ਬੇਨਜ਼ੀਰ ਭੁੱਟੋ ਕਤਲ ਮਾਮਲੇ ‘ਚ ਪਾਕਿ ਅਦਾਲਤ ਵਲੋਂ ਮੁਸ਼ੱਰਫ਼ ਭਗੌੜਾ ਕਰਾਰ

ਬੇਨਜ਼ੀਰ ਭੁੱਟੋ ਕਤਲ ਮਾਮਲੇ ‘ਚ ਪਾਕਿ ਅਦਾਲਤ ਵਲੋਂ ਮੁਸ਼ੱਰਫ਼ ਭਗੌੜਾ ਕਰਾਰ

ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਕਤਲ ਮਾਮਲੇ ਵਿਚ ਮੁਲਕ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ ਭਗੌੜਾ ਐਲਾਨਦਿਆਂ ਉਸ ਦੀ ਸਾਰੀ ਜਾਇਦਾਦ ਕਬਜ਼ੇ ਵਿਚ ਲੈਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ 17 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਦਕਿ ਤਹਿਰੀਕੇ ਤਾਲਿਬਾਨ ਦੇ ਪੰਜ ਮਸ਼ਕੂਕਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਹੈ।
ਪਾਕਿਸਤਾਲ ਪੀਪਲਜ਼ ਪਾਰਟੀ (ਪੀਪੀਪੀ) ਦੀ ਮੁਖੀ ਤੇ ਦੋ ਵਾਰ ਮੁਲਕ ਦੀ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ (54) ਨੂੰ 27 ਦਸੰਬਰ 2007 ਨੂੰ ਰਾਵਲਪਿੰਡੀ ਦੇ ਲਿਆਕਤ ਬੇਗ਼ ਵਿੱਚ ਚੋਣ ਕੰਪੇਨ ਰੈਲੀ ਮੌਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰੈਲੀ ਮੌਕੇ ਕੀਤੇ ਧਮਾਕੇ ਵਿਚ 20 ਤੋਂ ਵੱਧ ਲੋਕ ਫ਼ੌਤ ਹੋ ਗਏ ਸਨ। ਕਤਲ ਤੋਂ ਫ਼ੌਰੀ ਮਗਰੋਂ ਭਾਵੇਂ ਕੇਸ ਦਰਜ ਕਰ ਲਿਆ ਗਿਆ ਸੀ, ਪਰ ਪਿਛਲੇ ਇਕ ਦਹਾਕੇ ਦੌਰਾਨ ਕੇਸ ਨੇ ਕਈ ਉਤਰਾਅ ਚੜ੍ਹਾਅ ਵੇਖੇ ਤੇ ਬੀਤੇ ਦਿਨ ਰਾਵਲਪਿੰਡੀ ਵਿਚ ਕੇਸ ਦੀ ਸੁਣਵਾਈ ਮੁਕੰਮਲ ਹੋਈ।
ਜੱਜ ਅਸਗਰ ਖ਼ਾਨ ਨੇ ਫੈਸਲਾ ਸੁਣਾਉਂਦਿਆਂ ਮੁਸ਼ੱਰਫ਼ ਨੂੰ ਭਗੌੜਾ ਐਲਾਨ ਦਿੱਤਾ ਹੈ। ਉਨ੍ਹਾਂ ਸਾਬਕਾ ਰਾਸ਼ਟਰਪਤੀ ਦੀ ਜਾਇਦਾਦ ਨੂੰ ਕਬਜ਼ੇ ‘ਚ ਲੈਣ ਲਈ ਕਿਹਾ ਹੈ। ਮੁਸ਼ੱਰਫ਼(74) ਪਿਛਲੇ ਇਕ ਸਾਲ ਤੋਂ ਦੁਬਈ ਵਿੱਚ ਹੈ ਤੇ ਉਸ ਨੂੰ ਮੈਡੀਕਲ ਇਲਾਜ ਲਈ ਪਾਕਿਸਤਾਨ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੱਜ ਨੇ ਰਾਵਲਪਿੰਡੀ ਦੇ ਸਾਬਕਾ ਸੀਪੀਓ ਸਾਊਦ ਅਜ਼ੀਜ਼ ਅਤੇ ਰਾਵਲ ਸ਼ਹਿਰ ਦੇ ਸਾਬਕਾ ਐਸਪੀ ਖੁਰਰੱਮ ਸ਼ਾਹਜ਼ਾਦ ਨੂੰ 17 ਸਾਲ ਦੀ ਕੈਦ ਤੇ 5-5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਮਾਨਤ ‘ਤੇ ਚੱਲ ਰਹੇ ਦੋਵੇਂ ਅਧਿਕਾਰੀ ਸੁਣਵਾਈ ਮੌਕੇ ਅਦਾਲਤ ਵਿੱਚ ਹਾਜ਼ਰ ਸਨ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਡਿਆਲਾ ਜੇਲ੍ਹ ਭੇਜ ਦਿੱਤਾ ਹੈ। ਤਹਿਰੀਕੇ ਤਾਲਿਬਾਨ ਨਾਲ ਸਬੰਧਤ ਪੰਜ ਮਸ਼ਕੂਕਾਂ ਨੂੰ ਸਬੂਤਾਂ ਦੀ ਘਾਟ ਕਰਕੇ ਰਿਹਾਅ ਕਰ ਦਿੱਤਾ। ਇਨ੍ਹਾਂ ਪੰਜਾਂ ਨੂੰ ਕਤਲ ਤੇ ਧਮਾਕਿਆਂ ਤੋਂ ਫ਼ੌਰੀ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਸਨ। ਸੁਣਵਾਈ ਮੌਕੇ ਮੁਸ਼ੱਰਫ਼ ਨੂੰ ਛੱਡ ਕੇ ਬਾਕੀ ਸਾਰੇ ਦੋਸ਼ੀ ਹਾਜ਼ਰ ਸਨ। ਕਾਬਿਲੇਗੌਰ ਹੈ ਕਿ ਤਤਕਾਲੀਨ ਮੁਸ਼ੱਰਫ਼ ਸਰਕਾਰ ਨੇ ਸ਼ੁਰੂਆਤ ਵਿੱਚ ਬੇਨਜ਼ੀਰ ਦੇ ਕਤਲ ਦਾ ਦੋਸ਼ ਟੀਟੀਪੀ ਮੁਖੀ ਬੈਤੁੱਲ੍ਹਾ ਮਹਿਸੂਦ ਸਿਰ ਮੜ੍ਹਦਿਆਂ ਇਸ ਸਬੰਧੀ ਇਕ ਆਡੀਓ ਟੇਪ ਜਾਰੀ ਕੀਤੀ ਸੀ। ਟੇਪ ਵਿੱਚ ਮਹਿਸੂਦ ਕਤਲ ਨੂੰ ਅੰਜਾਮ ਦੇਣ ਵਾਲੇ ਕਿਸੇ ਸ਼ਖ਼ਸ ਨੂੰ ਵਧਾਈ ਦਿੰਦਾ ਸੁਣਾਈ ਦਿੰਦਾ ਸੀ। ਪਰ ਸੰਘੀ ਜਾਂਚ ਏਜੰਸੀ ਦੇ ਸਰਕਾਰੀ ਵਕੀਲ ਮੁਹੰਮਦ ਅਜ਼ਹਰ ਚੌਧਰੀ ਨੇ ਆਪਣੀ ਬਹਿਸ ਨੂੰ ਸਮੇਟਣ ਮੌਕੇ ਇਸ ਆਡੀਓ ਟੇਪ ਨੂੰ ਸਬੂਤ ਵਜੋਂ ਖਾਰਜ ਕਰ ਦਿੱਤਾ ਸੀ। ਵਕੀਲ ਨੇ ਕਿਹਾ ਸੀ ਕਿ ਆਡੀਓ ਟੇਪ ਮੁਸ਼ੱਰਫ਼ ਵੱਲੋਂ ਜਾਂਚ ਨੂੰ ਕੁਰਾਹੇ ਪਾਉਣ ਤੇ ਖੁਦ ਨੂੰ ਬਚਾਉਣ ਦਾ ਯਤਨ ਮਾਤਰ ਹੈ।
ਅਸਲ ਦੋਸ਼ੀ ਅਜੇ ਵੀ ਆਜ਼ਾਦ
ਫ਼ੈਸਲੇ ਤੋਂ ਫ਼ੌਰੀ ਬਾਅਦ ਭੁੱਟੋ ਦੀ ਧੀ ਆਸੀਫ਼ਾ ਭੁੱਟੋ ਜ਼ਰਦਾਰੀ ਨੇ ਕਿਹਾ ਦਸ ਸਾਲ ਬਾਅਦ ਵੀ ਉਨ੍ਹਾਂ ਨੂੰ ਨਿਆਂ ਦੀ ਉਡੀਕ ਹੈ। ਆਸੀਫ਼ਾ ਨੇ ਕਿਹਾ, ‘ਇਸ ਸਾਰੇ ਘਟਨਾਕ੍ਰਮ ਨੂੰ ਸ਼ਹਿ ਦੇਣ ਵਾਲਿਆਂ ਨੂੰ ਸਜ਼ਾ ਮਿਲ ਗਈ, ਪਰ ਮੇਰੀ ਮਾਂ ਦੇ ਕਤਲ ਦੇ ਅਸਲ ਦੋਸ਼ੀ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਜਦੋਂ ਤਕ ਪਰਵੇਜ਼ ਮੁਸ਼ੱਰਫ਼ ਆਪਣਾ ਅਪਰਾਧ ਕਬੂਲ ਨਹੀਂ ਕਰਦਾ, ਉਦੋਂ ਤਕ ਨਿਆਂ ਅਧੂਰਾ ਹੈ।’