ਨਸ਼ਾ ਤਸਕਰੀ ਕੇਸ ‘ਚ ਸ਼ਾਮਲ ਸਿਆਸੀ ਆਗੂਆਂ ਦੇ ਦਾਮਨ ਕੀਤੇ ‘ਸਵੱਛ’

ਨਸ਼ਾ ਤਸਕਰੀ ਕੇਸ ‘ਚ ਸ਼ਾਮਲ ਸਿਆਸੀ ਆਗੂਆਂ ਦੇ ਦਾਮਨ ਕੀਤੇ ‘ਸਵੱਛ’

ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਡਰੱਗ ਤਸਕਰੀ ਮਾਮਲੇ ਵਿੱਚ ਪੁਲੀਸ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਇਸ ਮਾਮਲੇ ਦੀ ਨਵੇਂ ਸਿਰਿਓਂ ਕੀਤੀ ਪੜਤਾਲ ਦੌਰਾਨ ਕਿਸੇ ਵੀ ਸਿਆਸੀ ਆਗੂ ਦਾ ਨਾਂ ਸਾਹਮਣੇ ਨਹੀਂ ਆਇਆ। ਉਂਜ ਜਾਂਚ ਕਮੇਟੀ ਨੇ 20 ਮੁਲਜ਼ਮਾਂ ਵਿਚੋਂ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਸਮੇਤ 13 ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ, ਅਨਿਲ ਚੌਹਾਨ, ਸਰਬਜੀਤ ਸਿੰਘ, ਸਤਿੰਦਰ ਧਾਮਾ, ਬਲਜਿੰਦਰ ਸਿੰਘ ਸੋਨੂੰ, ਦਵਿੰਦਰ ਸਿੰਘ ਹੈਪੀ, ਸੁਰਜੀਤ ਸਿੰਘ, ਹਰਮਿੰਦਰ ਸਿੰਘ, ਜਗਜੀਤ ਚਾਹਲ, ਪਰਮਜੀਤ ਚਾਹਲ, ਪਰਮਜੀਤ ਪੰਮਾ ਅਤੇ ਦੀਪ ਸਿੰਘ ਉਰਫ਼ ਦੀਪੂ ਸ਼ਾਮਲ ਹਨ। ਉਂਜ ਸਾਰੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਹੋ ਚੁੱਕੇ ਹਨ।
‘ਸਿਟ’ ਵੱਲੋਂ 16 ਮਾਰਚ ਨੂੰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਂਸਲ ਬੇਰੀ ਦੀ ਅਦਾਲਤ ਵਿੱਚ ਕਰੀਬ 1700 ਪੰਨਿਆਂ ਦੀ ਇਹ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ। ਪੁਲੀਸ ਨੇ ਆਪਣੀ ਰਿਪੋਰਟ ਵਿੱਚ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਅਤੇ ਕਬਜ਼ੇ ਵਿੱਚ ਲਏ ਕੰਪਿਊਟਰਾਂ ਨੂੰ ਆਧਾਰ ਬਣਾਇਆ ਹੈ। ਰਿਪੋਰਟ ਮੁਤਾਬਕ ਕੋਈ ਵੀ ਸ਼ੱਕੀ ਰਾਜਸੀ ਆਗੂ ਮੁਲਜ਼ਮਾਂ ਦੇ ਸੰਪਰਕ ਵਿੱਚ ਨਹੀਂ ਸੀ ਅਤੇ ਨਾ ਕਬਜ਼ੇ ਵਿੱਚ ਲਏ ਕੰਪਿਊਟਰਾਂ ਦੀ ਜਾਂਚ ਦੌਰਾਨ ਕਿਸੇ ਵਿਰੁੱਧ ਕੋਈ ਸਬੂਤ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਉਸੇ ਦਿਨ ਇਹ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ। ਇਸ ਸਬੰਧੀ ਸੰਪਰਕ ਕਰਨ ‘ਤੇ ਆਈਜੀ ਈਸ਼ਵਰ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਜਿਨ੍ਹਾਂ ਸਮਗਲਰਾਂ ਉਤੇ ਦੋਸ਼ ਹਨ, ਉਨ੍ਹਾਂ ਵਿਚ ਸਤਿੰਦਰ ਸ਼ਰਮਾ, ਪੰਚਕੂਲਾ, ਬਲਜਿੰਦਰ ਸਿੰਘ ਉਰਫ਼ ਸੋਨੂ, ਅੰਮ੍ਰਿਤਸਰ ਸਾਬਕਾ ਡੀਐੱਸਪੀ ਜਗਦੀਸ਼ ਸਿੰਘ ਭੋਲਾ, ਮੁਹਾਲੀ ਸਾਬਕਾ ਸਬ ਇੰਸਪੈਕਟਰ ਸਰਬਜੀਤ ਸਿੰਘ, ਕੱਥੂ ਨੰਗਲ, ਪਰਮਜੀਤ ਸਿੰਘ ਪੰਮਾ, ਕੱਥੂ ਨੰਗਲ, ਜਗਜੀਤ ਸਿੰਘ ਚਾਹਲ, ਰੋਮਾਣਾ ਚੱਕ, ਅੰਮ੍ਰਿਤਸਰ, ਪਰਮਜੀਤ ਸਿੰਘ ਚਾਹਲ, ਰੋਮਾਣਾ ਚੱਕ, ਅੰਮ੍ਰਿਤਸਰ, ਮਨਿੰਦਰ ਸਿੰਘ ਔਲਖ, ਵੈਰੋਕੇ, ਅੰਮ੍ਰਿਤਸਰ, ਦੀਪ ਸਿੰਘ, ਪੰਚਕੂਲਾ, ਸੁਰਜੀਤ ਸਿੰਘ, ਸਵਰੂਪ ਨਗਰ, ਦਿੱਲੀ
ਹਰਮਿੰਦਰ ਸਿੰਘ, ਜਲੰਧਰ, ਦਵਿੰਦਰ ਸਿੰਘ ਉਰਫ਼ ਹੈਪੀ, ਬਠਿੰਡਾ, ਅਨਿਲ ਚਵਾਨ ਉਰਫ਼ ਰਵੀ, ਗੋਆ ਸ਼ਾਮਲ ਹਨ। ਭਗੌੜਿਆਂ ਦੀ ਸੂਚੀ ਵਿਚ ਬਰਤਰਫ਼ ਸਬ ਇੰਸਪੈਕਟਰ, ਨਵਾਂ ਗਾਓਂ, ਮੁਹਾਲੀ ਅਮਨਿੰਦਰ ਛੀਨਾ ਉਰਫ਼ ਲਾਡੀ ਛੀਨਾ, ਕੈਨੇਡਾ, ਅਮਰਜੀਤ ਸਿੰਘ ਕੂਨਰ, ਕੈਨੇਡਾ, ਲਹਿੰਬਰ ਸਿੰਘ, ਕੈਨੇਡਾ, ਪਰਦੀਪ ਸਿੰਘ, ਜਗਰਾਓਂ, ਰਾਜਵਿੰਦਰ ਸਿੰਘ, ਰੁਦਰਪੁਰ, ਉਤਰਾਖੰਡ ਸ਼ਾਮਲ ਹਨ।