ਰੇਲਵੇ ਸਕੈਮ : ਸੀਬੀਆਈ ਵੱਲੋਂ ਲਾਲੂ ਤੇ ਪਰਿਵਾਰ ਖ਼ਿਲਾਫ਼ ਕਈ ਥਾਈਂ ਛਾਪੇ

ਰੇਲਵੇ ਸਕੈਮ : ਸੀਬੀਆਈ ਵੱਲੋਂ ਲਾਲੂ ਤੇ ਪਰਿਵਾਰ ਖ਼ਿਲਾਫ਼ ਕਈ ਥਾਈਂ ਛਾਪੇ
ਕੈਪਸ਼ਨ-ਚਾਰਾ ਘੁਟਾਲੇ ਨਾਲ ਸਬੰਧਤ ਇਕ ਕੇਸ ਵਿੱਚ ਰਾਂਚੀ ਦੀ ਸੀਬੀਆਈ ਅਦਾਲਤ ਵਿਚ ਪੇਸ਼ ਹੋਣ ਜਾਂਦੇ ਹੋਏ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੀਬੀਆਈ ਨੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ, ਉਸ ਦੀ ਪਤਨੀ ਰਾਬੜੀ ਦੇਵੀ, ਉਸ ਦੇ ਪੁੱਤਰ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸਮੇਤ ਹੋਰ ਲੋਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਰਜ ਨਵੇਂ ਕੇਸ ਸਬੰਧੀ ਚਾਰ ਸ਼ਹਿਰਾਂ ਵਿਚ ਛਾਪੇ ਮਾਰੇ। ਇਹ ਕੇਸ ਉਸ ਸਮੇਂ ਦਾ ਹੈ ਜਦੋਂ ਸ੍ਰੀ ਲਾਲੂ ਯੂਪੀਏ ਸਰਕਾਰ ਵਿਚ ਰੇਲਵੇ ਮੰਤਰੀ ਸਨ। ਰਾਬੜੀ ਦੇਵੀ ਦੀ ਪਟਨਾ ਦੇ ਸਰਕੂਲਰ ਰੋਡ ਸਥਿਤ ਰਿਹਾਇਸ਼ ਸਮੇਤ ਪਟਨਾ, ਰਾਂਚੀ, ਗੁੜਗਾਉਂ ਤੇ ਭੁਵਨੇਸ਼ਵਰ ਵਿੱਚ 12 ਥਾਵਾਂ ਉਤੇ ਸਵੇਰੇ ਸੱਤ ਵਜੇ ਛਾਪੇ ਮਾਰੇ ਗਏ। ਸ੍ਰੀ ਲਾਲੂ ਦੇ ਵਿਸ਼ਵਾਸਪਾਤਰ ਪ੍ਰੇਮ ਚੰਦ ਗੁਪਤਾ, ਜਿਸ ਦੀ ਪਤਨੀ ਸਰਲਾ ਗੁਪਤਾ ਕੇਸ ਵਿੱਚ ਨਾਮਜ਼ਦ ਹੈ, ਦੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਗਿਆ। ਇਸ ਕੇਸ ਵਿੱਚ ਵਿਜੈ ਕੋਛੜ, ਵਿਨੈ ਕੋਛੜ (ਦੋਵੇਂ ਸੁਜਾਤਾ ਹੋਟਲ ਦੇ ਡਾਇਰੈਕਟਰ), ਡਿਲਾਈਟ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਤਾਰਾ ਪ੍ਰਾਜੈਕਟਜ਼ ਵਜੋਂ ਜਾਣਿਆ ਜਾਂਦਾ ਹੈ ਅਤੇ ਆਈਆਰਸੀਟੀਸੀ ਦੇ ਤਤਕਾਲੀ ਐਮਡੀ ਪੀਕੇ ਗੋਇਲ ਨਾਮਜ਼ਦ ਹਨ।
ਸੀਬੀਆਈ ਨੇ ਦੋਸ਼ ਲਾਇਆ ਕਿ  ਲਾਲੂ ਯਾਦਵ ਨੇ ਰੇਲਵੇ ਮੰਤਰੀ ਵਜੋਂ ਦੋ ਰੇਲਵੇ ਹੋਟਲਾਂ ਦੀ ਮੁਰੰਮਤ ਦਾ ਕੰਮ-ਕਾਜ ਇਕ ਕੰਪਨੀ ਨੂੰ ਦੇਣ ਬਦਲੇ ਸਰਲਾ ਗੁਪਤਾ ਦੀ ਮਾਲਕੀ ਵਾਲੀ ਬੇਨਾਮੀ ਕੰਪਨੀ ਰਾਹੀਂ ਪਟਨਾ ਵਿੱਚ ਪ੍ਰਾਈਮ ਜਗ੍ਹਾ ਰਿਸ਼ਵਤ ਵਿਚ ਲਈ ਸੀ। ਇਸ ਜ਼ਮੀਨ ਬਦਲੇ ਰਾਂਚੀ ਤੇ ਪੁਰੀ ਵਿੱਚ ਸਥਿਤ ਹੋਟਲਾਂ ਦੀ ਮੁਰੰਮਤ ਦਾ ਕੰਮ ਸੁਜਾਤਾ ਹੋਟਲਜ਼ ਨੂੰ ਸੌਂਪਣ ਸਬੰਧੀ ਇਹ ਕੇਸ 5 ਜੁਲਾਈ ਨੂੰ ਦਰਜ ਕੀਤਾ ਗਿਆ ਸੀ। ਸੀਬੀਆਈ ਦੇ ਐਡੀਸ਼ਨਲ ਡਾਇਰੈਕਟਰ ਰਾਕੇਸ਼ ਅਸਥਾਨਾ ਨੇ ਦੱਸਿਆ, ‘ਇਹ ਅਪਰਾਧਕ ਸਾਜ਼ਿਸ਼ 2004-14 ਦੌਰਾਨ ਰਚੀ ਗਈ ਜਦੋਂ ਸੁਜਾਤਾ ਹੋਟਲਜ਼ ਦੇ ਹੱਕ ਵਿੱਚ ‘ਟੈਂਡਰ’ ਪ੍ਰਕਿਰਿਆ ਹੋਈ। ਇਸ ਦੇ ਬਦਲੇ ਵਿੱਚ ਸੁਜਾਤਾ ਹੋਟਲ ਨੇ ਪੱਛਮੀ ਪਟਨਾ ਵਿਚ ਤਿੰਨ ਏਕੜ ਜ਼ਮੀਨ ਡਿਲਾਈਟ ਮਾਰਕੀਟਿੰਗ, ਜੋ ਲਾਲੂ ਯਾਦਵ ਪਰਿਵਾਰ ਦੇ ਜਾਣੂ ਦੀ ਸੀ, ਨੂੰ ਕੌਡੀਆਂ ਦੇ ਭਾਅ ਦਿੱਤੀ ਗਈ। ਇਸ ਬਾਅਦ 2010 ਤੋਂ 2014 ਦਰਮਿਆਨ ਇਹ ਜ਼ਮੀਨ ਅੱਗੇ ਲਾਰਾ ਪ੍ਰਾਜੈਕਟਜ਼ ਕੰਪਨੀ, ਜਿਸ ‘ਤੇ ਲਾਲੂ ਯਾਦਵ ਦੇ ਪਰਿਵਾਰਕ ਮੈਂਬਰਾਂ ਦੀ ਮਾਲਕੀ ਹੈ, ਨਾਂ ਤਬਦੀਲ ਕਰ ਦਿੱਤੀ ਗਈ।’ ਦੱਸਣਯੋਗ ਹੈ ਕਿ ਸ੍ਰੀ ਅਸਥਾਨਾ ਦੀ ਨਿਗਰਾਨੀ ਹੇਠ ਹੀ ਚਾਰਾ ਘੁਟਾਲੇ ਦੀ ਜਾਂਚ ਹੋਈ ਸੀ, ਜਿਸ ਵਿਚ ਲਾਲੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਤਫਾਕਨ ਬਹੁ-ਕਰੋੜੀ ਚਾਰਾ ਘੁਟਾਲੇ ਸਬੰਧੀ ਇਕ ਕੇਸ ਵਿੱਚ ਸ੍ਰੀ ਲਾਲੂ ਰਾਂਚੀ ਵਿੱਚ ਹੀ ਸੀਬੀਆਈ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਸਨ।
ਆਰਜੇਡੀ ਨੇ ਇਨ੍ਹਾਂ ਛਾਪਿਆਂ ਨੂੰ ਰਾਜਸੀ ਰੰਜ਼ਿਸ਼ ਕਰਾਰ ਦਿੱਤਾ ਹੈ, ਜਿਸ ਨਾਲ ਬਿਹਾਰ ਵਿੱਚ ਜੇਡੀ(ਯੂ)-ਆਰਜੇਡੀ-ਕਾਂਗਰਸ ਗੱਠਜੋੜ ਸਰਕਾਰ ਦੇ ਭਵਿੱਖ ਬਾਰੇ ਕਿਆਸ ਲੱਗਣ ਲੱਗੇ ਹਨ।
ਦਿੱਲੀ ਵਿੱਚ ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੀਬੀਆਈ ਆਪਣਾ ਫ਼ਰਜ਼ ਨਿਭਾਅ ਰਹੀ ਹੈ ਅਤੇ ਭਾਜਪਾ ਜਾਂ ਸਰਕਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ।

ਲਾਲੂ ਵੱਲੋਂ ਛਾਪੇ ਭਾਜਪਾ ਦੀ ਸਾਜ਼ਿਸ਼ ਕਰਾਰ :
ਰਾਂਚੀ : ਸੀਬੀਆਈ ਦੇ ਛਾਪਿਆਂ ਨੂੰ ‘ਭਾਜਪਾ ਦੀ ਸਾਜ਼ਿਸ਼’ ਅਤੇ ‘ਰਾਜਸੀ ਰੰਜ਼ਿਸ਼’ ਕਰਾਰ ਦਿੰਦਿਆਂ ਆਰਜੇਡੀ ਮੁਖੀ ਲਾਲੂ ਯਾਦਵ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਕਿਹਾ, ‘ਭਾਜਪਾ ਹਰੇਕ ਦਾ ਮੂੰਹ ਬੰਦ ਕਰਕੇ ਦੇਸ਼ ਵਿਚ ਅਜਾਰੇਦਾਰੀ ਕਾਇਮ ਕਰਨਾ ਚਾਹੁੰਦੀ ਹੈ।’ ਸੀਬੀਆਈ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 31 ਮਈ, 2004 ਨੂੰ ਰੇਲਵੇ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਸੀ ਅਤੇ ਹੋਟਲਾਂ ਦਾ ਕੰਮਕਾਜ ਸੌਂਪਣ ਬਾਰੇ ਫ਼ੈਸਲੇ ਇਸ ਤੋਂ ਪਹਿਲਾਂ ਲਏ ਗਏ ਸਨ। ਇਸ ਲਈ ਉਸ ਸਮੇਂ ਦੀ ਅਟਲ ਬਿਹਾਰੀ ਸਰਕਾਰ ਨੂੰ ਸੀਬੀਆਈ ਦੇ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ।