ਕੈਪਟਨ ਸਰਕਾਰ ‘ਚ ਸਾਰੇ ਮੰਤਰੀ ਨਿਕੰਮੇ-ਸਾਂਪਲਾ

ਕੈਪਟਨ ਸਰਕਾਰ ‘ਚ ਸਾਰੇ ਮੰਤਰੀ ਨਿਕੰਮੇ-ਸਾਂਪਲਾ
ਕੈਪਟਨ ਸਰਕਾਰ ‘ਚ ਸਾਰੇ ਮੰਤਰੀ ਨਿਕੰਮੇ-ਸਾਂਪਲਾ

ਜਲੰਧਰ/ਬਿਊਰੋ ਨਿਊਜ਼:
ਪੰਜਾਬ ਭਾਜਪਾ ਨੇ ਕੈਪਟਨ ਸਰਕਾਰ ਵਿਰੁੱਧ ‘ਵਜਾਓ ਢੋਲ- ਖੋਲ੍ਹੋ ਪੋਲ’ ਰੈਲੀ ਕਰਕੇ ਆਪਣੇ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਤਾਕਤ ਦਾ ਮੁਜ਼ਾਹਰਾ ਕੀਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ  ਰੈਲੀ ‘ਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਹ ਹੁਣ ਇਹ ਨਾ ਕਿਹਾ ਕਰਨ  ਕਿ ਭਾਜਪਾ ਦੇ  ਪੱਲੇ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ ਦਾ ਦਿਮਾਗ ਤਾਂ ਨਹੀਂ ਹੋ ਸਕਦੀ ਪਰ ਦਿਲ ਜ਼ਰੂਰ ਹੈ। ਰੈਲੀ ਦੀ ਸ਼ੁਰੂਆਤ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੇ ਸੁਖਬੀਰ ਬਾਦਲ ਨੇ ਢੋਲ ਵਜਾ ਕੇ ਕੀਤੀ। ਦੋਹਾਂ ਧਿਰਾਂ ਨੇ ਸਿਆਸੀ ਗੱਠਜੋੜ ਜਾਰੀ ਰੱਖਣ ‘ਤੇ ਸਭ ਤੋਂ ਵੱਧ ਜ਼ੋਰ ਦਿੱਤਾ। ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਕੈਪਟਨ ਸਰਕਾਰ ਵਿੱਚ ਇੱਕ ਵੀ ਕਾਬਿਲ ਮੰਤਰੀ ਨਹੀਂ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੀਆਂ ਉੱਠ  ਰਹੀਆਂ ਆਵਾਜ਼ਾਂ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਦ ਇਹ ਇਕੱਠੀਆਂ ਹੋ ਜਾਣ। ਕੇਂਦਰ ਸਰਕਾਰ ਇਸ ਬਾਰੇ ਸੋਚ-ਵਿਚਾਰ ਕਰ ਰਹੀ ਹੈ। ਸ੍ਰੀ ਸਾਂਪਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਘਿਰਾਓ ਵਾਲੇ ਪ੍ਰੋਗਰਾਮ ਵਿੱਚ ਪਾਰਟੀ ਵਰਕਰਾਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਐਲਾਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਿੰਦੋਸਤਾਨ ਰਹੇ ਭਾਵੇਂ ਨਾ ਰਹੇ ਪਰ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਜ਼ਰੂਰ ਕਾਇਮ ਰਹੇਗਾ। ਉਨ੍ਹਾਂ ਭਾਜਪਾ ਨੂੰ ਅਕਾਲੀ ਦਲ ਦਾ ਦਿਲ ਕਰਾਰ ਦਿੱਤਾ। ਉਨ੍ਹਾਂ ਭਾਜਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਕੇ ਪੰਜਾਬ ਦੀਆਂ ਚੋਣਾਂ ਵੀ ਲੋਕ ਸਭਾ ਦੇ ਨਾਲ ਕਰਵਾ ਦੇਣ ਤਾਂ 13 ਦੀਆਂ 13 ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕਰਾਂਗੇ ਅਤੇ ਪੰਜਾਬ ‘ਚ ਗੱਠਜੋੜ ਸਰਕਾਰ ਬਣਾਵਾਂਗੇ। ਸ੍ਰੀ ਬਾਦਲ ਨੇ ਵਿਧਾਨ ਸਭਾ ਦਾ ਸੈਸ਼ਨ 6 ਦਿਨ ਦਾ ਰੱਖੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਇੱਕ ਮਹੀਨੇ ਦਾ ਰੱਖਣਾ ਚਾਹੀਦਾ ਸੀ। ਉਨ੍ਹਾਂ ਕਾਂਗਰਸ ਨੂੰ ਪੰਜਾਬ ਦੀ ਅਸਲ ਦੁਸ਼ਮਣ ਦੱਸਿਆ ਅਤੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਇੱਕ ਸਾਲ ਵਿੱਚ ਹੀ ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿੱਚ ਤਾਂ ਉਹ ਪੰਜਾਬ ਨੂੰ ਤਬਾਹ ਕਰਕੇ ਰੱਖ ਦੇਣਗੇ।ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਵਾਲੇ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਨੂੰ ਬਦਨਾਮ ਕਰਨ ਵਿੱਚ ਲੱਗੇ ਰਹੇ। ‘ਆਪ’ ਨੇ ਤਾਂ ਮੁਆਫ਼ੀ ਮੰਗ ਲਈ ਹੈ, ਹੁਣ ਕੈਪਟਨ ਸਰਕਾਰ ਦੱਸੇ ਕਿ 70 ਫੀਸਦੀ ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲਿਆਂ ਨੇ ਕੀ ਇੱਕ ਸਾਲ ‘ਚ ਸੂਬੇ ਵਿੱਚੋਂ ਨਸ਼ਾ ਮੁਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਚਿੱਟਾ ਵੇਚਣ ਵਾਲਾ ਕਿਹੜਾ ਬਦਮਾਸ਼ ਫੜ ਕੇ ਅੰਦਰ ਕੀਤਾ ਹੈ? ਕਿਹੜੇ ਹਸਪਤਾਲਾਂ ਵਿੱਚ ਨਸ਼ੇੜੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ? ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਤਾਂ ਚਿੱਟਾ ਆਮ ਹੋ ਗਿਆ ਹੈ ਜਦ ਕਿ ਲੋਕਾਂ ਦੀ ਜ਼ਰੂਰਤ ਵਾਲਾ ਰੇਤਾ-ਬੱਜਰੀ ਕਾਂਗਰਸੀਆਂ ਹੱਥੋਂ  ਨੀਲਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਇਆ ਜਾ ਰਿਹਾ ਹੈ ਜਦ ਕਿ ਜੀਐਸਟੀ ਨਾਲ ਸਾਢੇ 26 ਕਰੋੜ ਰੁਪਏ ਮਿਲੇ ਹਨ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ   ਦਫਤਰ ਤੱਕ ਨਹੀਂ ਜਾਂਦੇ, ਕੰਮ ਤਾਂ ਕੀ ਹੋਣੇ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਲਈ ਸਰਕਾਰ ਅਕਾਲੀ ਦਲ-ਭਾਜਪਾ ਦੇ ਹਵਾਲੇ ਕਰ ਦਿੱਤੀ ਜਾਵੇ ਤਾਂ ਸਾਰਿਆਂ ਦੇ ਕੰਮ ਹੋ ਜਾਣਗੇ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਪਹਿਲਾ ਸਾਲ ਐਸ਼ਪ੍ਰਸਤੀ ਵਿੱਚ ਹੀ ਲੰਘਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਬੰਦ ਕਰਨ ਲਈ ਗੁਟਕਾ ਸਾਹਿਬ ਨੂੰ ਹੱਥ ਵਿੱਚ ਲੈ ਕੇ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਇੱਕ ਸਾਲ ਵਿੱਚ ਹੀ ਆਪਣੀ ਸਹੁੰ ਭੁੱਲ ਗਏ ਹਨ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ  ਸਕੱਤਰ ਤਰੁਣ ਚੁੱਘ, ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਮਨੋਰੰਜਨ ਤੇ ਹੋਰਨਾਂ ਨੇ ਸੰਬੋਧਿਤ ਕੀਤਾ।
ਝੋਟਾ ਮਰ ਗਿਆ
ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਵੱਲੋਂ ਮੰਗੀ ਮੁਆਫ਼ੀ ‘ਤੇ ਟਿੱਪਣੀ ਕਰਦਿਆਂ ਕਿਹਾ ਝੂਠ ਦੀ ਸਿਆਸਤ ਕਰਨ ਵਾਲਿਆਂ ਦਾ ਇਹੋ ਹਾਲ ਹੁੰਦਾ ਹੈ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਦਾ ਨਾਂ ਲਏ ਬਿਨਾਂ ਸ੍ਰੀ ਮਜੀਠੀਆ ਨੇ ਕਿਹਾ ਕਿ ਲੋਕ ਉਸ ਨੂੰ ਪੁੱਛਦੇ ਹਨ ਕਿ ਉਹਨੇ ਤਾਂ ਮੁਆਫ਼ੀ ਮੰਗੀ ਨਹੀਂ ਹੈ? ਮਜੀਠੀਆ ਨੇ ਕਿਹਾ ਕਿ ਜਦੋਂ ਝੋਟਾ ਮਰ ਗਿਆ ਤਾਂ ਜੂੰਆਂ ਆਪੇ ਮਰ ਜਾਂਦੀਆਂ ਨੇ।