ਮੋਦੀ ਸਰਕਾਰ ਨੇ ਕੌਮੀ ਪੁਰਸਕਾਰਾਂ ‘ਤੇ ਵੀ ਚਾੜ੍ਹਿਆ ਭਗਵਾਂ ਰੰਗ

ਮੋਦੀ ਸਰਕਾਰ ਨੇ ਕੌਮੀ ਪੁਰਸਕਾਰਾਂ ‘ਤੇ ਵੀ ਚਾੜ੍ਹਿਆ ਭਗਵਾਂ ਰੰਗ

ਕੈਪਸ਼ਨ-ਪੰਚਾਇਤੀ ਰਾਜ ਮੰਤਰਾਲੇ ਵੱਲੋਂ ਭਾਰਤੀ ਜਨ ਸੰਘ ਦੇ ਮਰਹੂਮ ਪ੍ਰਧਾਨ ਤੇ ਪ੍ਰਚਾਰਕ ਦੀਨ ਦਿਆਲ ਉਪਾਧਿਆਏ ਅਤੇ ਪ੍ਰਚਾਰਕ ਨਾਨਾ ਜੀ ਦੇਸ਼ਮੁਖ ਦੇ ਨਾਂ ‘ਤੇ ਜਾਰੀ ਕੀਤਾ ਸਰਟੀਫਿਕੇਟ
ਬਠਿੰਡਾ/ਬਿਊਰੋ ਨਿਊਜ਼ :
ਮੋਦੀ ਸਰਕਾਰ ਨੇ ਕੌਮੀ ਪੁਰਸਕਾਰਾਂ ‘ਤੇ ਵੀ ਭਗਵਾਂ ਰੰਗ ਚਾੜ੍ਹ ਦਿੱਤਾ ਹੈ, ਜਿਸ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਹੈ। ਪੰਚਾਇਤੀ ਰਾਜ ਮੰਤਰਾਲੇ ਵੱਲੋਂ ਹੁਣੇ ਜਿਹੜੇ ਕੌਮੀ ਪੁਰਸਕਾਰ ਦਿੱਤੇ ਗਏ, ਉਨ੍ਹਾਂ ਦਾ ਨਾਮ ਭਾਰਤੀ ਜਨ ਸੰਘ ਦੇ ਮਰਹੂਮ ਪ੍ਰਧਾਨ ਤੇ ਪ੍ਰਚਾਰਕ ਦੀਨ ਦਿਆਲ ਉਪਾਧਿਆਏ ਅਤੇ ਪ੍ਰਚਾਰਕ ਨਾਨਾ ਜੀ ਦੇਸ਼ਮੁਖ ਦੇ ਨਾਮ ‘ਤੇ ਰੱਖਿਆ ਗਿਆ ਹੈ। ਲਖਨਊ ਵਿੱਚ 24 ਅਪ੍ਰੈਲ ਨੂੰ ‘ਪੰਚਾਇਤ ਸ਼ਕਤੀਕਰਨ ਪੁਰਸਕਾਰ’ ਅਤੇ ‘ਰਾਸ਼ਟਰੀ ਗੌਰਵ ਗਰਾਮ ਸਭਾ ਪੁਰਸਕਾਰ’ ਦਿੱਤੇ ਗਏ। ਪੰਚਾਇਤਾਂ ਦੀ ਹੌਸਲਾ ਅਫ਼ਜ਼ਾਈ ਲਈ ਦੇਸ਼ ਭਰ ਵਿੱਚ ਇਹ ਕੌਮੀ ਪੁਰਸਕਾਰ ਹਰ ਵਰ੍ਹੇ ਦਿੱਤੇ ਜਾਂਦੇ ਹਨ।
ਕੌਮੀ ਸਮਾਗਮ ਵਿੱਚ ਪੰਜਾਬ ਨੂੰ 10 ਪੁਰਸਕਾਰ ਮਿਲੇ, ਜਦੋਂ ਕਿ ਕੁੱਲ 25 ਪੁਰਸਕਾਰ ਸਨ। ਇਨ੍ਹਾਂ ਪੁਰਸਕਾਰਾਂ ਤੋਂ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਨੇ ਕੌਮੀ ਪੁਰਸਕਾਰਾਂ ਦਾ ਨਾਮਕਰਨ ਆਰਐਸਐਸ ਪ੍ਰਚਾਰਕਾਂ ਦੇ ਨਾਮ ‘ਤੇ ਕਰ ਦਿੱਤਾ ਹੈ। ਹੁਣ ਇਨ੍ਹਾਂ ਪੁਰਸਕਾਰਾਂ ਦਾ ਨਾਮ ‘ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਕਤੀਕਰਨ ਪੁਰਸਕਾਰ’ ਅਤੇ ‘ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗਰਾਮ ਸਭਾ ਪੁਰਸਕਾਰ’ ਹੋ ਗਿਆ ਹੈ। ਪੁਰਸਕਾਰਾਂ ‘ਤੇ ਦੋਵਾਂ ਦੀ ਤਸਵੀਰ ਵੀ ਛਾਪੀ ਗਈ ਹੈ। ਪਿਛਲੇ ਵਰ੍ਹਿਆਂ ਵਿੱਚ ਇਨ੍ਹਾਂ ਪੁਰਸਕਾਰਾਂ ਦਾ ਨਾਮ ਕਿਸੇ ਸ਼ਖ਼ਸੀਅਤ ਨਾਲ ਨਹੀਂ ਜੁੜਦਾ ਸੀ। ਭਾਜਪਾ ਵੱਲੋਂ ਜਨ ਸੰਘ ਦੇ ਦੂਜੇ ਪ੍ਰਧਾਨ ਦੀਨ ਦਿਆਲ ਉਪਾਧਿਆਏ ਦੀ 25 ਸਤੰਬਰ 2016 ਤੋਂ 25 ਸਤੰਬਰ 2017 ਤੱਕ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ ਐਵਾਰਡ ਵੀ ਉਸੇ ਸ਼ਤਾਬਦੀ ਪ੍ਰੋਗਰਾਮਾਂ ਨੂੰ ਸਮਰਪਿਤ ਕੀਤੇ ਗਏ ਹਨ।
ਪੰਚਾਇਤੀ ਰਾਜ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਡੀ.ਕੇ. ਸ਼ਰਮਾ ਵੱਲੋਂ 7 ਅਪ੍ਰੈਲ 2017 ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਜੋ ਪੱਤਰ ਭੇਜਿਆ ਗਿਆ ਸੀ, ਉਨ੍ਹਾਂ ਵਿੱਚ ਸਿਰਫ਼ ‘ਪੰਚਾਇਤ ਸ਼ਕਤੀਕਰਨ ਪੁਰਸਕਾਰ’ ਅਤੇ ‘ਰਾਸ਼ਟਰੀ ਗੌਰਵ ਗਰਾਮ ਸਭਾ ਪੁਰਸਕਾਰ’ ਦਾ ਜ਼ਿਕਰ ਕੀਤਾ ਗਿਆ ਸੀ। ਲਖਨਊ ਵਿੱਚ ਜੋ ਪੁਰਸਕਾਰ ਦਿੱਤੇ ਗਏ, ਉਹ ਦੀਨ ਦਿਆਲ ਉਪਾਧਿਆਏ ਅਤੇ ਨਾਨਾ ਜੀ ਦੇਸ਼ਮੁਖ ਦੇ ਨਾਮ ‘ਤੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ ਸਰਪੰਚ ਰਣਜੀਤ ਸਿੰਘ ਨੂੰ ਐਤਕੀਂ ਚੌਥੀ ਦਫ਼ਾ ਕੌਮੀ ਪੁਰਸਕਾਰ ਮਿਲਿਆ ਹੈ। ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਐਤਕੀਂ ਪੁਰਸਕਾਰਾਂ ਦਾ ਭਗਵਾਂਕਰਨ ਕਰ ਦਿੱਤਾ ਹੈ, ਜਦੋਂ ਕਿ ਉਸ ਨੂੰ ਪਿਛਲੇ ਵਰ੍ਹਿਆਂ ਵਿੱਚ ਮਿਲੇ ਕੌਮੀ ਐਵਾਰਡ ਇਸ ਤੋਂ ਨਿਰਲੇਪ ਸਨ। ਉਨ੍ਹਾਂ ਆਖਿਆ ਕਿ ਪੁਰਸਕਾਰ ਨੂੰ ਕਿਸੇ ਕੱਟੜ ਸੋਚ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਭਾਜਪਾ ਯੁਵਾ ਮੋਰਚਾ ਦੇ ਸਾਬਕਾ ਸੂਬਾਈ ਪ੍ਰਧਾਨ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਮੋਹਿਤ ਗੁਪਤਾ ਦਾ ਕਹਿਣਾ ਹੈ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਨੇ ਆਪਣੀ ਜ਼ਿੰਦਗੀ ਪਿੰਡਾਂ ਦਾ ਜੀਵਨ ਪੱਧਰ ਉੱਚਾ ਚੁੱਕਣ ‘ਤੇ ਲਾ ਦਿੱਤੀ ਅਤੇ ਹਮੇਸ਼ਾ ਗਰੀਬੀ ਰੇਖਾ ਤੋਂ ਹੇਠਾਂ ਵਸਦੇ ਤਬਕੇ ਦੀ ਗੱਲ ਕੀਤੀ। ਨਾਨਾ ਜੀ ਦੇਸ਼ਮੁਖ ਨੇ ਸਮਾਜ ਸੇਵਾ ਖਾਤਰ ਕੇਂਦਰੀ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ ਸੀ। ਉਨ੍ਹਾਂ ਦੇ ਨਾਮ ‘ਤੇ ਐਵਾਰਡ ਦਾ ਨਾਮ ਰੱਖਣਾ ਹਰ ਪੱਖੋਂ ਜਾਇਜ਼ ਹੈ ਕਿਉਂਕਿ ਉਨ੍ਹਾਂ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕੌਮੀ ਗੌਰਵ ਵਾਲੇ ਪੁਰਸਕਾਰਾਂ ਨੂੰ ਭਾਜਪਾਈ ਪੁੱਠ ਚਾੜ੍ਹ ਰਹੀ ਹੈ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਆਖਿਆ ਕਿ ਕੌਮੀ ਪੁਰਸਕਾਰ ਤਾਂ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਨਾਮ ‘ਤੇ ਹੋਣੇ ਚਾਹੀਦੇ ਹਨ। ਪੰਚਾਇਤਾਂ ਨੂੰ ਦਿੱਤੇ ਜਾਣ ਵਾਲੇ ਕੌਮੀ ਪੁਰਸਕਾਰ ਵੀ ਆਰਐਸਐਸ ਪ੍ਰਚਾਰਕ ਦੇ ਨਾਮ ‘ਤੇ ਦਿੱਤੇ ਗਏ ਹਨ, ਜੋ ਕਿਸੇ ਪੱਖੋਂ ਠੀਕ ਨਹੀਂ ਹੈ ਅਤੇ ਉਹ ਇਸ ਦਾ ਡਟਵਾਂ ਵਿਰੋਧ ਕਰਦੇ ਹਨ।