ਸਾਕਾ ਨੀਲਾ ਤਾਰਾ ਸਮੇਂ ਨੁਕਸਾਨੀ ਸਿੱਖ ਰੈਫਰੈਂਸ ਲਾਇਬ੍ਰੇਰੀ ਮੁੜ ਸਥਾਪਤ ਹੋਵੇਗੀ

ਸਾਕਾ ਨੀਲਾ ਤਾਰਾ ਸਮੇਂ ਨੁਕਸਾਨੀ ਸਿੱਖ ਰੈਫਰੈਂਸ ਲਾਇਬ੍ਰੇਰੀ ਮੁੜ ਸਥਾਪਤ ਹੋਵੇਗੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਜੂਨ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਤ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਲੱਗਣ ਨਾਲ ਨੁਕਸਾਨੀ ਗਈ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਨਵੇਂ ਸਿਰਿਓਂ ਕੰਪਲੈਕਸ ਤੋਂ ਬਾਹਰ ਭਾਈ ਗੁਰਦਾਸ ਹਾਲ ਦੀ ਇਮਾਰਤ ਨੇੜੇ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਾਕਾ ਨੀਲਾ ਤਾਰਾ ਸਮੇਂ ਰੈਫਰੈਂਸ ਲਾਇਬ੍ਰੇਰੀ ਦੀ ਇਮਾਰਤ ਨੂੰ ਅੱਗ ਲੱਗ ਗਈ ਸੀ ਅਤੇ ਇਸ ਵਿੱਚ ਰੱਖਿਆ ਬੇਸ਼ਕੀਮਤੀ ਖਜ਼ਾਨਾ ਤਬਾਹ ਹੋ ਗਿਆ ਸੀ। ਇਸ ਦਾ ਬਚਿਆ ਹੋਇਆ ਸਾਮਾਨ ਉਸ ਵੇਲੇ ਫ਼ੌਜ ਬੋਰੀਆਂ ਵਿੱਚ ਭਰ ਕੇ ਆਪਣੇ ਨਾਲ ਲੈ ਗਈ ਸੀ। ਫ਼ੌਜੀ ਹਮਲੇ ਤੋਂ ਬਾਅਦ ਇੱਥੇ ਤਾਇਨਾਤ ਮਰਹੂਮ ਪੁਲੀਸ ਅਧਿਕਾਰੀ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਲਾਇਬ੍ਰੇਰੀ ਨੂੰ ਅੱਗ ਲੱਗਣ ਤੋਂ ਪਹਿਲਾਂ ਫ਼ੌਜ ਵੱਲੋਂ ਲਾਇਬ੍ਰੇਰੀ ਦਾ ਸਮੁੱਚਾ ਸਾਮਾਨ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਆਪਣੇ ਨਾਲ ਅਣਦੱਸੀ ਥਾਂ ‘ਤੇ ਲੈ ਗਈ ਸੀ। ਇਸ ਖ਼ਜ਼ਾਨੇ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਪਿਛਲੇ 33 ਸਾਲਾਂ ਤੋਂ ਯਤਨਸ਼ੀਲ ਹੈ। ਕੁਝ ਵਰ੍ਹੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਬਾਅ ਕਾਰਨ ਕੇਂਦਰ ਸਰਕਾਰ ਵੱਲੋਂ ਕੁਝ ਦਸਤਾਵੇਜ਼ ਵਾਪਸ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੁਝ ਅਖਬਾਰਾਂ ਅਤੇ ਹੋਰ ਸ਼ਾਮਲ ਸਨ ਜਦੋਂਕਿ ਅਹਿਮ ਖ਼ਜ਼ਾਨਾ ਹੁਣ ਤਕ ਵਾਪਸ ਨਹੀਂ ਮਿਲਿਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਕਈ ਰੱਖਿਆ ਮੰਤਰੀਆਂ, ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀ ਕੋਲ ਵੀ ਪਹੁੰਚ ਕੀਤੀ ਜਾ ਚੁੱਕੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਭਾਵੇਂ ਇਹ ਲਾਇਬ੍ਰੇਰੀ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਿਰਮਾ ਦੇ ਉਪਰ ਬਣੇ ਵਰਾਂਡਿਆਂ ਵਿੱਚ ਪਹਿਲਾਂ ਵਾਲੀ ਥਾਂ ‘ਤੇ ਚੱਲ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਇਸ ਨੂੰ ਵੱਡੇ ਪੱਧਰ ‘ਤੇ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਭਾਈ ਗੁਰਦਾਸ ਹਾਲ ਦੇ ਨਾਲ ਬਣੀ ਗੁਰੂ ਨਾਨਕ ਕੰਨਿਆ ਸਕੂਲ ਦੀ ਇਮਾਰਤ ਖਾਲੀ ਹੋ ਚੁੱਕੀ ਹੈ, ਜਿਸ ਦੀ ਥਾਂ ‘ਤੇ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਇਮਾਰਤ ਬਣਾਈ ਜਾਵੇਗੀ। ਇਸ ਵੇਲੇ ਮੌਜੂਦਾ ਰੈਫਰੈਂਸ ਲਾਇਬ੍ਰੇਰੀ ਵਿੱਚ 60 ਹਜ਼ਾਰ ਤੋਂ ਵੱਧ ਪੁਸਤਕਾਂ ਅਤੇ 500 ਤੋਂ ਵੱਧ ਹੱਥ ਲਿਖਤ ਸਰੂਪ ਇਕੱਠੇ ਕੀਤੇ ਜਾ ਚੁੱਕੇ ਹਨ। ਇਸ ਲਈ ਸ਼੍ਰੋਮਣੀ ਕਮੇਟੀ ਨੇ ਮੁੜ ਤੋਂ ਰੈਫਰੈਂਸ ਲਾਇਬ੍ਰੇਰੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਕੋਲੋਂ ਸਿੱਖ ਖਜ਼ਾਨੇ ਦੀ ਵਾਪਸੀ ਦੀ ਮੰਗ ਜਾਰੀ ਰੱਖੀ ਜਾਵੇਗੀ ਪਰ ਦੂਜੇ ਪਾਸੇ ਇਸ ਨੂੰ ਨਵੇਂ ਸਿਰੇ ਤੋਂ ਸਥਾਪਤ ਵੀ ਕੀਤਾ ਜਾਵੇਗਾ। ਦਿੱਲੀ ਕਮੇਟੀ ਵੱਲੋਂ ਸਿਰੋਪਾਓ ‘ਤੇ ਲਾਈ ਗਈ ਰੋਕ ਬਾਰੇ ਸ਼੍ਰੋਮਣੀ ਕਮੇਟੀ ਦਾ ਪੱਖ ਸਪਸ਼ਟ ਕਰਦਿਆਂ ਉਨ੍ਹਾਂ ਆਖਿਆ ਕਿ ਸਿਰੋਪਾਓ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਮਰਿਆਦਾ ਵਿਚ ਰਹਿ ਕੇ ਹੀ ਦਿੱਤੇ ਜਾਣਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ 58 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਭਵਿੱਖ ਵਿੱਚ ਨੌਕਰੀ ਵਿਚ ਵਾਧਾ ਨਾ ਕਰਨ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਠੇਕਾ ਆਧਾਰਤ ਨੌਕਰੀ ‘ਤੇ ਨਾ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਪੰਜ ਅਧਿਕਾਰੀਆਂ ਨੂੰ ਸੇਵਾ ਤੋਂ ਫਾਰਗ ਕੀਤਾ ਜਾ ਚੁੱਕਾ ਹੈ। ਇਸ ਫ਼ੈਸਲੇ ਨਾਲ ਭਵਿੱਖ ਵਿੱਚ ਮੁੱਖ ਸਕੱਤਰ ‘ਤੇ ਵੀ ਖਤਰੇ ਦੀ ਤਲਵਾਰ ਲਟਕ ਗਈ ਹੈ। ਇਸ ਸਬੰਧੀ ਮੀਡੀਆ ਵੱਲੋਂ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਮੁੱਖ ਸਕੱਤਰ ਵੱਲੋਂ ਆਪਣੀ ਤਨਖਾਹ ਵਿੱਚੋਂ ਦੋ ਲੱਖ ਰੁਪਏ ਪਹਿਲਾਂ ਹੀ ਘੱਟ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ 15 ਅਪ੍ਰੈਲ ਨੂੰ ਨਵੀਂ ਬਣੀ ਸਾਰਾਗੜ੍ਹ ਸਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਥਕ ਮਾਮਲਿਆਂ ਸਬੰਧੀ ਵਿਵਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਅਜਿਹੇ ਮਾਮਲੇ ਹੱਲ ਕਰਨ ਦੇ ਇਛੁੱਕ ਹਨ ਅਤੇ ਉਨ੍ਹਾਂ ਧਿਰਾਂ ਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ।