ਭਾਗੀਵਾਂਦਰ ਕਾਂਡ : ਮਹਿਲਾ ਸਰਪੰਚ ਤੇ ਪੁੱਤਰਾਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਨੌਜਵਾਨ ਦਾ ਸਸਕਾਰ
ਕੈਪਸ਼ਨ-ਲਾਸ਼ ਲਿਜਾ ਰਹੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਰੋਕਦੀ ਹੋਈ ਪੁਲੀਸ।
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਪਿੰਡ ਭਾਗੀਵਾਂਦਰ ਵਿੱਚ ਦੋ ਦਿਨ ਪਹਿਲਾਂ ਪਿੰਡ ਦੇ ਕੁਝ ਲੋਕਾਂ ਵਲੋਂ ਨਸ਼ਾ ਤਸਕਰੀ ਦੇ ਦੋਸ਼ ਲਾ ਕੇ ਲੱਤਾਂ ਬਾਹਾਂ ਵੱਢ ਕੇ ਇੱਕ ਨੌਜਵਾਨ ਨੂੰ ਮਾਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਮਹਿਲਾ ਸਰਪੰਚ ਤੇ ਉਸ ਦੇ ਦੋ ਪੁੱਤਰਾਂ ਸਮੇਤ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਨੌਜਵਾਨ ਦਾ ਸਸਕਾਰ ਕੀਤਾ ਗਿਆ। ਮੁਲਜ਼ਮਾਂ ਵਿੱਚ ਸਿਆਸੀ ਆਗੂ ਮਨਦੀਪ ਕੌਰ ਬਰਾੜ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਪਰਿਵਾਰ ਨੇ ਵਿਨੋਦ ਕੁਮਾਰ ਉਰਫ਼ ਸੋਨੂੰ ਦਾ ਉਦੋਂ ਤੱਕ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ ਜਦੋਂ ਤੱਕ ਪੁਲੀਸ ਅਣਪਛਾਤੇ ਵਿਅਕਤੀਆਂ ਦੀ ਥਾਂ ‘ਸਿਆਸਤ ਨਾਲ ਸਬੰਧਤ’ ਅਸਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕਰਦੀ। ਸਾਰਾ ਦਿਨ ਪੁਲੀਸ ਅਤੇ ਪੀੜਤ ਪਰਿਵਾਰ ਦਰਮਿਆਨ ਸਥਿਤੀ ਖਿੱਚੋਤਾਣ ਵਾਲੀ ਬਣੀ ਰਹੀ। ਸਥਿਤੀ ਉਦੋਂ ਤਣਾਅ ਵਾਲੀ ਬਣ ਗਈ ਜਦੋਂ ਪੀੜਤ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਲਾਸ਼ ਟਰਾਲੀ ਵਿੱਚ ਰੱਖ ਕੇ ਸ਼ਹਿਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸੋਨੂੰ ਦੀ ਲਾਸ਼ ਮੋਢਿਆਂ ‘ਤੇ ਰੱਖ ਕੇ ਲਿਜਾਣ ਲੱਗੇ ਪਰ ਪੁਲੀਸ ਤੇ ਉਨ੍ਹਾਂ ਵਿਚਕਾਰ ਖਿੱਚਧੂਹ ਹੋਈ ਅਤੇ ਲਾਸ਼ ਹੇਠਾਂ ਡਿੱਗ ਪਈ। ਪਰਿਵਾਰ ਵਾਲੇ ਇਨਸਾਫ਼ ਲਈ ਲਾਸ਼ ਕਿਸੇ ਜਨਤਕ ਥਾਂ ਰੱਖ ਕੇ ਧਰਨਾ ਦੇਣਾ ਚਾਹੁੰਦੇ ਸਨ। ਪੁਲੀਸ ਕਾਰਵਾਈ ਤੋਂ ਨਿਰਾਸ਼ ਸੋਨੂੰ ਦੀ ਇੱਕ ਭੈਣ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਫੋਰਸ ਤੇ ਲੋਕਾਂ ਨੇ ਉਸ ਨੂੰ ਬਚਾਅ ਲਿਆ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵਿਨੋਦ ਉਰਫ ਸੋਨੂੰ ਪਿੰਡ ਭਾਗੀਵਾਂਦਰ ਦੀ ਸੱਥ ਵਿੱਚ ਪਲੀਸ ਨੇ ਵੱਢਿਆ ਟੁਕਿਆ ਚੁੱਕਿਆ ਸੀ। ਬਾਅਦ ਵਿੱਚ ਪਿੰਡ ਵਾਸੀਆਂ ਵਲੋਂ ਹਸਪਤਾਲ ਦਾ ਘਿਰਾਓ ਕੀਤੇ ਜਾਣ ਕਰ ਕੇ ਇਲਾਜ ਲਈ ਅੱਗੇ ਰੈਫਰ ਕੀਤੇ ਜਾਣ ਵਿੱਚ ਦੇਰੀ ਹੋਣ ਕਾਰਨ ਫ਼ਰੀਦਕੋਟ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ ਸੀ। ਪੁਲੀਸ ਨੇ ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਪਰਿਵਾਰ ਵਾਲੇ ਸੋਨੂੰ ਨੂੰ ਘਰੋਂ ‘ਅਗਵਾ’ ਕਰ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਉਹ ਪੁਲੀਸ ‘ਤੇ ਦੋਸ਼ ਲਾ ਰਹੇ ਸਨ ਕਿ ਅਮਰਿੰਦਰ ਰਾਜੂ ਸਿਆਸੀ ਆਗੂਆਂ ਦਾ ਖ਼ਾਸ ਬੰਦਾ ਹੈ, ਜਿਸ ਕਰ ਕੇ ਪੁਲੀਸ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਹੀ ਹੈ।
ਅਖ਼ੀਰ ਪੁਲੀਸ ਨੇ ਕੇਸ ਦੀਆਂ ਧਾਰਾਵਾਂ ਵਿੱਚ ਵਾਧਾ ਕਰਦਿਆਂ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ, ਉਸ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ਤੇ ਭਿੰਦਰ ਸਿੰਘ, ਪੂਰਨ ਸਿੰਘ, ਵੱਡਾ ਸਿੰਘ, ਦਰਸ਼ਨ ਸਿੰਘ ਉਰਫ ਮਿਸ਼ਰਾ, ਸਿਆਸੀ ਆਗੂ ਮਨਦੀਪ ਕੌਰ ਬਰਾੜ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਨਿੰਮਾ ਸਿੰਘ, ਹਰਪਾਲ ਸਿੰਘ, ਸੀਰਾ ਸਿੰਘ ਭੇਡਾਂ ਵਾਲਾ ਤੇ ਗੁਰਸੇਵਕ ਸਿੰਘ ਸਾਰੇ ਵਾਸੀਆਨ ਭਾਗੀਵਾਂਦਰ ਨੂੰ ਨਾਮਜ਼ਦ ਕੀਤਾ ਹੈ। ਦੋਸ਼ ਲਾਏ ਗਏ ਹਨ ਕਿ ਅਮਰਿੰਦਰ ਸਿੰਘ ਰਾਜੂ ਗੱਡੀ ਵਿੱਚ ਆਪਣੇ ਸਾਥੀਆਂ ਦੀ ਮਦਦ ਨਾਲ ਸੋਨੂੰ ਅਰੋੜਾ ਨੂੰ ਘਰੋਂ ਚੁੱਕ ਕੇ ਲੈ ਗਿਆ ਤੇ ਵੱਢ ਕੇ ਪਿੰਡ ਦੀ ਸੱਥ ਵਿੱਚ ਸੁੱਟ ਦਿੱਤਾ।
Comments (0)