਕਰਾਹਟ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਹੈ। ਸਾਡੇ ਸਮਾਜ ਦੀ ਵੱਡੀ ਸਫ਼ਲਤਾ ਹੋਵੇਗੀ ਜੇ ਅਸੀਂ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰ ਸਕੀਏ। ਇਹ ਕਿਸੇ ਵੀ ਸਮਾਜ ਦੀ ਪਹਿਲੀ ਜ਼ਿੰਮੇਵਾਰੀ ਹੈ।” ਰਾਸ਼ਟਰਪਤੀ ਨੇ ਦੇਸ਼ ਭਰ ਵਿੱਚ ਬੱਚਿਆਂ ਦੀ ਸੁਰੱਖਿਆ ਨਿਸਚਿਤ ਕਰਨ ਲਈ ਇਕ ਪ੍ਰਣ ਲੈਣ ਲਈ ਕਿਹਾ। ਸ੍ਰੀ ਕੋਵਿੰਦ ਨੇ ਕਿਹਾ, ”ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਕਠੂਆ ਵਰਗੀ ਘਟਨਾ ਭਵਿੱਖ ਵਿੱਚ ਕਿਸੇ ਵੀ ਭੈਣ ਜਾਂ ਬੇਟੀ ਨਾਲ ਨਾ ਵਾਪਰੇ।” ਰਾਸ਼ਟਰਪਤੀ ਦੇਸ਼ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਨਾਲ ਇਥੇ ਪੁੱਜੇ ਸਨ। ਸਰਕਾਰੀ ਸੂਤਰਾਂ ਅਨੁਸਾਰ ਰਾਜਪਾਲ ਐਨਐਨ ਵੋਹਰਾ, ਮੁੱਖ ਮੰਤਰੀ ਮਹਿਬੂਬਾ ਮੁਫ਼ਤੀ, ਵਿਧਾਨ ਪ੍ਰੀਸ਼ਦ ਦੇ ਮੁਖੀ ਹਾਜੀ ਇਨਾਇਤ ਅਲੀ ਅਤੇ ਵਿਧਾਨ ਸਭਾ ਦੇ ਸਪੀਕਰ ਕਵਿੰਦਰ ਗੁਪਤਾ ਨੇ ਹਵਾਈ ਅੱਡੇ ‘ਤੇ ਰਾਸ਼ਟਰਪਤੀ ਦਾ ਸਵਾਗਤ ਕੀਤਾ।

ਬੱਚੀ ਦੀ ਪਛਾਣ ਜ਼ਾਹਰ ਕਰਨ ਵਾਲੇ 12 ਮੀਡੀਆ ਘਰਾਣਿਆਂ ਨੂੰ ਹਰਜਾਨਾ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ ਵਿੱਚ ਗੈਂਗਰੇਪ ਦੀ ਸ਼ਿਕਾਰ ਹੋਈ ਅੱਠ ਸਾਲਾ ਬੱਚੀ ਦੀ ਪਛਾਣ ਜ਼ਾਹਰ ਕਰਨ ਵਾਲੇ 12 ਮੀਡੀਆ ਘਰਾਣਿਆਂ ਨੂੰ 10-10 ਲੱਖ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ ਜੋ ਕਸ਼ਮੀਰ ਪੀੜਤ ਰਾਹਤ ਕੋਸ਼ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਕਾਇਮ ਮੁਕਾਮ ਚੀਫ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਸੀ ਹਰੀ ਸ਼ੰਕਰ ਦੇ ਬੈਂਚ ਨੇ 12 ਮੀਡੀਆ ਘਰਾਣਿਆਂ ਨੂੰ ਨੋਟਿਸ ਜਾਰੀ ਕੀਤੇ ਸਨ ਜਿਨ੍ਹਾਂ ‘ਚੋਂ 9 ਹੀ ਵਕੀਲਾਂ ਰਾਹੀਂ ਹਾਜ਼ਰ ਹੋਏ ਸਨ ਤੇ ਉਨ੍ਹਾਂ ਦਲੀਲ ਦਿੱਤੀ ਸੀ ਕਿ ਪੀੜਤ ਬੱਚੀ ਦੀ ਮੌਤ ਹੋਣ ਕਰਕੇ ਉਨ੍ਹਾਂ ਨੂੰ ਇਸ ਨੇਮ ਬਾਰੇ ਭੁਲੇਖਾ ਪੈ ਗਿਆ ਸੀ।

ਦੋਸ਼ੀਆਂ ਦਾ ਬਚ ਜਾਣਾ ਸਭ ਲਈ ਖ਼ਤਰੇ ਦੀ ਘੰਟੀ’
ਸੰਯੁਕਤ ਰਾਸ਼ਟਰ: ਬਲਾਤਕਾਰ ਅਤੇ ਕਤਲ ਵਰਗੇ ਕਾਰੇ ਗੈਰ ਸਭਿਅਕ ਸਮਾਜ ਦਾ ਵਰਤਾਰਾ ਹਨ ਅਤੇ ਦੋਸ਼ੀਆਂ ਦਾ ਬਚ ਜਾਣਾ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਇਹ ਗੱਲ ਸੰਯੁਕਤ ਰਾਸ਼ਟਰ ਦੀ ਮਹਿਲਾ ਸਸ਼ਕਤੀਕਰਨ ਸਬੰਧੀ ਏਜੰਸੀ ਨੇ ਕਠੂਆ ਅਤੇ ਉਨਾਓ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕਹੀ। ਏਜੰਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਠੂਆ ਵਿੱਚ ਸੱਤ ਸਾਲਾ ਅਤੇ ਉਨਾਓ ਵਿੱਚ 17 ਸਾਲਾ ਬੱਚੀ ਨਾਲ ਬਲਾਤਕਾਰ ਤੇ ਹੱਤਿਆ ਮਾਮਲਿਆਂ ਵਿੱਚ ਰੋਸ ਦੇ ਪ੍ਰਗਟਾਵੇ ਦਾ ਬਿਆਨ ਮਹੱਤਵਪੂਰਨ ਹੈ ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨਾ ਹੈ।