ਉਨਾਓ ਬਲਾਤਕਾਰ ਕਾਂਡ ਦੇ ਸਬੰਧ ‘ਚ ਭਾਜਪਾ ਦਾ ਵਿਧਾਇਕ ਗ੍ਰਫਤਾਰ

ਉਨਾਓ ਬਲਾਤਕਾਰ ਕਾਂਡ ਦੇ ਸਬੰਧ ‘ਚ ਭਾਜਪਾ ਦਾ ਵਿਧਾਇਕ ਗ੍ਰਫਤਾਰ
ਨਵੀਂ ਦਿੱਲੀ/ਨਿਊਜ਼ ਬਿਊਰੋ:

ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਸੀਬੀਆਈ ਟੀਮ ਨੇ  17 ਸਾਲ ਦੀ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸ਼ੁਕਰਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸਰਕਾਰੀ ਅਧਿਕਾਰੀਆਂ ਨੇ  ਦੱਸਿਆ ਕਿ ਸੀਬੀਆਈ ਨੇ ਲਖਨਊ ਸਥਿਤ ਦਫਤਰ ਵਿੱਚ ਇਸ ਤੋਂ ਪਹਿਲਾਂ ਦਿਨ ਵੇਲੇ ਉਸ ਕੋਲੋਂ 16 ਘੰਟੇ ਪੁੱਛਗਿੱਛ ਕੀਤੀ। ਇਸ ਮਾਮਲੇ  ਨਾਲ ਸਬੰਧਤ ਤਿੰਨ ਕੇਸਾਂ ਦੀ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਸੀਬੀਆਈ ਹਵਾਲੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਉੱਤੇ ਪਏ ਭਾਰੀ ਦਬਾਅ ਤੋਂ ਬਾਅਦ ਕੀਤਾ ਗਿਆ ਹੈ। ਸੀਬੀਆਈ ਨੇ ਮੁੜ ਤੋਂ ਐਫਆਈਆਰਾਂ ਲਿਖ ਕੇ ਜਾਂਚ ਆਰੰਭ ਦਿੱਤੀ ਹੈ। ਚਾਰ ਵਾਰ ਵਿਧਾਇਕ ਬਣੇ ਸੈਂਗਰ ਨੂੰ ਸੀਬੀਆਈ ਨੇ ਸ਼ੁਕਰਵਾਰ ਸਵੇਰੇ 5:00 ਵਜੇ ਉਸ ਦੇ ਘਰ ਤੋਂ ਹਿਰਾਸਤ ਵਿੱਚ ਲੈ ਲਿਆ ਸੀ। ਇਸ ਦੌਰਾਨ ਅਲਾਹਾਬਾਦ ਹਾਈ ਕੋਰਟ ਨੇ ਸੀਬੀਆਈ ਨੂੰ ਹੁਕਮ ਦਿੱਤੇ ਹਨ ਕਿ ਵਿਧਾਇਕ ਸੈਂਗਰ ਨੂੰ ਤੁਰੰਤ ਗ੍ਰਿਤਾਰ ਕੀਤਾ ਜਾਵੇ। ਹਾਈ ਕੋਰਟ ਨੇ ਕਿਹਾ ਹੈ ਕਿ ਸਟੇਟਸ ਰਿਪੋਰਟ 2 ਮਈ ਤੱਕ ਅਦਾਲਤ ਨੂੰ ਸੌਂਪੀ ਜਾਵੇ। ਸੀਬੀਆਈ ਦੇ ਵਿਸ਼ੇਸ਼ ਮਾਹਿਰਾਂ ਨੇ ਜੇਲ੍ਹ ਵਿੱਚ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਜਿੱਥੇ ਪੀੜਤ ਲੜਕੀ ਦੇ ਪਿਤਾ ਦੀ ਮੌਤ ਹੋਈ ਸੀ। ਇਸ ਮੌਕੇ ਸੀਬੀਆਈ ਅਧਿਕਾਰੀਆਂ ਨੇ ਜੇਲ੍ਹ ਸਟਾਫ ਤੋਂ ਵੀ ਪੁੱਛਗਿੱਛ ਕੀਤੀ। ਸੀਬੀਆਈ ਵੱਲੋਂ ਪਹਿਲੀ ਦਰਜ ਕੀਤੀ ਐਫਆਈਆਰ ਵਿੱਚ ਬੰਗਰਮਾਓ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਤੇ ਇੱਕ ਔਰਤ ਸ਼ਸ਼ੀ ਸਿੰਘ ਦਾ ਨਾਂ ਮੁਲਜ਼ਮ ਵਜੋਂ ਸ਼ਾਮਲ ਹੈ। ਦੂਜੀ ਵਿੱਚ ਚਾਰ ਸਥਾਨਕ ਵਸਨੀਕ ਸ਼ਾਮਲ ਹਨ, ਜਿਨ੍ਹਾਂ ਨੇ ਲੜਕੀ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ ਅਤੇ ਇਨ੍ਹਾਂ ਉੱਤੇ ਉਸ ਦੀ ਜੁਡੀਸ਼ੀਅਲ ਹਿਰਾਸਤ ਦੌਰਾਨ ਹੱਤਿਆ ਕਰਨ ਦਾ   ਵੀ ਦੋਸ਼ ਹੈ। ਤੀਜਾ ਮਾਮਲਾ ਪੀੜਤ ਦੇ ਪਿਤਾ ਵਿਰੁੱਧ ਦਰਜ ਆਰਮਜ਼ ਐਕਟ ਦਾ ਹੈ।
ਇਸ ਦੌਰਾਨ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਭਰੋਸਾ ਦਿੱਤਾ ਹੈ ਕਿ ਉਨਾਓ ਬਲਾਤਕਾਰ ਕਾਂਡ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਅਪਰਾਧੀਆਂ ਵਿਰੁੱਧ ਸਖਤੀ ਕਰਾਂਗੇ: ਯੋਗੀ
ਲਖਨਊ: ਬਲਾਤਕਾਰ ਦੇ ਮਾਮਲੇ ਵਿੱਚ ਆਪਣੀ ਹੀ ਪਾਰਟੀ ਦੇ ਵਿਧਾਇਕ ਵਿਰੁੱਧ ਕਾਰਵਾਈ ਨਾ ਕਰਨ ਤੋਂ ਸਖਤ ਆਲੋਚਨਾ ਦਾ ਸ਼ਿਕਾਰ ਬਣੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਹੈ ਕਿ ਅਪਰਾਧੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸ ਦੀ ਸਰਕਾਰ ਸਖ਼ਤੀ ਨਾਲ ਨਿਪਟੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਮਲਾ ਸੀਬੀਆਈ ਹਵਾਲੇ ਕੀਤਾ ਹੈ। ਉਨ੍ਹਾਂ ਦੀ ਸਰਕਾਰ ਅਪਰਾਧੀਆਂ ਨਾਲ ਕਿਸੇ ਪ੍ਰਕਾਰ ਦੀ ਨਰਮੀ ਨਹੀ ਵਰਤੇਗੀ।