ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਨਹੀਂ ਦਿੱਤਾ ਜਾਵੇਗਾ: ਨਈਅਰ

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਨਹੀਂ ਦਿੱਤਾ ਜਾਵੇਗਾ: ਨਈਅਰ

ਕੁਲਦੀਪ ਨਈਅਰ ਦੀ ਅਗਵਾਈ ਹੇਠ ਦਿੱਲੀ ਕਮੇਟੀ ਵੱਲੋਂ ਕਰਵਾਈ ਗਈ ਬੈਠਕ ਵਿੱਚ ਹਾਜ਼ਰ ਸ਼ਖ਼ਸੀਅਤਾਂ। 
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਸਿੱਧ ਲਿਖਾਰੀ, ਕਾਲਮਨਵੀਸ ਤੇ ਰਾਸ਼ਟਰੀ ਸ਼ਖਸੀਅਤ ਕੁਲਦੀਪ ਨਈਅਰ ਨੇ ਫੈਸਲਾ ਕੀਤਾ ਹੈ ਕਿ ਉਹ ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦਾ ਮਾਮਲਾ ਆਪਣੇ ਹੱਥ ਵਿੱਚ ਲੈਣਗੇ ਤੇ ਸਰਕਾਰ ਦੇ ਨਾਲ ਨਾਲ ਸਾਰੇ ਹਿਤਧਾਰਕਾਂ ਨਾਲ ਇਸ ਮਸਲੇ ਨੂੰ ਚੁੱਕਣਗੇ। ਇਹ ਫੈਸਲਾ ਅੱਜ ਕੁਲਦੀਪ ਨਈਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਇਹ ਤਹੱਈਆ ਕੀਤਾ ਗਿਆ ਕਿ ਕਿਸੇ ਵੀ ਹਾਲਾਤ ਵਿਚ ਦਿਆਲ ਸਿੰਘ ਕਾਲਜ ਦੇ  ਨਾਮ ਬਦਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਅੱਜ ਅਕਾਦਮਿਕ ਸ਼ਖਸੀਅਤਾਂ ਨੇ ਸਵਰਗੀ ਦਿਆਲ ਸਿੰਘ ਮਜੀਠੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਮਜੀਠੀਆ ਵੱਲੋਂ ਹੀ ਦੇਸ਼ ਦਾ ਪਹਿਲਾ ਬੈਂਕ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕੀਤਾ ਗਿਆ ਸੀ ਤੇ ਫਿਰ ‘ਟ੍ਰਿਬਿਊਨ ਅਖਬਾਰ’, ਪਬਲਿਕ ਲਾਇਬ੍ਰੇਰੀ, ਸਕੂਲ ਤੇ ਕਾਲਜ ਆਦਿ ਸਥਾਪਤ ਕਰਵਾਏ ਗਏ। ਅਕਾਦਮਿਕ ਸ਼ਖਸੀਅਤਾਂ ਨੇ ਕਿਹਾ ਕਿ ਸਮਾਜ ਸੁਧਾਰਕ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
ਮੀਟਿੰਗ ਨੇ ਇਸ ਮਾਮਲੇ ‘ਤੇ ਚਰਚਾ ਕੀਤੀ ਤੇ ਮਹਿਸੂਸ ਕੀਤਾ ਕਿ ਕੁਝ ਤਾਕਤਾਂ ਇਸ ਨੂੰ ਫਿਰਕੂ ਤੇ ਧਾਰਮਿਕ ਰੰਗਤ ਦੇਣਾ ਚਾਹੁੰਦੀਆਂ ਹਨ। ਅਖੀਰ ਇਹ ਫੈਸਲਾ ਕੀਤਾ ਗਿਆ ਕਿ ਕਾਲਜ ਦਾ ਨਾਮ ਬਦਲਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਇਸ ਵਿੱਚ ਕੋਈ ਫਿਰਕੂ ਜਾਂ ਧਾਰਮਿਕ ਰੰਗਤ ਦੇਣ ਦਿੱਤੀ ਜਾਵੇਗੀ। ਇਸ ਮੌਕੇ ਇਹ ਵੀ ਅਪੀਲ ਕੀਤੀ ਗਈ ਕਿ ਇਸ ਮਾਮਲੇ ‘ਤੇ ਕੋਈ ਵਿਵਾਦ ਨਾ ਖੜ੍ਹਾ ਕੀਤਾ ਜਾਵੇ। ਸ੍ਰੀ ਨਈਅਰ ਨੇ ਕਿਹਾ ਕਿ ਉਹ ਸਾਰੇ ਹਿਤ ਧਾਰਕਾਂ ਨਾਲ ਗੱਲ ਕਰ ਲੈਣ ਉਸ ਮਗਰੋਂ ਅਗਲੀ ਮੀਟਿੰਗ ਵਿੱਚ ਇਸ ਮਾਮਲੇ ‘ਤੇ ਭਵਿੱਖ ਰਣਨੀਤੀ ਦਾ ਫੈਸਲਾ ਲਿਆ ਜਾਵੇਗਾ।
ਮੀਟਿੰਗ ਵਿੱਚ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤਰਲੋਚਨ ਸਿੰਘ ਸਾਬਕਾ ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਪ੍ਰੋ. ਭਗਵਾਨ ਜੋਸ਼ ਜੇਐਨਯੂ, ਪ੍ਰੋ. ਪੀਕੇ ਪਰਿਹਾਰ ਪ੍ਰਧਾਨ ਦਿਆਲ ਸਿੰਘ ਕਾਲਜ ਟੀਚਰਜ਼ ਐਸੋਸੀਏਸ਼ਨ, ਪ੍ਰੋ. ਜਗਬੀਰ ਸਿੰਘ, ਪ੍ਰੋ. ਰਵੇਲ ਸਿੰਘ, ਗੋਸਵਾਮੀ ਸੁਸ਼ੀਲ ਮਹਾਰਾਜਾ, ਪੀਐਸ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸ਼ਾਮਲ ਸਨ।