‘ਦ ਬਲੈਕ ਪ੍ਰਿੰਸ’ ਫਿਲਮ ਨੇ ਮਸਲਾ ਮੁੜ ਭਖਾਇਆ

‘ਦ ਬਲੈਕ ਪ੍ਰਿੰਸ’ ਫਿਲਮ ਨੇ ਮਸਲਾ ਮੁੜ ਭਖਾਇਆ

ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲਿਜਾ ਕੇ
ਸਿੱਖ ਮਰਿਯਾਦਾ ਅਨੁਸਾਰ ਸਸਕਾਰ ਦੀ ਮੰਗ ਜੋਰ ਫੜਣ ਲੱਗੀ
ਲੰਡਨ/ਬਿਊਰੋ ਨਿਊਜ਼:
ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਚਰਚਾ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਣ ਅਤੇ ਸਿੱਖ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦਾ ਮਾਮਲਾ ਇਕ ਵਾਰ ਫਿਰ ਚਰਚਾ ‘ਚ ਆ ਗਿਆ ਹੈ । ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਇੰਗਲੈਂਡ ‘ਚ ਬੀਤਿਆ ਅਤੇ ਉਹਨਾਂ ਨੂੰ ਬਚਪਨ ‘ਚ ਵਰਗਲਾ ਨੇ ਇਸਾਈ ਬਣਾ ਲਿਆ ਗਿਆ ਸੀ । ਪ੍ਰੰਤੂ ਮਹਾਰਾਜਾ ਦਲੀਪ ਸਿੰਘ ਨੇ ਮੌਤ ਤੋਂ ਪਹਿਲਾਂ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ । ਉਨ੍ਹਾਂ ਨੇ ਆਪਣਾ ਰਾਜ ਭਾਗ ਵਾਪਸ ਲੈਣ ਲਈ ਰੂਸ, ਅਮਰੀਕਾ ਤੇ ਆਇਰਲੈਂਡ ਨਾਲ ਮਿਲ ਕੇ ਕਾਫੀ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਕਾਮਯਾਬੀ ਨਾ ਮਿਲੀ । ਮਹਾਰਾਜਾ ਦਲੀਪ ਸਿੰਘ ਦੀ ਮੌਤ ਫਰਾਂਸ ਦੇ ਇਕ ਹੋਟਲ ‘ਚ ਹੋਈ ਸੀ, ਜਿੱਥੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਸਭ ਤੋਂ ਵੱਧ ਮਨਪਸੰਦ ਜਗ੍ਹਾ ਐਲਵੀਡਨ ਮਹੱਲ ਕੋਲ ਚਰਚ ਵਾਲੀ ਜਗ੍ਹਾ ‘ਚ ਦਫ਼ਨਾ ਦਿੱਤਾ ਗਿਆ ਸੀ । ਜਿੱਥੇ ਉਹਨਾਂ ਦੀ ਕਬਰ ਅੱਜ ਵੀ ਮੌਜੂਦ ਹੈ । ਲਾਰਡ ਦਲਜੀਤ ਸਿੰਘ ਰਾਣਾ ਮੈਂਬਰ ਆਫ ਹਾਊਸ ਆਫ ਲਾਰਡ ਦਾ ਕਹਿਣਾ ਹੈ ਕਿ ਉਹ ਮਹਾਰਾਜਾ ਦਲੀਪ ਸਿੰਘ ਦੀਆਂ ਅੰਤਮ ਰਸਮਾਂ ਪੰਜਾਬ ‘ਚ ਕਰਨ ਲਈ ਮਦਦ ਕਰਨਗੇ । ਉਹਨਾਂ ਦੀਆਂ ਅੰਤਿਮ ਰਸਮਾਂ ਸਿੱਖ ਅਤੇ ਹਿੰਦੂ ਮਰਿਆਦਾ ਅਨੁਸਾਰ ਪੰਜਾਬ ‘ਚ ਹੋਣੀਆਂ ਚਾਹੀਦੀਆਂ ਹਨ, ਜਿਸ ਤਰ੍ਹਾਂ ਉਹ ਆਖਰੀ ਦਮ ਤੱਕ ਪੰਜਾਬ ਵਾਪਿਸ ਜਾਣਾ ਚਾਹੁੰਦੇ ਸਨ । ਇਸ ਸਬੰਧ ‘ਚ ਐੱਮ.ਪੀ. ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਮੈਂ ਇਹ ਮਾਮਲਾ ਸਾਥੀਆਂ ਪਾਰਲੀਮੈਂਟ ਮੈਂਬਰਾਂ ਅਤੇ ਬਰਤਾਨਵੀ ਸਰਕਾਰ ਕੋਲ ਉਠਾਵਾਂਗਾ ਤੇ ਭਾਰਤੀ ਹਾਈ ਕਮਿਸ਼ਨ ਨੂੰ ਵੀ ਕਹਾਂਗਾ ਕਿ ਇਸ ਸਬੰਧੀ ਕੋਈ ਹੱਲ ਕੱਢੇ । ਜੇ ਭਾਰਤ ਸਰਕਾਰ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਵਾਪਸ ਭਾਰਤ ਲਿਜਾਣ ਬਾਰੇ ਕਹੇ ਤਾਂ ਬਰਤਾਨਵੀ ਸਰਕਾਰ ਇਸ ਬਾਰੇ ਜ਼ਰੂਰ ਬਿਆਨ ਦੇਵੇਗੀ ।
ਪ੍ਰੰਤੂ ਦੂਜੇ ਪਾਸੇ ਯੂ.ਕੇ. ਪੰਜਾਬ ਹੈਰੀਟੇਜ਼ ਐਸੋਸੀਏਸ਼ਨ ਦੇ ਅਮਨਦੀਪ ਸਿੰਘ ਮਾਦਰਾ ਨੇ ਇਸ ਦਾ ਵਿਰੋਧ ਕੀਤਾ ਹੈ । ਉਹਨਾਂ ਦਲੀਪ ਸਿੰਘ ਦੀ ਮੌਤ ਤੋਂ ਇਕ ਮਹੀਨਾ ਪਹਿਲਾਂ ਲਿਖੀ ਆਖਰੀ ਵਸੀਅਤ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਆਖਰੀ ਇੱਛਾ ਸੀ ਕਿ ਉਸ ਨੂੰ ਉੱਥੇ ਹੀ ਦਫਨਾਇਆ ਜਾਵੇ ਜਿੱਥੇ ਉਸ ਦੀ ਮੌਤ ਹੋਵੇ । ਮਾਦਰਾ ਵੱਲੋਂ ਅੰਗਰੇਜੀ ‘ਚ ਲਿਖੀ ਵਸਅੀਤ ਵਿਚਲੇ ਬਰੀ (Bury) ਸ਼ਬਦ ਦਾ ਤਰਜ਼ਮਾ ਦਫ਼ਨਾਇਆ ਕਰ ਰਹੇ ਹਨ । ਸਿੱਖ ਇਤਹਾਸਕਾਰ ਪੀਟਰ ਬੈਂਸ ਦਾ ਮੱਤ ਹੈ ਕਿ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਅੰਗਰੇਜ਼ੀ ਤੌਰ ਤਰੀਕਿਆਂ ਵਾਲਾ ਰਿਹਾ, ਉਸ ਦੀ ਬੋਲੀ, ਸੱਭਿਆਚਾਰ, ਧਰਮ ਉਸ ਤੋਂ ਵੱਖ ਹੋ ਗਏ ਸਨ ਉਹ ਬਰਤਾਨਵੀ ਬਣ ਚੁੱਕਾ ਸੀ । ਸਰਕਾਰੀ ਰਿਕਾਰਡਾਂ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਵਿਕਟੋਰੀਆ ‘ਮਾਈ ਬਲੈਕ ਪ੍ਰਿੰਸ’ (‘ਮੇਰਾ ਕਾਲਾ ਰਾਜਕੁਮਾਰ’) ਕਹਿ ਕੇ ਬੁਲਾਇਆ ਕਰਦੀ ਸੀ ।
ਜਦ ਕਿ ਭਾਈਚਾਰੇ ਦੇ ਬੁੱਧੀਜੀਵੀਆਂ, ਧਾਰਮਿਕ ਤੇ ਰਾਜਸੀ ਆਗੂਆਂ ਅਤੇ ਭਾਰੀ ਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਬਰੀ (Bury) ਸ਼ਬਦ ਦਾ ਮਤਲਬ ਆਖਰੀ ਰਸਮਾਂ ਹੈ । ਪ੍ਰੰਤੂ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਸਮੇਂ ਮੁੜ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ, ਉਸ ਨੇ ਮਹਾਰਾਣੀ ਜਿੰਦਾਂ ਦਾ ਸਸਕਾਰ ਆਪਣੇ ਹੱਥੀਂ ਸਿੱਖ ਮਰਿਆਦਾ ਅਨੁਸਾਰ ਕੀਤਾ ਸੀ, ਇਸ ਕਰਕੇ ਉਹ ਅੰਤਿਮ ਰਸਮਾਂ ਬਾਰੇ ਭਲੀਭਾਂਤ ਜਾਣਦਾ ਸੀ ।