ਏਮਜ਼ ਦੀ ਰਿਪੋਰਟ ‘ਚ ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ਦੀ ਖੁੱਲ੍ਹੀ ਪੋਲ

ਏਮਜ਼ ਦੀ ਰਿਪੋਰਟ ‘ਚ ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ਦੀ ਖੁੱਲ੍ਹੀ ਪੋਲ

ਕੈਮਿਸਟਾਂ ਦੀਆਂ ਦੁਕਾਨਾਂ ਤੋਂ ਹਰ ਸਾਲ 375 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਦਵਾਈਆਂ ਦੀ ਵਿਕਰੀ
ਚੰਡੀਗੜ੍ਹ/ਬਿਊਰੋ ਨਿਊਜ਼ :
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਿੱਲੀ ਨੇ ਆਪਣੀ ਰਿਪੋਰਟ ਵਿਚ ਪੰਜਾਬ ਵਿੱਚ ਨਸ਼ਿਆਂ ਦੇ ਚਲ ਰਹੇ ਕਾਰੋਬਾਰ ਦੀ ਪੋਲ ਖੋਲ੍ਹ ਦਿੱਤੀ ਹੈ। ਰਿਪੋਰਟ ਮੁਤਾਬਕ ਪੰਜਾਬ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਤੋਂ ਹਰ ਸਾਲ ਪੌਣੇ ਚਾਰ ਸੌ ਕਰੋੜ ਰੁਪਏ ਦੀਆਂ ਨਸ਼ੇ ਦੀਆਂ ਦਵਾਈਆਂ ਦੀ ਵਿਕਰੀ ਹੋ ਰਹੀ ਹੈ। ਪੰਜਾਬ ਵਿੱਚ ਦਵਾਈਆਂ ਦੀ 14 ਫ਼ੀਸਦ ਵਿੱਕਰੀ ਨਸ਼ੇ ਦੀਆਂ ਦਵਾਈਆਂ ਦੀ ਹੈ।
ਏਮਜ਼ ਵੱਲੋਂ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਇੱਕ ਸਰਵੇਖਣ ਕਰਾਇਆ ਗਿਆ ਸੀ। ਇਸ ਵਿੱਚ ਏਮਜ਼ ਦੇ ਡਾਕਟਰਾਂ ਤੋਂ ਬਿਨਾਂ ਸਿਹਤ ਵਿਭਾਗ ਅਤੇ ਨਸ਼ਾ ਛਡਾਉੂ ਕੇਂਦਰਾਂ ਦੇ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ਦੇ ਸ਼ੁਰੂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਰਵੇਖਣ ਦਾ ਮਕਸਦ ਪੰਜਾਬ ਵਿਚ ਨਸ਼ਿਆਂ ਬਾਰੇ ਚਲ ਰਹੇ ਵਿਵਾਦਮਈ ਤਕਰਾਰ ਨੂੰ ਖ਼ਤਮ ਕਰਨਾ ਹੈ। ਰਿਪੋਰਟ ਮੁਤਾਬਕ ਨਸ਼ੇ ਕਰਨ ਕਾਲਿਆਂ ਵਿੱਚ 99 ਫ਼ੀਸਦ ਦੀ ਉਮਰ 18 ਤੋਂ 35 ਸਾਲ ਦੇ ਵਿੱਚ ਹੈ ਅਤੇ ਇਨ੍ਹਾਂ ਵਿਚੋਂ 54 ਪ੍ਰਤੀਸ਼ਤ ਵਿਆਹੇ ਵਰੇ ਪੁਰਸ਼ ਹਨ। ਪੜ੍ਹੇ ਲਿਖੇ ਨਸ਼ੇੜੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਬੋਲੀ ਵਿਚ ਗੱਲ ਕਰਦੇ ਹਨ। ਕੈਮਿਸਟਾਂ ਤੋਂ ਨਸ਼ਾ ਕਰਨ ਲਈ ਵਧੇਰੇ ਕਰਕੇ ਕੁਡੀਨ, ਲੋਮੋਟਿਲ, ਬੁਪਰੋ ਨੌਰਫਿਨ, ਫੋਰਟਵਿਨ ਅਤੇ ਨੌਰਫਿਨ ਮੁੱਲ ਲਈ ਜਾ ਰਹੀ ਹੈ। ਇਹ ਦਵਾਈਆਂ ਡਾਕਟਰਾਂ ਵਲੋਂ ਮਰੀਜ਼ਾਂ ਵਾਸਤੇ ਲਿਖੀਆਂ ਜਾਂਦੀਆਂ ਹਨ ਪਰ ਵੱਡੀ ਗਿਣਤੀ ਲੋਕ ਕੈਮਿਸਟਾਂ ਨੂੰ ਗੁੰਮਰਾਹ ਕਰਕੇ ਇਹ ਦਵਾਈ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ। ਕਈ ਕੈਮਿਸਟਾਂ ਵਲੋਂ  ਇਹ ਦਵਾਈਆਂ ਵੱਧ ਭਾਅ ਦੇ ਲਾਲਚ ਵਸ ਗ਼ੈਰ ਕਾਨੂੰਨੀ ਤੌਰ ‘ਤੇ ਵੀ ਵੇਚੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਦਵਾਈਆਂ ਦੀਆਂ 17000 ਪ੍ਰਚੂਨ ਅਤੇ 8000 ਥੋਕ ਦੀਆਂ ਦੁਕਾਨਾ ਹਨ ਪਰ ਇਨ੍ਹਾਂ ਦੀ ਜਾਂਚ ਲਈ ਕੇਵਲ 48 ਡਰੱਗ ਇੰਸਪੈਕਟਰ ਹਨ। ਇਸ ਤਰ੍ਹਾਂ ਏਨੀ ਘੱਟ ਗਿਣਤੀ ਵਿਚ ਫੋਰਸ ਦੇ ਹੁੰਦਿਆਂ ਕੈਮਿਸਟਾਂ ‘ਤੇ ਬਾਜ਼ ਅੱਖ ਰੱਖਣੀ ਆਸਾਨ ਨਹੀਂ ਹੈ। ਪਿਛਲੇ ਸਾਲ ਦੀ ਕਾਰਗੁਜ਼ਾਰੀ ‘ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਬਾਰਾਂ ਮਹੀਨੇ ਵਿੱਚ ਕੇਵਲ 9153 ਕੈਮਿਸਟਾਂ ਦੀਆਂ ਦੁਕਾਨਾ ‘ਤੇ ਛਾਪੇ ਮਾਰੇ ਗਏ ਸਨ। ਇਨ੍ਹਾਂ ਵਿਚੋਂ 434 ਵਿਰੁੱਧ ਗ਼ੈਰ ਕਾਨੂੰਨੀ ਤੌਰ ‘ਤੇ ਦਵਾਈ ਵੇਚਣ ਦਾ ਕੇਸ ਚਲ ਰਿਹਾ ਹੈ ਅਤੇ ਸਿਰਫ਼ 54 ਨੂੰ ਸਜ਼ਾ ਹੋਈ ਹੈ।
ਸਰਕਾਰ ਵੱਲੋਂ ਖੋਲ੍ਹੇ ਗਏ ਨਸ਼ਾ ਛਡਾਉ ਕੇਂਦਰਾਂ ਵਿੱਚ ਮਨੋਰੋਗ ਦੇ ਮਾਹਰ ਡਾਕਟਰ ਨਹੀਂ ਹਨ। ਇਸ ਤੋਂ ਵੀ ਅੱਗੇ ਨਸ਼ੇੜੀਆਂ ਨੂੰ ਨਸ਼ਾਮੁਕਤ ਕਰਨ ਤੋਂ ਬਾਅਦ ਉਨ੍ਹਾਂ ਦੇ ਮੁੜ ਵਸੇਬੇ ਲਈ ਜਿਹੜੇ ਕੇਂਦਰ ਖੋਲ੍ਹੇ ਗਏ ਹਨ ਉਨ੍ਹਾਂ ਵਿੱਚ ਵੀ ਮਾਹਰ ਡਾਕਟਰਾਂ ਦੀ ਘਾਟ ਹੈ ਅਤੇ ਐਮਬੀਬੀਐਸ ਨੂੰ ਛੇ ਮਹੀਨੇ ਦੀ ਟਰੇਨਿੰਗ ਦੇ ਕੇ ਲਾ ਦਿੱਤਾ ਗਿਆ ਹੈ। ਪੰਜਾਬ ਸਿਹਤ ਵਿਭਾਗ ਦੇ ਸਟੇਟ ਡਰੱਗ ਇੰਸਪੈਕਟਰ ਡਾਕਟਰ ਪਰਵੀਨ ਮੱਟੂ ਨੇ ਕਿਹਾ ਹੈ ਕਿ ਆਮ ਕਰਕੇ ਡਾਕਟਰਾਂ ਵਲੋਂ ਮਰੀਜ਼ ਨੂੰ ਬਿਮਾਰੀ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਦਵਾਈਆਂ ਹੀ ਬਾਅਦ ਵਿਚ ਨਸ਼ੇ ਦੇ ਰੂਪ ਵਿਚ ਲੋਕ ਵਰਤਣ ਲੱਗ ਪੈਂਦੇ ਹਨ।

ਕੈਪਟਨ ਨੇ ਚਿੱਟੇ ਦੇ ਖ਼ਾਤਮੇ ਲਈ ਟਾਸਕ ਫੋਰਸ ਨੂੰ ਦਿੱਤੀ ਖੁੱਲ੍ਹੀ ਛੁੱਟੀ
ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਨਵੀਂ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਨੂੰ ਸੂਬੇ ਵਿਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕਰਨ ਦੇ ਹੁਕਮ ਦੇਣ ਤੋਂ ਇਲਾਵਾ ਇਸ ਕਾਰਜ ਨੂੰ ਚਾਰ ਹਫਤਿਆਂ ਦੇ ਨਿਰਧਾਰਤ ਸਮੇਂ ਵਿੱਚ ਅੰਜਾਮ ‘ਤੇ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਸ੍ਰੀ ਸਿੱਧੂ ਨੂੰ ਨਸ਼ੇ ਦੇ ਵਪਾਰ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਨਾ ਬਖਸ਼ਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਰੋਜ਼ਮਰਾ ਦੇ ਆਧਾਰ ‘ਤੇ ਖੁਦ ਐਸ.ਟੀ.ਐਫ ਦੀ ਪ੍ਰਗਤੀ ‘ਤੇ ਨਿਗਰਾਨੀ ਰੱਖਣਗੇ ਤਾਂ ਕਿ ਚਾਰ ਹਫ਼ਤਿਆਂ ਵਿਚ ਨਸ਼ਿਆਂ ਦੇ ਪੂਰੀ ਤਰ੍ਹਾਂ ਸਫਾਏ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ। ਸਿੱਧੂ ਨੇ ਵਿਸ਼ੇਸ਼ ਟਾਸਕ ਫੋਰਸ ਦਾ ਚਾਰਜ ਸੰਭਾਲ ਲਿਆ ਹੈ। ਪੰਜਾਬ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਬਣਾਏ ਜਾਣ ਤੋਂ ਪਹਿਲਾਂ ਉਹ ਛੱਤੀਸਗੜ੍ਹ ਵਿਖੇ ਨਕਸਲੀਆਂ ਵਿਰੁੱਧ ਕਾਰਵਾਈ ਵਿੱਚ ਹਿੱਸਾ ਲੈ ਰਿਹਾ ਸੀ। ਮੁੱਖ ਮੰਤਰੀ ਨੇ ਸਿੱਧੂ ਦੀ ਅਗਵਾਈ ਵਿੱਚ ਉੱਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਸੂਬੇ ਵਿੱਚ ਨਸ਼ਿਆਂ ਦੇ ਵਪਾਰੀਆਂ ਅਤੇ ਤਸਕਰਾਂ ਨੂੰ ਕਾਬੂ ਕਰਨ ਅਤੇ ਉਨ੍ਹਾਂ ਦੇ ਟੋਹ ਲਾਉਣ ਲਈ ਲੋਕਾਂ ਦੀ ਮਦਦ ਵੀ ਲਈ ਜਾਵੇ। ਇਸ ਸਬੰਧ ਵਿੱਚ 24 ਘੰਟੇ ਚੱਲਣ ਵਾਲੀ ਹੈਲਪ ਲਾਈਨ ਵੀ ਤਿਆਰ ਕੀਤੀ ਗਈ ਹੈ ਅਤੇ ਕੋਈ ਵੀ ਵਿਅਕਤੀ 181 ‘ਤੇ ਫੋਨ ਕਰਕੇ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਘਟਨਾ ਦੀ ਜਾਣਕਾਰੀ ਦੇ ਸਕਦਾ ਹੈ ਅਤੇ ਉਸ ਦੀ ਸ਼ਨਾਖਤ ਸਬੰਧੀ ਉਸ ਦੀ ਪੂਰੀ ਸੁਰੱਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਨਸ਼ਾ ਮਾਫੀਆ, ਨਸ਼ੇ ਦੇ ਵਪਾਰੀਆਂ/ਡੀਲਰਾਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਵੀ ਵਿਸ਼ੇਸ਼ ਟਾਸਕ ਫੋਰਸ ਨੂੰ ਨਿਰਦੇਸ਼ ਦਿੱਤੇ ਹਨ।