ਛੇਤੀ ਪੈ ਜਾਵੇਗਾ ਭਾਜਪਾ ਦਾ ਭੋਗ: ਰਾਹੁਲ ਗਾਂਧੀ

ਛੇਤੀ ਪੈ ਜਾਵੇਗਾ ਭਾਜਪਾ ਦਾ ਭੋਗ: ਰਾਹੁਲ ਗਾਂਧੀ

ਬੰਗਲੌਰ/ਬਿਊਰੋ ਨਿਊਜ਼:
ਭਾਜਪਾ ਨੂੰ 2019 ਦੀਆਂ ਆਮ ਚੋਣਾਂ ਜਿੱਤਣ ਦੇ ਦਮਗਜੇ ਛੱਡ ਦੇਣੇ ਚਾਹੀਦੇ ਹਨ । ਜੇ ਕਿਤੇ ਵਿਰੋਧੀ ਧਿਰ ਇਕਜੁੱਟ ਹੋ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਣਸੀ ਸੀਟ ਬਚਾਉਣੀ ਵੀ ਮੁਸ਼ਕਲ ਹੋ ਜਾਵੇਗੀ। ਇਹ ਦਾਅਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਤੇ ਆਪਣੇ ਸਿਆਸੀ ਭਿਆਲਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਵੀ ਪ੍ਰਗਟਾਇਆ। ਵਿਰੋਧੀ ਧਿਰ ਦੀ ਏਕਤਾ ‘ਤੇ ਟੇਕ ਰੱਖਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਜੇ ਸਮਾਜਵਾਦੀ ਪਾਰਟੀ ਤੇ ਬਸਪਾ ਇਕਜੁੱਟ ਹੋ ਗਏ ਤਾਂ ਭਾਜਪਾ ਸਾਲ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਬਾਰੇ ਭੁੱਲ ਹੀ ਜਾਵੇ ਤੇ ਅਜਿਹਾ ਹੋਣ ਨਾਲ ਮੋਦੀ ਨੂੰ ਵਾਰਾਣਸੀ ਸੀਟ ਬਚਾਉਣੀ ਵੀ ਮੁਸ਼ਕਿਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸੱਤਾਧਾਰੀਆਂ ਦਾ ਇਹੋ ਜਿਹਾ ‘ਭੋਗ’ ਪਵੇਗਾ ਜਿਸ ਨੂੰ ਕਈ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਕਾਂਗਰਸ ਆਗੂ ਨੇ ਕਿਹਾ ”ਉਹ ਇਸ ਦੇ ਦੋ ਕਾਰਨ ਦੇਖਦੇ ਹਨ। ਜਦੋਂ ਵਿਰੋਧੀ ਧਿਰ ਦੀ ਏਕਤਾ ਇਕ ਖਾਸ ਮੁਕਾਮ ‘ਤੇ ਪਹੁੰਚ ਜਾਵੇ ਤਾਂ ਤੁਹਾਡਾ ਜਿੱਤਣਾ ਮੁਸ਼ਕਲ ਹੋ ਜਾਵੇਗਾ। ਹੁਣ ਵਿਰੋਧੀ ਧਿਰ ਇਕਜੁੱਟ ਹੁੰਦੀ ਜਾ ਰਹੀ ਹੈ। ਇਹ ਗੱਲ ਸਾਫ਼ ਹੈ।” ਵੱਖ ਵੱਖ ਰਾਜਾਂ ਵਿੱਚ ਭਾਜਪਾ ਖਿਲਾਫ਼ ਹੋ ਰਹੀ ਸਫ਼ਬੰਦੀ ਵੱਲ ਇਸ਼ਾਰਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ” ਉਹ ਕਿੱਥੇ ਜਿੱਤਣਗੇ ? ਰਾਜਸਥਾਨ, ਛਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ ਵਿੱਚ ਅਸੀਂ ਉਨ੍ਹਾਂ ਨੂੰ ਪਛਾੜ ਦੇਵਾਂਗੇ। ਤੁਸੀਂ ਦੇਖਣਾ, ਇਹੋ ਜਿਹਾ ਪਟਾਕਾ ਪੈਣਾ ਹੈ ਕਿ ਲੋਕ ਸਾਲਾਂ ਤੱਕ ਚੇਤੇ ਰੱਖਣਗੇ।”
ਇਸ ਦੌਰਾਨ, ਰਾਹੁਲ ਗਾਂਧੀ ਨੇ ਵੀਵੀਆਈਪੀ ਦਾ ਬੋਝਾ ਉਤਾਰਦਿਆਂ ਬੰਗਲੌਰ ਵਿਚ ਮੈਟਰੋ ਟਰੇਨ ਦਾ ਸਫ਼ਰ ਕੀਤਾ ਤੇ ਇਕ ਫੜੀ ਵਾਲੇ ਆਈਸ ਕ੍ਰੀਮ ਪਾਰਲਰ ਵਾਲੇ ਦੀ ਕੁਲਫ਼ੀ ਦਾ ਲੁਤਫ਼ ਵੀ ਲਿਆ। ਰਾਹੁਲ ਨੇ ‘ਵਿਧਾਨ ਸੌਧਾ’ ਤੱਕ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਸਿਧਾਰਮਈਆ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀ ਪਰਮੇਸ਼ਵਰ ਤੇ ਰਾਜ ਸਭਾ ਐਮਪੀ ਰਾਜੀਵ ਗੌੜਾ ਵੀ ਉਨ੍ਹਾਂ ਦੇ ਨਾਲ ਸਨ। ਪਾਰਟੀ ਸੂਤਰਾਂ ਮੁਤਾਬਕ ਮੁਸਾਫ਼ਰ ਖਚਾਖਚ ਭਰੀ ਗੱਡੀ ਵਿੱਚ ਵੀਵੀਆਈਪੀ ਨੂੰ ਆਪਣੇ ਨਾਲ ਸਫ਼ਰ ਕਰਦਿਆਂ ਦੇਖ ਕੇ ਬਹੁਤ ਖੁਸ਼ ਨਜ਼ਰ ਆਏ।

ਰਾਜਘਾਟ ਉੱਤੇ ‘ਵਰਤ’
ਨਵੀਂ ਦਿੱਲੀ/ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ 9 ਅਪਰੈਲ ਨੂੰ ਸਵੇਰੇ ਮਹਾਤਮਾ ਗਾਂਧੀ ਦੀ ਸਮਾਧ ‘ਰਾਜਘਾਟ’ ਵਿਖੇ ਵਰਤ ‘ਤੇ ਬੈਠ ਕੇ ਕਾਂਗਰਸੀਆਂ ਵੱਲੋਂ ਵੱਖ ਵੱਖ ਥਾਈਂ ਕੀਤੀ ਜਾ ਰਹੀ ‘ਵਰਤ’ ਮੁਹਿੰਮ ਦੀ ਅਗਵਾਈ ਕੌਤੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਕਾਰਕੁਨ ਵੀ ਸ਼ਾਮਲ ਸਨੇ। ਪਾਰਟੀ ਦੇ ਕਾਰਕੁਨਾਂ ਨੇ ਦੇਸ਼ ਭਰ ਵਿੱਚ ਜ਼ਿਲ੍ਹਾ ਕਾਂਗਰਸੀ ਦਫ਼ਤਰਾਂ ਵਿਖੇ ਇਹ ਵਰਤ ਰੱਖ ਕੇ ਭਾਰਤ ਬੰਦ ਦੌਰਾਨ ਹੋਈ ਹਿੰਸਾ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹੋਏ ਸਰਧਾਂਜ਼ਲੀਆਂ ਭੇਟ ਕੀਤੀਆਂ। ਸਾਰੇ ਸੂਬਾ ਪ੍ਰਧਾਨਾਂ, ਏਆਈਸੀਸੀ ਜਨਰਲ ਸਕੱਤਰਾਂ ਤੇ ਇੰਚਾਰਜਾਂ ਸਣੇ ਵਿਧਾਇਕ ਦਲ ਦੇ ਨੇਤਾਵਾਂ ਨੂੰ ਭੇਜੀਆਂ ਗਈਆਂ ਹਦਾਇਤਾਂ ਮੁਤਾਬਕ ਫਿਰਕੂ ਸਦਭਾਵਨਾ ਦੇ ਮਾਹੌਲ ਦੀ ਰੱਖਿਆ ਲਈ ਅਜਿਹਾ ਪ੍ਰੋਗਰਾਮ ਉਲੀਕਿਆ ਗਿਆ ।