ਭਾਜਪਾ ਤੇ ਅਕਾਲੀ ਆਗੂਆਂ ਨੇ ਰਾਜ ਨਾਥ ਨੂੰ ਮਿਲ ਕੇ ਟਾਈਟਲਰ ਵਿਰੁੱਧ ਕਾਰਵਾਈ ਦੀ ਕੀਤੀ ਮੰਗ
1984 ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਪਰਿਵਾਰ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਖ਼ਿਲਾਫ਼ ਕੀਤੇ ਪ੍ਰਦਰਸ਼ਨ ਮੌਕੇ ਪੁਲੀਸ ਨਾਲ ਖਹਿਬੜੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼:
ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡਿਓ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਨਵੇਂ ਸਿਰੇ ਤੋਂ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਭਾਜਪਾ ਦੇ ਸਿੱਖ ਅਤੇ ਅਕਾਲੀ ਦਲ ਦੇ ਆਗੂਆਂ ਨੇ ਵੱਖੋ ਵੱਖਰੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਸਮੇਤ ਭਾਜਪਾ ਦੇ ਵਫ਼ਦ ਨੇ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਟਾਈਟਲਰ ਖ਼ਿਲਾਫ਼ ਤੁਰੰਤ ਨਵੇਂ ਸਿਰੇ ਤੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬੈਠਾਉਣ ਅਤੇ ਮੁਕੱਦਮਾ ਚਲਾਉਣ ਲਈ ਕਿਹਾ। ਇਸ ਬਾਬਤ ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਮਨੋਜ ਤਿਵਾੜੀ ਨੇ ਵੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਧਰ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਵੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਟਾਈਟਲਰ ਦਾ ਪੌਲੀਗ੍ਰਾਫ਼ ਅਤੇ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ। ਮੰਗ ਪੱਤਰ ‘ਤੇ ਸ੍ਰੀਮਤੀ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਦਸਤਖ਼ਤ ਹਨ। ਮੰਗ ਪੱਤਰ ਵਿੱਚ ਟਾਈਟਲਰ ਦੀ ਵੀਡਿਓ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 34 ਸਾਲਾਂ ਮਗਰੋਂ ਸਬੂਤ ਦੱਸ ਰਹੇ ਹਨ ਕਿ ਰਾਜੀਵ ਗਾਂਧੀ ਵੱਲੋਂ ਕਤਲੇਆਮ ਦੀ ਕਥਿਤ ਤੌਰ ‘ਤੇ ਯੋਜਨਾ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਵੀਡਿਓ ਵਿੱਚ ਟਾਈਟਲਰ 100 ਸਿੱਖਾਂ ਨੂੰ ਮਾਰਨ ਦੀ ਗੱਲ ਕਰ ਰਿਹਾ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਕਤਲ ਅਤੇ ਵੱਡੀ ਰਕਮ ਹੋਰਾਂ ਨੂੰ ਦੇਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਡਿਓ ਦੇ ਆਧਾਰ ‘ਤੇ ਆਰ ਪੀ ਸਿੰਘ ਨੇ ਟਾਈਟਲਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਧਰ ਟਾਈਟਲਰ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ‘ਤੇ ਵੀਡਿਓ ਨਾਲ ਛੇੜਛਾੜ ਕਰਕੇ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਦੇ ਦੋਸ਼ ਲਾਉਂਦਿਆਂ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ।
Comments (0)