ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਜੀਨਜ਼-ਟੌਪ ਪਾ ਕੇ ਨਹੀਂ ਜਾ ਸਕਣਗੀਆਂ ਅਧਿਆਪਕਾਵਾਂ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਜੀਨਜ਼-ਟੌਪ ਪਾ ਕੇ ਨਹੀਂ ਜਾ ਸਕਣਗੀਆਂ ਅਧਿਆਪਕਾਵਾਂ

ਅਧਿਆਪਕ ਯੂਨੀਅਨ ਵਲੋਂ ਹੁਕਮਾਂ ਦੀ ਭਾਸ਼ਾ ਦਾ ਤਿੱਖਾ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਖਾਸ ਕਰ ਕੇ ਅਧਿਆਪਕਾਵਾਂ ਵੱਲੋਂ ਸਕੂਲਾਂ ਵਿੱਚ ਭੜਕੀਲਾ ਪਹਿਰਾਵਾ ਪਾ ਕੇ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਡਰੈੱਸ ਕੋਡ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਵੱਲੋਂ ਸਮੂਹ ਮੰਡਲ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕਰ ਕੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਉਪਰ ਡਰੈੱਸ ਕੋਡ ਲਾਗੂ ਕਰਨ ਲਈ ਕਿਹਾ ਹੈ। ਡੀਪੀਆਈ (ਸੈਕੰਡਰੀ) ਵੱਲੋਂ ਫੀਲਡ ਦੇ ਸਮੂਹ ਅਧਿਕਾਰੀਆਂ ਨੂੰ ਭੇਜੇ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਖਾਸ ਕਰ ਕੇ ਅਧਿਆਪਕਾਵਾਂ ਵੱਲੋਂ ਭੜਕੀਲੇ ਪਹਿਰਾਵੇ ਪਾ ਕੇ ਡਿਊਟੀ ‘ਤੇ ਆਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਡੀਪੀਆਈ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕਈ ਅਧਿਆਪਕਾਵਾਂ ਵੱਲੋਂ ਜੀਨਜ਼ ਅਤੇ ਟੌਪ ਪਾ ਕੇ ਡਿਊਟੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਅੰਕਿਤ ਕੀਤਾ ਹੈ ਕਿ ਕਈ ਅਧਿਆਪਕਾਵਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੀਆਂ ਉਕਸਾਊ ਫੈਸ਼ਨੇਬਲ ਪੁਸ਼ਾਕਾਂ ਪਹਿਨ ਕੇ ਡਿਊਟੀਆਂ ਕਰਨ ਦੀ ਜਾਣਕਾਰੀ ਮਿਲੀ ਹੈ।
ਡੀਪੀਆਈ ਨੇ ਕਿਹਾ ਕਿ ਅਧਿਆਪਕਾਵਾਂ ਵੱਲੋਂ ਅਜਿਹੀਆਂ ਭੜਕੀਲੀਆਂ ਪੁਸ਼ਾਕਾਂ ਪਾ ਕੇ ਸਕੂਲਾਂ ਵਿੱਚ ਆਉਣ ਕਾਰਨ ਵਿਦਿਆਰਥੀਆਂ ਉਪਰ ਮਾੜਾ ਅਸਰ ਪੈ ਰਿਹਾ ਹੈ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਉਨ੍ਹਾਂ ਸਮੂਹ ਮੰਡਲ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਅਧਿਆਪਕਾਂ ਦੀਆਂ ਪੁਸ਼ਾਕਾਂ ਚੈੱਕ ਕਰਨ ਲਈ ਸਕੂਲਾਂ ਵਿੱਚ ਅਚਨਚੇਤ ਚੈਕਿੰਗ ਕਰਨ ਦੇ ਹੁਕਮ ਵੀ ਦਿੱਤੇ ਹਨ। ਡੀਪੀਆਈ ਨੇ ਫੀਲਡ ਅਧਿਕਾਰੀਆਂ ਨੂੰ ਚੈਕਿੰਗ ਦੌਰਾਨ ਗਲਤ ਪੁਸ਼ਾਕਾਂ ਪਾਉਣ ਵਾਲੇ ਅਧਿਆਪਕਾਂ ਦੀ ਰਿਪੋਰਟ ਭੇਜਣ ਲਈ ਵੀ ਕਿਹਾ ਹੈ।
ਡੀਪੀਆਈ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ 2 ਨਵੰਬਰ 2012 ਨੂੰ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਅਜਿਹੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ ਕਿ ਕੁਝ ਸਕੂਲਾਂ ਵਿੱਚ ਵਿਦਿਆਰਥੀ ਆਪਣੀਆਂ ਅਧਿਆਪਕਾਵਾਂ ਨਾਲ ਛੇੜਛਾੜ ਅਤੇ ਹੋਰ ਕਈ ਤਰ੍ਹਾਂ ਪ੍ਰੇਸ਼ਾਨ ਕਰਦੇ ਹਨ। ਉਸ ਵੇਲੇ ਸਰਕਾਰ ਨੇ ਜ਼ਿਲ੍ਹਿਆਂ ਦੀ ਪੁਲੀਸ ਨੂੰ ਅਜਿਹੇ ਮਾਮਲਿਆਂ ਉਪਰ ਤੁਰੰਤ ਕਾਰਵਾਈ ਲਈ ਕਿਹਾ ਸੀ ਅਤੇ ਛੁੱਟੀ ਸਮੇਂ ਸਕੂਲਾਂ ਨੇੜੇ ਪੁਲੀਸ ਪਹਿਰੇ ਲਾਉਣ ਦੇ ਆਦੇਸ਼ ਵੀ ਦਿੱਤੇ ਸਨ। ਉਸ ਵੇਲੇ ਅਜਿਹੇ ਕੁਝ ਮਾਮਲੇ ਪੁਲੀਸ ਕੋਲ ਵੀ ਪੁੱਜੇ ਸਨ ਅਤੇ ਖੁਲਾਸਾ ਹੋਇਆ ਸੀ ਕਿ ਕੁੱਝ ਵਿਗੜੈਲ ਮੁੰਡੇ ਆਪਣੀਆਂ ਅਧਿਆਪਕਾਵਾਂ ਨੂੰ ਵੱਖ ਵੱਖ ਢੰਗਾਂ ਨਾਲ ਤੰਗ-ਪ੍ਰੇਸ਼ਾਨ ਕਰਦੇ ਹਨ। ਉਸ ਵੇਲੇ ਵੀ ਅਜਿਹੀ ਗੱਲ ਸਾਹਮਣੇ ਆਈ ਸੀ ਕਿ ਕਈ ਸਕੂਲਾਂ ਵਿੱਚ ਮਹਿਲਾ ਅਧਿਆਪਕਾਂ ਉਕਸਾਊ ਅਤੇ ਭੜਕੀਲੀਆਂ ਪੁਸ਼ਾਕਾਂ ਪਾ ਕੇ ਆਉਂਦੀਆਂ ਹਨ ਅਤੇ ਇਸ ਕਾਰਨ ਮਾਹੌਲ ਖਰਾਬ ਹੁੰਦਾ ਹੈ, ਜਿਸ ਤੋਂ ਬਾਅਦ ਸਰਕਾਰ ਨੇ ਸਾਲ 2012 ਵਿੱਚ ਅਧਿਆਪਕਾਂ ਉਪਰ ਸਕੂਲਾਂ ਵਿੱਚ ਭੜਕਾਊ ਅਤੇ ਉਕਸਾਊ ਜਾਂ ਫੈਸ਼ਨੇਬਲ ਪੁਸ਼ਾਕਾਂ ਨਾ ਪਾ ਕੇ ਆਉਣ ਦੇ ਹੁਕਮ ਦਿੱਤੇ ਸਨ। ਉਸ ਵੇਲੇ ਅਧਿਆਪਕਾਂ ਦੀਆਂ ਪੁਸ਼ਾਕਾਂ ਦੀ ਚੈਕਿੰਗ ਵੀ ਕੀਤੀ ਗਈ ਸੀ। ਸੂਤਰਾਂ ਅਨੁਸਾਰ ਹੁਣ ਫਿਰ ਸਰਕਾਰ ਦੇ ਵੱਖ ਵੱਖ ਪੱਧਰ ‘ਤੇ ਸ਼ਿਕਾਇਤਾਂ ਮਿਲੀਆਂ ਹਨ ਕਿ ਕਈ ਅਧਿਆਪਕਾਵਾਂ ਭੜਕੀਲੇ ਪਹਿਰਾਵੇ ਪਾ ਕੇ ਡਿਊਟੀ ‘ਤੇ ਆਉਂਦੀਆਂ ਹਨ।
ਅਧਿਆਪਕ ਯੂਨੀਅਨ ਨੇ ਕਿਹਾ-ਡਰੈੱਸ ਕੋਡ ਦੀ ਥਾਂ ਸਿੱਖਿਆ ਸੁਧਾਰ ਜ਼ਰੂਰੀ :
ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਉਹ ਸਭਿਆਚਾਰਕ ਕਦਰਾਂ ਕੀਮਤਾਂ ਲਾਗੂ ਕਰਨ ਦੇ ਹਮਾਇਤੀ ਹਨ ਪਰ ਜਿਸ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਸਕੂਲਾਂ ਵਿੱਚ ਅਧਿਆਪਕਾਵਾਂ ਵੱਲੋਂ ਭੜਕਾਊ ਪੁਸ਼ਾਕਾਂ ਪਾਈਆਂ ਜਾਂਦੀਆਂ ਹਨ, ਅਜਿਹੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਡਰੈੱਸ ਕੋਡ ਲਾਗੂ ਕਰਨ ਦੀ ਥਾਂ ਸਿੱਖਿਆ ਦੀ ਗੁਣਵੱਤਾ ਸੁਧਾਰਨ ਦੀ ਲੋੜ ਹੈ।