ਭੈਣਾਂ ਨੇ ਅੰਤਮ ਵਿਦਾਇਗੀ ਮੌਕੇ ਭਰਾ ਦੇ ਸਿਰ ਸਜਾਇਆ ਸਿਹਰਾ

ਭੈਣਾਂ ਨੇ ਅੰਤਮ ਵਿਦਾਇਗੀ ਮੌਕੇ ਭਰਾ ਦੇ ਸਿਰ ਸਜਾਇਆ ਸਿਹਰਾ

ਕਰੜੇ ਸੁਰੱਖਿਆ ਪ੍ਰਬੰਧਾਂ ਤੇ ਲੋਕਾਂ ਦੇ ਭਾਰੀ ਇਕੱਠ 
ਦੌਰਾਨ ਹੇਠ ਵਿੱਕੀ ਗੌਂਡਰ ਦਾ ਪਿੰਡ ‘ਚ ਸਸਕਾਰ
ਲੰਬੀ/ਬਿਊਰੋ ਨਿਊਜ਼ :
ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਉਸਦੇ ਪਿੰਡ ਸਰਾਵਾਂ ਬੋਦਲਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਪੁਲੀਸ ਦੇ ਸਖ਼ਤ ਪਹਿਰੇ ਹੇਠ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ।
ਸਸਕਾਰ ਮੌਕੇ ਉਸਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪੁੱਜੇ ਹੋਏ ਸਨ। ਵਿੱਕੀ ਗੌਂਡਰ ਦੀ ਮ੍ਰਿਤਕ ਦੇਹ ਕਰੀਬ 12:00 ਵਜੇ ਪੁਲੀਸ ਸੁਰੱਖਿਆ ਹੇਠ ਵੱਡੇ ਕਾਫ਼ਲੇ ਦੇ ਰੂਪ ਵਿੱਚ ਢਾਣੀ ਤੋਂ ਸ਼ਮਸ਼ਾਨਘਾਟ ਲਿਆਂਦੀ ਗਈ। ਇਸ ਕਾਫ਼ਲੇ ਵਿੱਚ ਕਰੀਬ 45 ਕਾਰਾਂ ਅਤੇ ਚਾਰ ਟਰੈਕਟਰ ਅਤੇ ਹੋਰ ਗੱਡੀਆਂ ਸ਼ਾਮਲ ਸਨ। ਉਸ ਦੀਆਂ ਭੈਣਾਂ ਨੇ ਆਪਣੇ ਭਰਾ ਦੇ ਸਿਰ ‘ਤੇ ਸਿਹਰਾ ਬੰਨ੍ਹਿਆ। ਉਸਦੇ ਪਿਤਾ ਮਹਿਲ ਸਿੰਘ ਭੁੱਲਰ ਨੇ ਚਿਖਾ ਨੂੰ ਅਗਨੀ ਦਿੱਤੀ। ਸ਼ਮਸ਼ਾਨਘਾਟ ਵਿੱਚ ਵਿਰਲਾਪ ਕਰਦੀ ਉਸਦੀ ਮਾਂ ਬਲਵੰਤ ਕੌਰ ਕੀਰਨੇ ਪਾ ਰਹੀ ਸੀ। ਜ਼ਿਲ੍ਹਾ ਪੁਲੀਸ ਵੱਲੋਂ ਸ਼ਮਸ਼ਾਨਘਾਟ ਦੇ ਅੰਦਰ ਅਤੇ ਬਾਹਰ ਚੱਪੇ-ਚੱਪੇ ‘ਤੇ ਪੁਲੀਸ ਦਾ ਪਹਿਰਾ ਸੀ ਅਤੇ ਰਾਹਾਂ ‘ਤੇ ਪੁਲੀਸ ਦੀ ਸਖ਼ਤ ਨਾਕਾਬੰਦੀ ਸੀ।

ਗੈਂਗਸਟਰ ਪ੍ਰੇਮਾ ਲਾਹੌਰੀਆ ਦੇ ਸਸਕਾਰ 
ਤੋਂ ਪਹਿਲਾਂ ਮੀਡੀਆ ਨੂੰ ਰੱਖਿਆ ਦੂਰ
ਜਲੰਧਰ/ਬਿਊਰੋ ਨਿਊਜ਼:
ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਜਲੰਧਰ ਦੇ ਗੈਂਗਸਟਰ ਪ੍ਰੇਮਾ ਲਾਹੌਰੀਆ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਪ੍ਰੇਮਾ ਲਾਹੌਰੀਆ ਦੇ ਮਿੱਠੂ ਬਸਤੀ ਸਥਿਤ ਘਰ ਤੋਂ ਸ਼ਾਮ 6:00 ਵਜੇ ਉਸ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਅਤੇ ਬਸਤੀ ਗੁਜਾਂ ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਪ੍ਰੇਮਾ ਲਾਹੌਰੀਆ ਦੇ ਪਰਿਵਾਰ ਵਾਲੇ ਬੀਤੇ ਦਿਨ ਹੀ ਉਸ ਦੀ ਲਾਸ਼ ਲੈਣ ਲਈ ਗੰਗਾਨਗਰ ਰਵਾਨਾ ਹੋ ਗਏ ਸਨ ਅਤੇ ਐਤਵਾਰ ਸਵੇਰੇ ਉਸ ਦੀ ਲਾਸ਼ ਲੈ ਕੇ ਵਾਪਸ ਜਲੰਧਰ ਪਹੁੰਚ ਗਏ। ਪ੍ਰੇਮਾ ਲਾਹੌਰੀਆ ਦੀ ਛੋਟੀ ਭੈਣ ਵਿਦੇਸ਼ ਰਹਿੰਦੀ ਹੈ। ਉਸ ਦੇ ਪਹੁੰਚਣ ਤੋਂ ਬਾਅਦ ਸਸਕਾਰ ਕੀਤਾ ਗਿਆ। ਪ੍ਰੇਮਾ ਲਾਹੌਰੀਆ ਦੇ ਪਰਿਵਾਰ ਵਾਲਿਆਂ ਅਤੇ ਉਸ ਦੇ ਦੋਸਤਾਂ ਨੇ ਮੀਡੀਆ ਨੂੰ ਘਰ ਅੰਦਰ ਨਹੀਂ ਜਾਣ ਦਿੱਤਾ। ਇਸ ਤਰ੍ਹਾਂ ਪੂਰਾ ਦਿਨ ਸੁਰੱਖਿਆ ਦੇ ਲਿਹਾਜ਼ ਪੱਖੋਂ ਕੋਈ ਵੀ ਵਰਦੀਧਾਰੀ ਪੁਲੀਸ ਮੁਲਾਜ਼ਮ ਜਾਂ ਅਫਸਰ ਲਾਹੌਰੀਆ ਦੇ ਘਰ ਕੋਲ ਨਜ਼ਰ ਨਹੀਂ ਆਇਆ। ਸੂਤਰਾਂ ਅਨੁਸਾਰ ਸਿਵਲ ਵਰਦੀ ‘ਚ ਕੁਝ ਪੁਲੀਸ ਮੁਲਾਜ਼ਮ ਨੇੜੇ-ਤੇੜੇ ਮੌਜੂਦ ਰਹੇ, ਜੋ ਹਾਲਾਤ ‘ਤੇ ਨਜ਼ਰ ਰੱਖ ਰਹੇ ਸਨ।
ਜ਼ਿਕਰਯੋਗ ਹੈ ਕਿ 26 ਜਨਵਰੀ ਦੀ ਸ਼ਾਮ ਨੂੰ ਪੰਜਾਬ-ਰਾਜਸਥਾਨ ਸਰਹੱਦ ‘ਤੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਨਾਲ ਹੀ ਪ੍ਰੇਮਾ ਲਾਹੌਰੀਆ ਪੁਲੀਸ ਮੁਕਾਬਲੇ ‘ਚ ਮਾਰਿਆ ਗਿਆ ਸੀ।

ਦੋ ਛੋਟੀਆਂ ਬੱਚੀਆਂ ਦਾ ਬਾਪ ਸੀ ਵਿੱਕੀ ਗੌਂਡਰ ਨਾਲ 
ਮਾਰਿਆ ਗਿਆ ਉਸਦਾ ਤੀਜਾ ਸਾਥੀ ਸਵਿੰਦਰ ਸਿੰਘ
ਅੰਮ੍ਰਿਤਸਰ,ਅਟਾਰੀ/ਬਿਊਰੋ ਨਿਊਜ਼:
ਗੈਂਗਸਟਰ ਵਿੱਕੀ ਗੌਂਡਰ ਨਾਲ ਬੀਤੇ ਦਿਨੀਂ ਮਾਰੇ ਗਏ ਇੱਕ ਨੌਜਵਾਨ ਦੀ ਸ਼ਨਾਖ਼ਤ ਸਵਿੰਦਰ ਸਿੰਘ (30 ਸਾਲ) ਵਾਸੀ ਘਰਿੰਡਾ, ਥਾਣਾ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਇੱਥੇ ਸਰਹੱਦੀ ਪਿੰਡ ਧਨੋਏ ਖੁਰਦ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਉਹ ਪਿਛਲੇ 15 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ। ਉਹ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਪਰਮਜੀਤ ਕੌਰ ਅਤੇ ਦੋ ਛੋਟੀਆਂ ਧੀਆਂ ਨਵਦੀਪ ਕੌਰ (6 ਸਾਲ) ਅਤੇ ਅਮਨਦੀਪ ਕੌਰ (3 ਮਹੀਨੇ) ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਉਸ ਦੀ ਲਾਸ਼ ਐਤਵਾਰ ਦੇਰ ਸ਼ਾਮੀਂ ਇੱਥੇ ਪੁੱਜੀ ਜਿਸਦਾ ਸਸਕਾਰ ਕਰ ਦਿੱਤਾ ਗਿਆ ਹੈ।
ਸਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਮਗਰੋਂ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਲੋਕਾਂ ਅਨੁਸਾਰ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੇ ਪਿਤਾ ਬਗੀਚਾ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਦਾ ਇੱਕ ਭਰਾ ਅਤੇ ਇੱਕ ਭੈਣ ਹੈ, ਜੋ ਵਿਆਹੀ ਹੋਈ ਹੈ। ਪਰਿਵਾਰ ਵੱਲੋਂ ਮੁੱਖ ਤੌਰ ‘ਤੇ ਖੇਤੀਬਾੜੀ ਕੀਤੀ ਜਾਂਦੀ ਹੈ। ਪੁਲੀਸ ਰਿਕਾਰਡ ਮੁਤਾਬਕ ਉਸ ਖ਼ਿਲਾਫ਼ ਹੁਣ ਤੱਕ ਕੋਈ ਵੀ ਕੇਸ ਦਰਜ ਨਹੀਂ ਹੈ।

ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਲੱਗਿਆ ਪਤਾ
ਲੰਬੀ: ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਪੁਲੀਸ ਮੁਕਾਬਲੇ ਵਿੱਚ ਹਿੰਦੂਮਲ ਕੋਟ ਨੇੜੇ ਇੱਕ ਢਾਣੀ ਵਿੱਚ ਪੁਲੀਸ ਮੁਕਾਬਲੇ ਮਗਰੋਂ ਤੀਜੇ ਮ੍ਰਿਤਕ ਨੂੰ ‘ਬੁੱਢਾ’ ਦੱਸਿਆ ਜਾ ਰਿਹਾ ਸੀ। ਸਵਿੰਦਰ ਸਿੰਘ ਦੀ ਪੁਲੀਸ ਮੁਕਾਬਲੇ ਵਿੱਚ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋਆਂ ਤੋਂ ਸੂਚਨਾ ਮਿਲੀ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ 10 ਦਿਨ ਪਹਿਲਾਂ ਘਰੋਂ ਗਿਆ ਸੀ।
ਸਵਿੰਦਰ ਸਿੰਘ ਦੇ ਪਰਿਵਾਰ ਨੂੰ ਉਸ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਚਿੱਤ-ਚੇਤਾ ਵੀ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੈਸੇ ਕਮਾਉਣ ਦੀ ਚਾਹਤ ਵਿੱਚ ਗੈਂਗਸਟਰਾਂ ਦੇ ਚੱਕਰ ‘ਚ ਫਸ ਕੇ ਪੁਲੀਸ ਮੁਕਾਬਲੇ ਵਿੱਚ ਜਾਨ ਗੁਆ ਬੈਠਾ।

ਸੁਖਪ੍ਰੀਤ ਬੁੱਢਾ ਦੀ ਸ਼ਨਾਖ਼ਤ ਨਹੀਂ ਕਰ ਸਕੇ ਪੰਚਾਇਤੀ ਤੇ ਮਾਪੇ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਪੁਲੀਸ ਮੁਕਾਬਲੇ ਵਿੱਚ ਬੀਤੇ ਦਿਨੀਂ ਮਾਰੇ ਗਏ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਤੀਜੇ ਸਾਥੀ ਸੁਖਪ੍ਰੀਤ ਉਰਫ਼ ਬੁੱਢਾ ਵਾਸੀ ਕੁੱਸਾ (ਮੋਗਾ) ਦੀ ਭਾਵੇਂ ਹਸਪਤਾਲ ਵਿੱਚ ਮੌਤ ਹੋਣ ਦੀ ਖ਼ਬਰ ਫੈਲ ਗਈ ਸੀ ਪਰ ਸੁਖਪ੍ਰੀਤ ਉਰਫ਼ ਬੁੱਢਾ ਦੇ ਪਿੰਡ ਦੇ ਸਰਪੰਚ ਤੇ ਉਸ ਦੇ ਮਾਪਿਆਂ ਨੇ ਲਾਸ਼ ਨੂੰ ਨਹੀਂ ਪਛਾਣਿਆ।  ਪਿੰਡ ਕੁੱਸਾ ਦੇ ਸਰਪੰਚ ਬਲਦੇਵ ਸਿੰਘ ਦੀ ਅਗਵਾਈ ਵਿੱਚ ਪੰਚਾਇਤ ਅਤੇ ਸੁਖਪ੍ਰੀਤ ਉਰਫ਼ ਬੁੱਢਾ ਦੇ ਪਿਤਾ ਮੇਜਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੇਖਣ ਉਪਰੰਤ ਦੱਸਿਆ ਕਿ ਇਹ ਉਨ੍ਹਾਂ ਦਾ ਲੜਕਾ ਨਹੀਂ ਹੈ।
ਮੇਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੋ ਸਾਲਾਂ ਤੋਂ ਘਰ ਨਹੀਂ ਆਇਆ। ਉਹ ਚਾਹੁੰਦੇ ਹਨ ਕਿ ਉਹ ਪੇਸ਼ ਹੋ ਜਾਵੇ ਅਤੇ ਪੁਲੀਸ ਵੀ ਇਹੀ ਆਖ ਰਹੀ ਹੈ ਪਰ ਦੋ ਸਾਲਾਂ ਤੋਂ ਉਨ੍ਹਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਉਰਫ਼ ਬੁੱਢਾ ਗੈਂਗਸਟਰ ਬਣਨ ਤੋਂ ਪਹਿਲਾਂ ਗੱਡੀਆਂ ਦਾ ਚੋਟੀ  ਦਾ ਮਕੈਨਿਕ ਸੀ ਤੇ ਡਰਾਈਵਿੰਗ ਦਾ ਮਾਹਿਰ ਸੀ। ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਕਿਸਾਨ  ਪਰਿਵਾਰ ਦਾ ਨੌਜਵਾਨ ਹੈ ਅਤੇ ਕਰੀਬ ਚਾਰ ਏਕੜ ਜ਼ਮੀਨ ਦਾ ਮਾਲਕ ਹੈ। ਉਸ ਦੇ ਆਪਣੇ ਦੋਸਤ ਨਾਲ ਹੋਏ ਤਕਰਾਰ ਵਿੱਚ ਹੋਈ ਮੌਤ ਮਗਰੋਂ  20 ਮਾਰਚ 2011 ਨੂੰ ਥਾਣਾ ਬੱਧਨੀਂ ਕਲਾਂ ਵਿੱਚ ਇਰਾਦਾ ਕਤਲ ਦਾ ਕੇਸ ਦਰਜ ਹੋ ਗਿਆ ਸੀ। ਉਮਰ ਕੈਦ ਦੀ ਸਜ਼ਾ ਪਿੱਛੋਂ  ਪੈਰੋਲ ‘ਤੇ ਆਉਣ ਤੋਂ ਬਾਅਦ ਉਹ ਭਗੌੜਾ ਹੋ ਗਿਆ ਅਤੇ ਗੈਂਗਸਟਰ ਦਵਿੰਦਰ ਬਬੀਹਾ ਦੇ ਗਰੁੱਪ ਵਿੱਚ ਸ਼ਾਮਲ ਹੋ ਗਿਆ। ਬਠਿੰਡਾ ਵਿੱਚ 11 ਸਤੰਬਰ 2016 ਨੂੰ ਦਵਿੰਦਰ ਬਬੀਹਾ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਸਮੇਂ ਇਹ ਪੁਲੀਸ ਨੂੰ ਚਕਮਾ ਦੇਣ ਵਿੱਚ ਸਫ਼ਲ ਰਿਹਾ। ਫਿਰ ਇਸ ਨੇ ਨਾਭਾ ਜੇਲ੍ਹ ਵਿੱਚੋਂ ਫ਼ਰਾਰ ਹੋਏ ਵਿੱਕੀ ਗੌਂਡਰ ਨਾਲ ਹੱਥ ਮਿਲਾ ਲਿਆ ਸੀ।

ਵਿੱਕੀ ਗੌਂਡਰ ਨਾਲ ਖੇਡਦੇ ਰਹੇ ਪੁਲੀਸ ਇੰਸਪੈਕਟਰ
ਨੇ ਧੋਖੇ ਨਾਲ ਕਰਾਇਆ ਮੁਕਾਬਲਾ-ਮਾਮੇ ਦਾ ਦੋਸ਼
ਮਲੋਟ,ਲੰਬੀ/ਬਿਊਰੋ ਨਿਊਜ਼
ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ‘ਤੇ ਸਥਿਤ ਹਿੰਦੂਮਲ ਕੋਟ ਦੀਆਂ ਢਾਣੀਆਂ ਵਿੱਚ ਪੰਜਾਬ ਦੇ 10 ਲੱਖ ਦੇ ਇਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਦੋ ਹੋਰ ਸਾਥੀਆਂ ਦੇ ਪੁਲੀਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਵਿੱਕੀ ਦਾ ਮਾਮਾ ਗੁਰਭੇਜ ਸਿੰਘ ‘ਬਿੱਟੂ ਬੀਕਾਨੇਰੀਆ’ ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਦੇ ਸਨਮੁੱਖ ਹੁੰਦਿਆਂ ਪੁਲੀਸ ਮੁਕਾਬਲੇ ਨੂੰ ਅੰਜਾਮ ਤੱਕ ਲੈ ਕੇ ਜਾਣ ਵਾਲੇ ਸੀਆਈਏ ਰਾਜਪੁਰਾ ਦੇ ਇੰਚਾਰਜ ਵਿਕਰਮ ਸਿੰਘ ਬਰਾੜ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਕਰਮ) ਅਤੇ ਵਿੱਕੀ ਦੋਵੇਂ ਸਪੋਰਟਸ ਕੋਟੇ ਵਿੱਚ ਹੋਣ ਕਰਕੇ ਇਕੱਠੇ ਖੇਡਦੇ ਤੇ ਪੜ੍ਹਦੇ ਰਹੇ ਹਨ। ਉਸ ਨੇ ਹੀ ਵਿੱਕੀ ਤੇ ਉਸ ਦੇ ਸਾਥੀਆਂ ਨੂੰ ਭਰੋਸੇ ਵਿੱਚ ਲੈ ਕੇ ਆਤਮ-ਸਮਰਪਣ ਕਰਨ ਲਈ ਮਨਾਇਆ ਸੀ, ਪਰ ਮੌਕੇ ‘ਤੇ ਉਨ੍ਹਾਂ ਦਾ ਝੂਠਾ ਪੁਲੀਸ ਮੁਕਾਬਲਾ ਬਣਾ ਦਿੱਤਾ ਗਿਆ। ਵਿੱਕੀ ਦੇ ਚਾਚੇ ਜਗਦੀਸ਼ ਸਿੰਘ ਪੱਪੂ ਨੇ ਵੀ ਗੁਰਭੇਜ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ।
ਗੁਰਭੇਜ ਸਿੰਘ ਨੇ ਦੱਸਿਆ ਕਿ ਵਿੱਕੀ ਦੀ ਉਸ ਨਾਲ ਵਟਸਐਪ ‘ਤੇ ਗੱਲ ਹੋਈ ਸੀ, ਜਿਸ ਵਿੱਚ ਉਸ ਨੇ ਕਿਹਾ ਸੀ, ‘ਮਾਮਾ ਜੀ ਮੈਂ ਇੰਸਪੈਕਟਰ ਵਿਕਰਮ ਸਿੰਘ ਬਰਾੜ ਜ਼ਰੀਏ ਆਤਮ ਸਮਰਪਣ ਕਰਨ ਲੱਗਿਆ ਹਾਂ ਅਤੇ ਅਸੀਂ ਉਨ੍ਹਾਂ ਨੂੰ ਮਿਲਣ ਚੱਲੇ ਹਾਂ ਅਤੇ ਉਨ੍ਹਾਂ ਦੀ ਸਾਰੀ ਗੱਲਬਾਤ ਹੋ ਚੁੱਕੀ ਹੈ।’
ਇਸੇ ਤਰ੍ਹਾਂ ਹੀ ਪ੍ਰੇਮਾ ਲਾਹੌਰੀਆ ਦੀ ਵੀ ਆਪਣੀ ਪਤਨੀ ਨਾਲ ਗੱਲ ਹੋਈ ਸੀ ਕਿ ਉਹ ਇੰਸਪੈਕਟਰ ਵਿਕਰਮ ਰਾਹੀਂ ਆਤਮ ਸਮਰਪਣ ਕਰਕੇ ਚੰਗੇ ਨਾਗਰਿਕ ਵਾਂਗ ਜ਼ਿੰਦਗੀ ਬਸਰ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰੇਮਾ ਲਾਹੌਰੀਆ ਨੇ ਤਾਂ ਵਿਕਰਮ ਸਿੰਘ ‘ਤੇ ਬੇਵਿਸ਼ਵਾਸੀ ਜਤਾ ਕੇ ਮਿਲਣ ਤੋਂ ਨਾਂਹ ਕਰ ਦਿੱਤੀ ਸੀ, ਪਰ ਵਿੱਕੀ ਨੇ ਵਿਕਰਮ ਨਾਲ ਆਪਣੀ ਗੂੜ੍ਹੀ ਯਾਰੀ ਦਾ ਭਰੋਸਾ ਦੇ ਕੇ ਉਸ ਨੂੰ ਰਾਜ਼ੀ ਕਰ ਲਿਆ ਸੀ।
ਗੁਰਭੇਜ ਸਿੰਘ ਨੇ ਕਿਹਾ ਕਿ ਵਿੱਕੀ ਅਤੇ ਇੰਸਪੈਕਟਰ ਵਿਕਰਮ ਵਿਚਾਲੇ ਲਗਾਤਾਰ ਰਾਬਤਾ ਰਹਿੰਦਾ ਸੀ ਤੇ ਲਗਭਗ 7-8 ਦਿਨਾਂ ਮਗਰੋਂ ਉਨ੍ਹਾਂ ਵਿਚਾਲੇ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਉਨ੍ਹਾਂ ਪੁਲੀਸ ਮੁਕਾਬਲੇ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁਕਾਬਲੇ ਦੌਰਾਨ ਏਨੇ ਵੱਡੇ ਗੈਂਗਸਟਰ ਦੇ ਪੈਰਾਂ ਵਿੱਚ ਬੂਟ ਵੀ ਨਾ ਹੋਣਾ ਤੇ ਕੜਾਕੇ ਦੀ ਠੰਢ ਵਿੱਚ ਸਰੀਰ ‘ਤੇ ਪਤਲੀ ਟੀ-ਸ਼ਰਟ ਹੋਣਾ ਪੁਲੀਸ ਕਾਰਵਾਈ ‘ਤੇ ਸਵਾਲ ਖੜ੍ਹਾ ਕਰਦੀ ਹੈ। ਉਨ੍ਹਾਂ ਆਖਿਆ ਕਿ ਫੋਟੋਆਂ ਵਿੱਚ ਵਿੱਕੀ ਦੀ ਲਾਸ਼ ਕੋਲ ਦਿਖਾਈ ਗਈ ਪਿਸਤੌਲ ਤੇ ਗੋਲੀਆਂ ਵੱਖ-ਵੱਖ ਬੋਰ ਦੀਆਂ ਹਨ। ਉਨ੍ਹਾਂ ਆਖਿਆ ਕਿ ਰਾਜਸਥਾਨ ਪੁਲੀਸ ਨੇ ਵੀ ਇਸ ਮੁਕਾਬਲੇ ਦੀ ਸੂਚਨਾ ਕਾਫ਼ੀ ਸਮੇਂ ਬਾਅਦ ਮਿਲਣ ਦੀ ਗੱਲ ਆਖੀ ਹੈ। ਹਾਲਾਂਕਿ ਰਾਜਸਥਾਨ ਪੁਲੀਸ ਨੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਵਿੱਢ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫੋਨ ਆਉਣ ਤੋਂ ਕੁਝ ਸਮਾਂ ਬਾਅਦ ਹੀ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਉਸ ਦੇ ਮੁਕਾਬਲੇ ਦੀਆਂ ਖਬਰਾਂ ਆਉਣ ਲੱਗੀਆਂ।
ਗੁਰਭੇਜ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਪਰਿਵਾਰ ਨੇ ਮੁਕਾਬਲੇ ਦੀ ਸੱਚਾਈ ਕੱਢਣ ਲਈ ਸੀਬੀਆਈ ਪੜਤਾਲ ਦੀ ਮੰਗ ਕੀਤੀ ਹੈ।