ਮਜੀਠਾ ਵਿੱਚ ਹੀ ਘਿਰ ਗਏ ਮਜੀਠੀਆ

ਮਜੀਠਾ ਵਿੱਚ ਹੀ ਘਿਰ ਗਏ ਮਜੀਠੀਆ
ਕੈਪਸ਼ਨ-ਪੁਲੀਸ ਵਧੀਕੀ ਖ਼ਿਲਾਫ਼ ਏਡੀਜੀਪੀ ਰੋਹਿਤ ਚੌਧਰੀ ਕੋਲ ਸ਼ਿਕਾਇਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ। ਪਿੱਛੇ ਖ਼ਾਲੀ ਪਈਆਂ ਕੁਰਸੀਆਂ।

ਮਜੀਠਾ/ਬਿਊਰੋ ਨਿਊਜ਼ :
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਹਲਕੇ ਦੇ ਮੁੱਖ ਕਸਬੇ ਮਜੀਠਾ ਵਿੱਚ ਉਸ ਵੇਲੇ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਵਧੀਕ ਡਾਇਰੈਕਟਰ ਜਨਰਲ ਪੁਲੀਸ ਰੋਹਿਤ ਚੌਧਰੀ ਦੀ ਅਗਵਾਈ ਹੇਠ ਹੋਈ ਪੁਲੀਸ-ਪਬਲਿਕ ਮੀਟਿੰਗ ਵਿੱਚ ਪੁੱਜੇ। ਲੋਕਾਂ ਨੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਾਹਨ ‘ਤੇ ਹਮਲਾ ਕੀਤਾ।
ਮਜੀਠਾ ਵਿੱਚ ਪੁਲੀਸ ਵੱਲੋਂ ਏਡੀਜੀਪੀ ਰੋਹਿਤ ਚੌਧਰੀ ਦੀ ਅਗਵਾਈ ਹੇਠ ਇਕ ਪੁਲੀਸ-ਪਬਲਿਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਮੀਟਿੰਗ ਦੌਰਾਨ ਜਦੋਂ ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜੇ ਤਾਂ ਹਾਜ਼ਰ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਦੇ ਰੋਕਣ ਦੇ ਬਾਵਜੂਦ ਵਧੇਰੇ ਲੋਕ ਹਾਲ ਵਿਚੋਂ ਉੱਠ ਕੇ ਚਲੇ ਗਏ। ਇਸ ਦੌਰਾਨ ਸ੍ਰੀ ਮਜੀਠੀਆ ਨੇ ਏਡੀਜੀਪੀ ਨੂੰ ਅਕਾਲੀ ਵਰਕਰਾਂ ‘ਤੇ ਹੋ ਰਹੀਆਂ ਵਧੀਕੀਆਂ ਬਾਰੇ ਦੱਸਿਆ। ਉਨ੍ਹਾਂ ਪਿੰਡ ਬੱਗਾ ਦੇ ਦਲਿਤ ਪਰਿਵਾਰ ਨਾਲ ਹੋਈ ਵਧੀਕੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ  ਨੂੰ ਦਲਿਤ ਬੀਬੀ ਸਵਿੰਦਰ ਕੌਰ ਦੇ ਪਤੀ ਕਸ਼ਮੀਰ ਸਿੰਘ ਤੇ ਬੇਟੇ ਜਗਰੂਪ ਸਿੰਘ ਨੂੰ ਪਿੰਡ ਛੱਡਣ ਦੀ ਧਮਕੀ ਦਿੱਤੀ ਸੀ, ਜਿਸ ਬਾਰੇ ਉਨ੍ਹਾਂ 181 ਨੰਬਰ ‘ਤੇ ਸ਼ਿਕਾਇਤ ਵੀ ਦਰਜ ਕਰਾਈ ਪਰ ਪੁਲੀਸ ਨੇ ਧਮਕੀ ਦੇਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ 29 ਅਪ੍ਰੈਲ ਨੂੰ ਪੀੜਤ ਪਰਿਵਾਰ ‘ਤੇ ਹਮਲਾ ਹੋਇਆ। ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਔਰਤਾਂ ਦੇ ਕੱਪੜੇ ਪਾੜ ਦਿੱਤੇ ਗਏ। ਇਸ ਸਬੰਧੀ ਉਲਟਾ ਉਸ ਦੇ ਪੁੱਤਰ ਖ਼ਿਲਾਫ਼ ਹੀ ਕਾਰਵਾਈ ਕੀਤੀ ਗਈ। 15 ਮਈ ਨੂੰ ਮੁੜ ਦਲਿਤ ਔਰਤ ਦੇ ਪਤੀ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਨੰਗਾ ਕਰ ਕੇ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਵੀ ਬਣਾਈ ਗਈ। ਉਨ੍ਹਾਂ ਏਡੀਜੀਪੀ ਨੂੰ ਚੇਤਾਵਨੀ ਦਿੱਤੀ ਕਿ ਜੇ ਹਮਲਾਵਰ ਕਾਂਗਰਸੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਇਕ ਹਫ਼ਤੇ ਬਾਅਦ ਅਕਾਲੀ ਸੜਕਾਂ ‘ਤੇ ਆਉਣਗੇ। ਲੋੜ ਪੈਣ ‘ਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਏਡੀਜੀਪੀ ਨਾਲ ਗੱਲਬਾਤ ਮਗਰੋਂ ਜਦੋਂ ਸ੍ਰੀ ਮਜੀਠੀਆ ਹਾਲ ਤੋਂ ਬਾਹਰ ਨਿਕਲੇ ਤਾਂ ਬਾਹਰ ਖੜ੍ਹੇ ਲੋਕਾਂ ਨੇ ਉਨ੍ਹਾਂ ਦੇ ਵਾਹਨ ‘ਤੇ ਚੱਪਲਾਂ ਅਤੇ ਪੱਥਰ ਸੁੱਟੇ। ਲੋਕਾਂ ਨੇ ਮੁੜ ਨਾਅਰੇਬਾਜ਼ੀ ਕੀਤੀ। ਮਜੀਠੀਆ ਦੇ ਜਾਣ ਤੋਂ ਬਾਅਦ ਵੀ ਇਹ ਮੀਟਿੰਗ ਜਾਰੀ ਰਹੀ। ਮੀਟਿੰਗ ਵਿੱਚ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੀ ਪੁੱਜੇ।
ਮਗਰੋਂ ਪੱਤਰਕਾਰ ਸੰਮੇਲਨ ਵਿੱਚ ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਪੁਲੀਸ-ਪਬਲਿਕ ਮੀਟਿੰਗ ਕਾਂਗਰਸੀ ਸ਼ੋਅ ਸੀ, ਜਿਸ ਵਿੱਚ ਆਮ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹਲਕਾ ਵਿਧਾਇਕ ਤੇ ਲੋਕ ਪ੍ਰਤੀਨਿਧ ਪੰਚਾਂ-ਸਰਪੰਚਾਂ ਨੂੰ ਬੁਲਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵਾਪਸੀ ਸਮੇਂ ਵਾਹਨ ਉਤੇ ਹਮਲਾ ਕਰਨ ਵਾਲਿਆਂ ਵਿੱਚ ਵੀ ਕਾਂਗਰਸੀ ਸ਼ਾਮਲ ਸਨ। ਇਨ੍ਹਾਂ ਵਿੱਚ ਕੁਝ ਅਜਿਹੇ ਵਿਅਕਤੀ ਵੀ ਸਨ, ਜੋ ਸਜ਼ਾ ਯਾਫਤਾ ਹਨ।
ਦੂਜੇ ਪਾਸੇ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਮੀਟਿੰਗ ਵਿੱਚ ਸਿਰਫ਼ ਕਾਂਗਰਸੀ ਵਰਕਰ ਸ਼ਾਮਲ ਸਨ। ਉਨ੍ਹਾਂ ਆਖਿਆ ਕਿ ਪੁਲੀਸ ਅਧਿਕਾਰੀਆਂ ਨੇ ਮੀਟਿੰਗ ਵਿੱਚ ਮਜੀਠਾ ਦੇ ਲੋਕਾਂ  ਨੂੰ ਸੱਦਿਆ ਸੀ। ਮੀਟਿੰਗ ਵਿੱਚ ਲੋਕਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਉਣ, ਜਾਇਦਾਦਾਂ ‘ਤੇ ਜਬਰੀ ਕੀਤੇ ਕਬਜ਼ੇ ਛੁਡਾਉਣ ਤੇ ਹੋਰ ਮਾਮਲੇ ਉਭਾਰੇ। ਲੋਕਾਂ ਨੇ ਦੋਸ਼ ਲਾਇਆ ਕਿ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ।
ਏਡੀਜੀਪੀ ਰੋਹਿਤ ਚੌਧਰੀ ਨੇ ਆਖਿਆ ਕਿ ਘਟਨਾ ਲਈ ਸਥਾਨਕ ਸਿਆਸੀ ਆਗੂ ਜ਼ਿੰਮੇਵਾਰ ਹਨ। ਮੀਟਿੰਗ ਵਿੱਚ ਲੋਕਾਂ ਨੇ ਨਸ਼ੇ ਰੋਕਣ ਅਤੇ ਮਜੀਠਾ ਹਲਕੇ ਦੇ ਥਾਣਿਆਂ ਵਿੱਚ ਹੇਠਲੇ ਰੈਂਕ ਦੇ ਕਰਮਚਾਰੀਆਂ ਨੂੰ ਥਾਣਾ ਮੁਖੀ ਬਣਾਉਣ ‘ਤੇ ਇਤਰਾਜ਼ ਪ੍ਰਗਟਾਇਆ। ਪੁਲੀਸ ਅਧਿਕਾਰੀ ਨੇ ਆਖਿਆ ਕਿ ਉਨ੍ਹਾਂ ਹਦਾਇਤ ਕੀਤੀ ਹੈ ਕਿ ਪੁਲੀਸ ਥਾਣਾ ਪੱਧਰ ‘ਤੇ ਨਸ਼ਾ ਰੋਕੂ ਕਮੇਟੀਆਂ ਦਾ ਗਠਨ ਕੀਤਾ ਜਾਵੇ। ਇਸ ਤੋਂ ਇਲਾਵਾ ਹੇਠਲੇ ਰੈਂਕ ਦੇ ਕਰਮਚਾਰੀਆਂ ਨੂੰ ਇਨ੍ਹਾਂ ਅਹੁਦਿਆਂ ਤੋਂ ਹਟਾਉਣ ਲਈ ਵੀ ਹਦਾਇਤ ਕੀਤੀ ਹੈ