ਬੁੱਚੜਖਾਨੇ ਬੰਦ ਹੋਏ ਤਾਂ ਖੁੱਸ ਜਾਏਗਾ ਲੱਖਾਂ ਹਿੰਦੂ-ਮੁਸਲਮਾਨਾਂ ਦਾ ਰੁਜ਼ਗਾਰ

ਬੁੱਚੜਖਾਨੇ ਬੰਦ ਹੋਏ ਤਾਂ ਖੁੱਸ ਜਾਏਗਾ ਲੱਖਾਂ ਹਿੰਦੂ-ਮੁਸਲਮਾਨਾਂ ਦਾ ਰੁਜ਼ਗਾਰ

ਪ੍ਰਮੋਦ ਮਲਿਕ
ਉਤਰ ਪ੍ਰਦੇਸ਼ ਵਿਚ ਬੁੱਚੜਖਾਨਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨਾਲ ਮਾਸ ਵਪਾਰ ‘ਤੇ ਨਿਰਭਰ ਮੁਸਲਮਾਨ ਹੀ ਨਹੀਂ, ਲੱਖਾਂ ਦਲਿਤਾਂ ਦੀ ਰੋਟੀ-ਰੋਜ਼ੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਬੁੱਚੜਖਾਨਿਆਂ ਅਤੇ ਚਮੜਾ ਉਦਯੋਗ ਵਿਚ ਮੁਸਲਮਾਨਾਂ ਤੋਂ ਇਲਾਵਾ ਦਲਿਤ ਵੀ ਕੰਮ ਕਰਦੇ ਹਨ। ਯੋਗੀ ਅਦਿਤਿਆਨਾਥ ਨੇ ਮੁੱਖ ਮੰਤਰੀ ਬਣਨ ਮਗਰੋਂ ਗ਼ਾਜ਼ੀਆਬਾਦ ਸਮੇਤ ਕਈ ਥਾਵਾਂ ‘ਤੇ ਬੁੱਚੜਖਾਨੇ ਬੰਦ ਕਰਵਾ ਦਿੱਤੇ ਹਨ। ਰਿਪੋਰਟ ਮੁਤਾਬਕ ਮੁੱਖ ਮੰਤਰੀ ਬਣਨ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਨਿਰਦੇਸ਼ ਦਿੱਤੇ ਹਨ ਕਿ ‘ਗੈਰਕਾਨੂੰਨੀ’ ਬੁੱਚੜਖਾਨੇ ਬੰਦ ਕੀਤੇ ਜਾਣ।
ਮੇਰਠ ਯੂਨੀਵਰਸਿਟੀ ਦੇ ਪ੍ਰੋਫੈਸਰ ਸਤੀਸ਼ ਪ੍ਰਕਾਸ਼ ਨੇ ਦੱਸਿਆ, ‘ਬੁੱਚੜਖਾਨੇ ਬੰਦ ਹੋਣ ਦਾ ਸਭ ਤੋਂ ਜ਼ਿਆਦਾ ਅਸਰ ਦਲਿਤਾਂ ‘ਤੇ ਪਏਗਾ। ਚਮੜੇ ਦਾ ਕੰਮ ਦਲਿਤਾਂ ਦਾ ਜੱਦੀ ਧੰਦਾ ਹੈ ਜੋ ਉਹ ਸਦੀਆਂ ਤੋਂ ਕਰਦੇ ਆ ਰਹੇ ਹਨ। ਬੁੱਚੜਖਾਨੇ ਬੰਦ ਹੋਣ ਨਾਲ ਵੱਡੀ ਤਾਦਾਦ ਵਿਚ ਦਲਿਤਾਂ ਦੀ ਰੋਜ਼ੀ-ਰੋਟੀ ਮਾਰੀ ਜਾਵੇਗੀ।’
ਖੇਤੀ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ਦੇ 75 ਬੁੱਚੜਖਾਨਿਆਂ ਵਿਚੋਂ 38 ਉਤਰ ਪ੍ਰਦੇਸ਼ ਵਿਚ ਹਨ।
ਇਹ ਉਹ ਬੁੱਚੜਖਾਨੇ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਐਕਸਪੋਰਟ ਅਥਾਰਟੀ (ਅਪੇਡਾ) ਤੋਂ ਲਾਇਸੈਂਸ ਮਿਲੇ ਹੋਏ ਹਨ।
ਅਲ ਹਿੰਦ ਐਕਸਪੋਰਟ ਦੇ ਨਿਰਦੇਸ਼ਕ ਲਿਆਕਤ ਅਲੀ ਨੇ ਦੱਸਿਆ ਕਿ ਇਨ੍ਹਾਂ ਬੁੱਚੜਖਾਨਿਆਂ ਵਿਚ ਮੁਸਲਮਾਨ ਤਾਂ ਸਿਰਫ਼ ਜਾਨਵਰ ਵੱਢਣ ਦਾ ਹੀ ਕੰਮ ਕਰਦੇ ਹਨ। ਬਾਕੀ ਸਾਰਾ ਕੰਮ ਹਿੰਦੂ ਕਰਦੇ ਹਨ। ਉਨ੍ਹਾਂ ਅਨੁਸਾਰ ਦਰਅਸਲ, ਇਸ ਖੇਤਰ ਵਿਚ ਹਿੰਦੂ ਅਤੇ ਮੁਸਲਮਾਨ ਮਿਲ ਕੇ ਲਗਭਗ ਦੋ ਲੱਖ ਲੋਕ ਕੰਮ ਕਰਦੇ ਹਨ ਪਰ ਤਕਰੀਬਨ 75 ਫੀਸਦੀ ਕਰਮਚਾਰੀ ਤਾਂ ਹਿੰਦੂ ਹਨ।
ਹਾਲਾਂਕਿ ਮਾਮਲਾ ਇਸ ਤੋਂ ਅੱਗੇ ਵੱਧ ਕੇ ਹੈ। ਜਾਨਵਰ ਪਾਲਣ ਵਾਲੇ ਅਤੇ ਉਨ੍ਹਾਂ ‘ਤੇ ਨਿਰਭਰ ਰਹਿਣ ਵਾਲੇ ਵੀ ਸਾਰੇ ਭਾਈਚਾਰੇ ਦੇ ਹਨ। ਇਸ ਮਾਮਲੇ ਵਿਚ ਵੀ ਹਿੰਦੂਆਂ ਦੀ ਤਾਦਾਦ ਜ਼ਿਆਦਾ ਹੈ। ਸਤੀਸ਼ ਪ੍ਰਕਾਸ਼ ਦਾ ਕਹਿਣਾ ਹੈ, ‘ਚਮੜਾ ਉਦਯੋਗ ਨਾਲ ਲੱਖਾਂ ਦਲਿਤਾਂ ਦਾ ਪੇਟ ਪਲਦਾ ਹੈ। ਇਸ ਧੰਦੇ ‘ਤੇ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਏਕਾਧਿਕਾਰ ਰਿਹਾ ਹੈ। ਇਸ ਧੰਦੇ ਦੇ ਜ਼ੋਰ ‘ਤੇ ਹੀ ਉਤਰ ਪ੍ਰਦੇਸ਼ ਦੇ ਦਲਿਤਾਂ ਦੀ ਮਾਲੀ ਹਾਲਤ ਸੁਧਰੀ ਅਤੇ ਕੁਝ ਕਾਫ਼ੀ ਬਿਹਤਰ ਹਾਲਤ ਵਿਚ ਹੋ ਗਏ।’ ਉਨ੍ਹਾਂ ਦੱਸਿਆ ਕਿ ਦਲਿਤ ਹਾਪੁੜ ਦੀ ਮੰਡੀ ਤੋਂ ਚਮੜਾ ਲਿਆਉਂਦੇ ਹਨ ਤਾਂ ਕਈ ਵਾਰ ਪੁਲੀਸ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ, ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਅਜਿਹੇ ਦਲਿਤਾਂ ‘ਤੇ ਆਉਣ ਵਾਲੇ ਸਮੇਂ ਵਿਚ ਸੰਕਟ ਵਧੇਗਾ, ਉਨ੍ਹਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਕੀਤਾ ਜਾਣ ਲੱਗੇਗਾ, ਇਸ ਦਾ ਪੂਰਾ ਖ਼ਦਸ਼ਾ ਹੈ।
ਪਰ ਗਾਂ-ਮੱਝ ਪਾਲਣ ਅਤੇ ਉਸ ਦੇ ਦੁੱਧ ਦੇ ਵਪਾਰ ਵਿਚ ਲੱਖਾਂ ਲੋਕ ਜੁੜੇ ਹੋਏ ਹਨ, ਉਨ੍ਹਾਂ ਨੂੰ ਵੀ ਦਿੱਕਤ ਆਵੇਗੀ। ਲਿਆਕਤ ਅਲੀ ਕਹਿੰਦੇ ਹਨ, ‘ਦੋ-ਤਿੰਨ ਵਾਰ ਬੱਚੇ ਜਣਨ ਮਗਰੋਂ ਗਾਂ-ਮੱਝ ਦੀ ਉਪਯੋਗਤਾ ਨਹੀਂ ਬਚਦੀ। ਉਨ੍ਹਾਂ ਨੂੰ ਪਾਲਣ ‘ਤੇ ਮਹੀਨੇ ਵਿਚ ਘੱਟੋ-ਘੱਟ 400 ਰੁਪਏ ਖ਼ਰਚਾ ਆਉਂਦਾ ਹੈ। ਉਸ ਜਾਨਵਰ ਨੂੰ ਵੇਚ ਕੇ ਜੋ ਪੈਸਾ ਮਿਲਦੇ ਹਨ, ਉਸ ਤੋਂ ਕਿਸਾਨ ਪੂਰਾ ਖ਼ਰਚ ਕੱਢ ਲੈਂਦਾ ਹੈ। ਜੇਕਰ ਉਹ ਜਾਨਵਰ ਨਾ ਵਿਕੇ ਤਾਂ ਉਹ ਘੱਟੇ ਵਿਚ ਰਹੇਗਾ। ਫਿਰ ਉਹ ਜਾਨਵਰ ਨਹੀਂ ਪਾਲੇਗਾ।’
ਸੂਬੇ ਵਿਚ ਗੈਰ ਕਾਨੂੰਨੀ ਬੁੱਚੜਖਾਨੇ ਵੀ ਹਨ। ਇਨ੍ਹਾਂ ਕੋਲ ਲਾਇਸੈਂਸ ਨਹੀਂ ਹਨ ਕਿਉਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਆਗਿਆ ਨਹੀਂ ਲਈ ਹੈ। ਜਿਨ੍ਹਾਂ ਕੋਲ ਲਾਇਸੈਂਸ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਦੇ ਲਾਇਸੈਂਸ 2017 ਵਿਚ ਖ਼ਤਮ ਹੋ ਜਾਣਗੇ। ਕੁਝ ਦੂਸਰਿਆਂ ਦੇ ਲਾਇਸੈਂਸ 2018, 2019 ਅਤੇ 2020 ਵਿਚ ਖ਼ਤਮ ਹੋ ਰਹੇ ਹਨ। ਲਿਆਕਤ ਅਲੀ ਦਾ ਦੋਸ਼ ਹੈ ਕਿ ਲਾਇਸੈਂਸ ਦੀ ਮਿਆਦ ਖਤਮ ਹੋਣ ਮਗਰੋਂ ਉਨ੍ਹਾਂ ਨੂੰ ਨਵਿਆਇਆ ਨਹੀਂ ਜਾਵੇਗਾ। ਉਸ ਮਗਰੋਂ ਉਹ ਵੀ ਗੈਰ ਕਾਨੂੰਨੀ ਮੰਨੇ ਜਾਣਗੇ ਤੇ ਫਿਰ ਉਨ੍ਹਾਂ ਖ਼ਿਲਾਫ਼ ਕਾਰਵਾਈ ਆਸਾਨ ਹੋ ਜਾਵੇਗੀ।
ਇੰਡੀਅਨ ਫੂਡਜ਼ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਅਸ਼ੋਕ ਯਾਦਵ ਗੈਰ ਕਾਨੂੰਨੀ ਬੁੱਚੜਖਾਨਿਆਂ ਨੂੰ ਬੰਦ ਕਰਨਾ ਗ਼ਲਤ ਨਹੀਂ ਮੰਨਦੇ। ਉਨ੍ਹਾਂ ਦੱਸਿਆ, ‘ਗੈਰ ਕਾਨੂੰਨੀ ਤਾਂ ਚੀਜ਼ ਹੀ ਗ਼ਲਤ ਹੈ, ਭਾਵੇਂ ਉਹ ਕਿਸੇ ਵੀ ਉਦਯੋਗ ਵਿਚ ਹੋਵੇ। ਗੈਰ ਕਾਨੂੰਨੀ ਕਾਰੋਬਾਰ ਨੂੰ ਬੰਦ ਕਰਨ ਨੂੰ ਅਸੀਂ ਗ਼ਲਤ ਨਹੀਂ ਕਹਿ ਸਕਦੇ।’
ਬੀਫ਼ ਕਾਰੋਬਾਰੀਆਂ ਦੀ ਵੈੱਬਸਾਈਟ ਬੀਫ਼ਟੂਲਿਵ.ਕਾੱਮ ਮੁਤਾਬਕ, ਭਾਰਤ ਬੀਫ਼ ਉਤਪਾਦਨ ਵਿਚ ਦੁਨੀਆ ਵਿਚ ਪੰਜਵੇਂ ਨੰਬਰ ‘ਤੇ ਹੈ ਪਰ ਬਰਾਮਦ ਵਿਚ ਉਹ ਪਿਛਲੇ ਸਾਲ ਤਕ ਦੂਸਰੇ ਨੰਬਰ ‘ਤੇ ਸੀ। ਸਮਝਿਆ ਜਾਂਦਾ ਹੈ ਕਿ 2017-18 ਦੇ ਵਿੱਤੀ ਸਾਲ ਵਿਚ ਬ੍ਰਾਜ਼ੀਲ ਤੋਂ ਅੱਗੇ ਨਿਕਲ ਜਾਵੇਗਾ। ਭਾਰਤ ਤੋਂ ਬੀਫ਼ ਬਰਾਮਦ ਨਾਲ ਤਕਰੀਬਨ 27000 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਉਤਰ ਪ੍ਰਦੇਸ਼ ਦੇ ਬੀਫ਼ ਨਿਰਯਾਤਕਾਂ ਦੇ ਹਿੱਸੇ ਤਕਰੀਬਨ 15000 ਕਰੋੜ ਰੁਪਏ ਆਉਂਦੇ ਹਨ। ਇਸ ਤੋਂ ਇਲਾਵਾ ਤਕਰੀਬਨ 3000 ਕਰੋੜ ਰੁਪਏ ਦੇ ਬੀਫ਼ ਦੀ ਖ਼ਪਤ ਦੇਸ਼ ਵਿਚ ਹੁੰਦੀ ਹੈ ਪਰ ਉਤਰ ਪ੍ਰਦੇਸ਼ ਵਿਚ ਇਹ ਖਪਤ ਕਾਫ਼ੀ ਘੱਟ ਹੈ।
ਬੀਫ਼ ਉਤਪਾਦਨ ਵਿਚ ਭਾਰਤ ਪੂਰੀ ਦੁਨੀਆ ਵਿਚ ਪੰਜਵੇਂ ਸਥਾਨ ‘ਤੇ ਹੈ। ਪਹਿਲੇ ਨੰਬਰ ‘ਤੇ ਅਮਰੀਕਾ ਅਤੇ ਦੂਸਰੇ ‘ਤੇ ਚੀਨ ਹੈ। ਇਨ੍ਹਾਂ ਦੋਹਾਂ ਹੀ ਮੁਲਕਾਂ ਵਿਚ ਬੀਫ਼ ਦੀ ਖਪਤ ਵੀ ਬਹੁਤ ਜ਼ਿਆਦਾ ਹੈ। ਬੀਫ਼ ਉਦਯੋਗ ‘ਤੇ ਨਿਰਭਰ ਹੈ ਚਮੜਾ ਉਦਯੋਗ ਤੇ ਚਮੜਾ ਉਦਯੋਗ ਵਿਚ ਉਤਰ ਪ੍ਰਦੇਸ਼ ਪੂਰੇ ਦੇਸ਼ ਵਿਚ ਮੋਹਰੀ ਹੈ। ਉਤਰ ਪ੍ਰਦੇਸ਼ ਵਿਚ ਛੋਟੀ-ਵੱਡੀਆਂ ਚਮੜਾ ਇਕਾਈਆਂ ਦੀ ਤਾਦਾਦ 11000 ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਇਕਾਈਆਂ ਕਾਨਪੁਰ ਅਤੇ ਆਗਰਾ ਵਿਚ ਹਨ। ਵਣਜ ਮੰਤਰਾਲੇ ਦਾ ਅਨੁਮਾਨ ਹੈ ਕਿ ਚਮੜਾ ਉਦਯੋਗ ਪੂਰੇ ਦੇਸ਼ ਵਿਚ ਲਗਭਗ 20 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਉਤਰ ਪ੍ਰਦੇਸ਼ ਵਿਚ ਇਸ ਉਦਯੋਗ ਵਿਚ ਸਿੱਧੇ ਅਤੇ ਅਸਿੱਧੇ ਰੂਪ ਨਾਲ ਲਗਭਗ 10 ਲੱਖ ਲੋਕ ਜੁੜੇ ਹੋਏ ਹਨ।
ਸਤੀਸ਼ ਪ੍ਰਕਾਸ਼ ਕਹਿੰਦੇ ਹਨ, ‘ਖਲ ਉਤਾਰਣ ਤੋਂ ਲੈ ਕੇ ਉਸ ਦੀ ਸਫ਼ਾਈ, ਰਸਾਇਣ ਪਾਉਣ, ਚਮੜਾ ਪਕਾਉਣ ਵਰਗੇ ਕੰਮ ਵਿਚ ਦਲਿਤ ਪੂਰੀ ਤਰ੍ਹਾਂ ਜੁਟੇ ਹੋਏ ਹਨ। ਚਮੜੇ ਦਾ ਸਾਮਾਨ ਬਣਾਉਣ ਵਿਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਹ ਬੇਰੁਜ਼ਗਾਰ ਹੋ ਜਾਣਗੇ।’ ਚਮੜਾ ਉਦਯੋਗ ਵਿਚ ਪੂਰੇ ਦੇਸ਼ ਵਿਚ ਕੁੱਲ ਨਿਵੇਸ਼ 5322 ਕਰੋੜ ਰੁਪਏ ਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਵਿੱਤੀ ਵਰ੍ਹੇ 2014-15 ਵਿਚ ਚਮੜੇ ਦੇ ਸਾਮਾਨ ਦੀ ਬਰਾਮਦ 94.20 ਕਰੋੜ ਡਾਲਰ ਹੋਈ ਸੀ। ਮੁੱਖ ਬਰਾਮਦ-ਜਰਮਨੀ, ਅਮਰੀਕਾ, ਬਰਤਾਨੀਆ, ਇਟਲੀ, ਫਰਾਂਸ, ਹਾਂਗ ਕਾਂਗ, ਸਪੇਨ, ਸੰਯੁਕਤ ਅਰਬ ਅਮੀਰਾਤ ਨੂੰ ਹੁੰਦੀ ਹੈ। ਅਸ਼ੋਕ ਯਾਦਵ ਅਨੁਸਾਰ ਮਾਮਲਾ ਸਿਰਫ਼ ਮਾਸ ਜਾਂ ਬੁੱਚੜਖਾਨਿਆਂ ਦਾ ਨਹੀਂ ਹੈ। ਇਸ ਧੰਦੇ ਨਾਲ ਜੁੜੇ ਢੇਰ ਸਾਰੇ ਦੂਸਰੇ ਧੰਦੇ ਹਨ, ਜੋ ਪੂਰੀ ਤਰ੍ਹਾਂ ਬੁੱਚੜਖਾਨਿਆਂ ‘ਤੇ ਨਿਰਭਰ ਹਨ। ਉਨ੍ਹਾਂ ਨਾਲ ਲੱਖਾਂ ਲੋਕਾਂ ਦਾ ਪੇਟ ਪਲਦਾ ਹੈ। ਉਹ ਵਿਚਾਰੇ ਕਿੱਥੇ ਜਾਣਗੇ।
ਉਤਰ ਪ੍ਰਦੇਸ਼ ਵਿਚ ਨਵੀਂ ਸਰਕਾਰ ਆਉਣ ਮਗਰੋਂ ਜਿਸ ਤਰ੍ਹਾਂ ਕਈ ਥਾਵਾਂ ‘ਤੇ ਛਾਪੇ ਮਾਰੇ ਗਏ ਅਤੇ ਕਈ ਗੈਰ ਕਾਨੂੰਨੀ ਬੁੱਚੜਖਾਨੇ ਬੰਦ ਹੋਏ ਹਨ, ਉਸ ਨਾਲ ਪੂਰੇ ਉਦਯੋਗ ਦੇ ਲੋਕ ਡਰੇ ਹੋਏ ਹਨ। ਲਿਆਕਤ ਮੁਤਾਬਕ, ‘ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਧੰਦੇ ਵਿਚ ਸਾਰੇ ਭਾਈਚਾਰੇ ਦੇ ਲੋਕ ਮਿਲ ਕੇ ਕੰਮ ਕਰਦੇ ਹਨ, ਪਰ ਦਿਖ ਅਜਿਹੀ ਬਣਾ ਦਿੱਤੀ ਗਈ ਹੈ ਕਿ ਇਹ ਇਕ ਭਾਈਚਾਰੇ ਵਿਸ਼ੇਸ਼ ਦਾ ਹੀ ਕੰਮ ਹੈ।’ ਪਰ ਦੂਸਰੇ ਪਾਸੇ ਲੋਕ ਸਰਕਾਰ ਨੂੰ ਪੂਰਾ ਸਮਾਂ ਦੇਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮਨਸ਼ਾ ‘ਤੇ ਫ਼ਿਲਹਾਲ ਸਵਾਲੀਆ ਨਿਸ਼ਾਨ ਲਾਉਣ ਤੋਂ ਬਚ ਰਹੇ ਹਨ। ਅਸ਼ੋਕ ਯਾਦਵ ਨੇ ਕਿਹਾ, ‘ਹੁਣ ਤਕ ਕਾਨੂੰਨੀ ਤੌਰ ‘ਤੇ ਚੱਲਣ ਵਾਲੇ ਕਿਸੇ ਬੁੱਚੜਖਾਨੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਲਈ ਅਸੀਂ ਸਰਕਾਰ ਦੇ ਇਰਾਦੇ ਬਾਰੇ ਕਿਵੇਂ ਕਹਿ ਸਕਦੇ ਹਾਂ?’ ਪਰ ਮੋਟੇ ਤੌਰ ‘ਤੇ ਲੋਕ ਇਹ ਮੰਨ ਰਹੇ ਹਨ ਕਿ ਇਹ ਆਰਥਿਕ ਤੇ ਕਾਰੋਬਾਰੀ ਮਾਮਲਾ ਹੈ ਅਤੇ ਇਸ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਕਿਸੇ ਵੀ ਸਰਕਾਰ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ।

ਬੀਬੀਸੀ ਤੋਂ ਧੰਨਵਾਦ ਸਹਿਤ
ਚਮੜਾ ਉਦਯੋਗ ਵਿਚ ਰੁਜ਼ਗਾਰ
ਚਮੜਾ ਉਦਯੋਗ ਵਿਚ ਰੁਜ਼ਗਾਰ  20 ਲੱਖ
ਟੈਨਿੰਗ ਅਤੇ ਫਿਨਿਸ਼ਿੰਗ           1.25 ਲੱਖ
ਜੁੱਤਾ ਬਣਾਉਣ ਦਾ ਕੰਮ           1.75 ਲੱਖ
ਸ਼ੂ ਅਪਰ ਬਣਾਉਣ ਦਾ ਕੰਮ        75 ਹਜ਼ਾਰ
ਲੈਦਰ ਗੁੱਡਜ਼ ਤੇ ਲੈਦਰ ਫੈਸ਼ਨ     1.50 ਲੱਖ
ਚੱਪਲ ਤੇ ਸੈਂਡਲ ਬਣਾਉਣ ਵਿਚ   4.50 ਲੱਖ

ਬੀਫ਼ ਦੀ ਕੌਮਾਂਤਰੀ ਬਰਾਮਦ ਮੀਟ੍ਰਿਕ ਟਨ ਵਿਚ
ਕੁੱਲ ਬਰਾਮਦ   94,39,000
ਬ੍ਰਾਜ਼ੀਲ         18,50,000
ਭਾਰਤ           18,50,000
ਆਸਟਰੇਲੀਆ  13,8500
ਅਮਰੀਕਾ        11,20,000

ਦੁਨੀਆ ਵਿਚ ਬੀਫ਼ ਦਾ ਉਤਪਾਦਨ ਮੀਟ੍ਰਿਕ ਟਨ ਵਿਚ
ਅਮਰੀਕਾ   11,389,000
ਬ੍ਰਾਜ਼ੀਲ     92,84,000
ਯੂਰਪੀ ਸੰਘ   78,50,000
ਚੀਨ          69,00,000
ਭਾਰਤ        42,50,000

ਚਮੜਾ ਉਦਯੋਗ ਦੇ ਉਤਪਾਦ
ਹਾਈਡ     6.40 ਕਰੋੜ
ਸਕਿਨ      16.60 ਕਰੋੜ
ਜੁੱਤੇ         10 ਕਰੋੜ ਜੋੜੇ
ਸ਼ੂ ਅਪਰ    7.80 ਕਰੋੜ ਜੋੜੇ
ਲੈਦਰ ਵਿਅਰ  60 ਲੱਖ
ਹੋਰ ਉਤਪਾਦ   7 ਕਰੋੜ
ਉਦਯੋਗਿਕ ਦਸਤਾਨੇ   4 ਕਰੋੜ ਜੋੜੇ