ਅਮਰੀਕਾ ‘ਚ ਭਾਰਤੀਆਂ ‘ਤੇ ਨਸਲੀ ਹਮਲਿਆਂ ਦਾ ਮੁੱਦਾ ਸੰਸਦ ਵਿਚ ਜ਼ੋਰ-ਸ਼ੋਰ ਨਾਲ ਗੂੰਜਿਆ

ਅਮਰੀਕਾ ‘ਚ ਭਾਰਤੀਆਂ ‘ਤੇ ਨਸਲੀ ਹਮਲਿਆਂ ਦਾ ਮੁੱਦਾ ਸੰਸਦ ਵਿਚ ਜ਼ੋਰ-ਸ਼ੋਰ ਨਾਲ ਗੂੰਜਿਆ

ਕਾਂਗਰਸ ਨੇ ਪ੍ਰਧਾਨ ਮੰਤਰੀ ਦੀ ਚੁੱਪ ‘ਤੇ ਉਠਾਏ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਮਰੀਕਾ ਵਿਚ ਭਾਰਤੀਆਂ ‘ਤੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਦਾ ਮਾਮਲਾ ਤਕਰੀਬਨ ਇਕ ਮਹੀਨੇ ਬਾਅਦ ਜੁੜੀ ਸੰਸਦ ਦੇ ਹੇਠਲੇ ਸਦਨ ਵਿਚ ਜ਼ੋਰ-ਸ਼ੋਰ ਨਾਲ ਗੂੰਜਿਆ। ਜਿਥੇ ਵਿਰੋਧੀ ਧਿਰ ਨੇ ਲਗਾਤਾਰ ਹਮਲਿਆਂ ਦੇ ਬਾਵਜੂਦ ਸਰਕਾਰ ਦੀ ਚੁੱਪੀ ਨੂੰ ਨਿਸ਼ਾਨੇ ‘ਤੇ ਲਿਆ, ਉਥੇ ਸਰਕਾਰ ਨੇ ਵਿਦੇਸ਼ ਮੰਤਰੀ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਅਗਲੇ ਹਫ਼ਤੇ ਇਸ ਸਬੰਧੀ ਬਿਆਨ ਜਾਰੀ ਕਰੇਗੀ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਅਮਰੀਕਾ ਵਿਚ ਇਕ ਤੋਂ ਬਾਅਦ ਇਕ ਹੋਈਆਂ ਘਟਨਾਵਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਪੋ-ਆਪਣੇ ਵਿਚਾਰ ਰੱਖਦਿਆਂ ਪਾਰਟੀਆਂ ਨੇ ਸਰਕਾਰ ‘ਤੇ ਅਮਰੀਕਾ ਨਾਲ ਗੱਲਬਾਤ ਵਿਚ ਨਾਕਾਮ ਹੋਣ ਤੋਂ ਲੈ ਕੇ ਅਮਰੀਕਾ ਵਿਚ ਸਫ਼ਰ ਸਬੰਧੀ ਐਡਵਾਈਜ਼ਰੀ ਪੇਸ਼ ਕਰਨ ਦਾ ਸੁਝਾਅ ਦਿੱਤਾ। ਸੰਸਦ ਵਿਚ ਸੁਝਾਵਾਂ, ਵਿਚਾਰਾਂ ਦੇ ਨਾਲ ਚਿਤਾਵਨੀ ਦੇ ਸੁਰ ਵੀ ਸੁਣਨ ਨੂੰ ਮਿਲੇ, ਜਿਸ ਵਿਚ ਭਾਰਤ ਸਰਕਾਰ ਨੂੰ ਅਮਰੀਕਾ ਵਿਚ ਵਸਦੇ ਆਪਣੇ ਲੋਕਾਂ ਦੀ ਸੁਰੱਖਿਆ ਵਾਸਤੇ ਦਖ਼ਲ-ਅੰਦਾਜ਼ੀ ਕਰਨ ਲਈ ਕਿਹਾ ਗਿਆ।

ਰਾਜਨਾਥ ਬੋਲੇ-ਅਗਲੇ ਹਫ਼ਤੇ ਦਿਆਂਗੇ ਜਵਾਬ :
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਜੋ ਕਿ ਕਿਡਨੀ ਦੇ ਆਪਰੇਸ਼ਨ ਤੋਂ ਬਾਅਦ ਅਜੇ ਮੁੜ ਕੰਮ ‘ਤੇ ਨਹੀਂ ਪਰਤੇ ਹਨ, ਦੀ ਗ਼ੈਰਹਾਜ਼ਰੀ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਅਜਿਹੇ ਕਦਮ ਉਠਾਏਗੀ, ਜਿਸ ਨਾਲ ਅਮਰੀਕਾ ਵਿਚ ਵਸਦਾ ਹਰ ਭਾਰਤੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰੇਗਾ। ਪਰ ਨਾਲ ਹੀ ਉਨ੍ਹਾਂ ਕਿਹਾ ਇਸ ਸਬੰਧ ਵਿਚ ਤਫ਼ਸੀਲੀ ਬਿਆਨ ਅਗਲੇ ਹਫ਼ਤੇ ਪੇਸ਼ ਕੀਤਾ ਜਾਵੇਗਾ।

ਟੀ.ਐੱਮ.ਸੀ. ਨੇ ਕੀਤਾ ਵਿਰੋਧ ਪ੍ਰਦਰਸ਼ਨ :
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਇਹ ਸੰਕੇਤ ਦੇ ਦਿੱਤੇ ਕਿ ਸਦਨ ਦੇ
ਅੰਦਰ ਕਿਹੋ ਜਿਹਾ ਮਾਹੌਲ ਹੋਣ ਦੀ ਸੰਭਾਵਨਾ ਹੈ। ਟੀ.ਐੱਮ.ਸੀ. ਸੰਸਦ ਮੈਂਬਰ ਹੱਥ ਵਿਚ ਫੜੇ ਪੋਸਟਰ ‘ਚ ਅਮਰੀਕੀ ਸਰਕਾਰ ਨੂੰ ਭਾਰਤੀ ਲੋਕਾਂ ਦੀ ਸੁਰੱਖਿਆ ਅਤੇ ਇਕ ਵਿਸ਼ਵ ਹੋਣ ਦਾ ਸੁਨੇਹਾ ਦਿੰਦੇ ਨਜ਼ਰ ਆਏ। ਵਿਰੋਧੀ ਧਿਰ ਕਾਂਗਰਸ ਨੇ ਵੀ ਇਸ ਮੁੱਦੇ ‘ਤੇ ਕੰਮ ਮੁਲਤਵੀ ਦਾ ਨੋਟਿਸ ਦਿੰਦਿਆਂ ਚਰਚਾ ਦੀ ਮੰਗ ਕੀਤੀ।

ਕਾਂਗਰਸ ਨੇ ਮੰਗਿਆ ਜਵਾਬ-ਮੋਦੀ ਹੁਣ ਚੁੱਪ ਕਿਉਂ ਹਨ :
ਕਾਂਗਰਸ ਨੇ ਸਿਫ਼ਰ ਕਾਲ ਵਿਚ ਅਮਰੀਕਾ ‘ਚ ਹੋ ਰਹੀ ਨਸਲੀ ਹਿੰਸਾ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਰ ਮੁੱਦੇ ‘ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਹੁਣ ਕਿਉਂ ਚੁੱਪ ਧਾਰੀ ਹੈ। ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਜਦ ਤੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਥੇ ਨਸਲੀ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ 10 ਦਿਨਾਂ ਦੇ ਅੰਦਰ ਅਮਰੀਕਾ ਵਿਚ 3 ਭਾਰਤੀਆਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ। 22 ਫਰਵਰੀ ਨੂੰ ਕੰਨਸਾਸ ਵਿਖੇ ਹੋਈ ਗੋਲੀਬਾਰੀ ਵਿਚ ਹੈਦਰਾਬਾਦ ਦੇ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਫਲਾ ਦੀ ਹੱਤਿਆ ਹੋਈ ਸੀ ਜਦਕਿ ਉਸ ਦਾ ਇਕ ਹੋਰ ਸਾਥੀ ਜ਼ਖ਼ਮੀ ਹੋ ਗਿਆ ਸੀ। 2 ਮਾਰਚ ਨੂੰ ਇਕ ਹੋਰ ਹਾਦਸੇ ਵਿਚ ਭਾਰਤੀ ਮੂਲ ਦੇ ਹਰਨਿਸ਼ ਪਟੇਲ ਦੀ ਮੌਤ ਹੋ ਗਈ। ਜਦ ਕਿ ਉਸ ਤੋਂ 2 ਦਿਨ ਬਾਅਦ ਹੀ ਇਕ ਸਿੱਖ ਨੌਜਵਾਨ ਦੀਪ ਰਾਇ ‘ਤੇ ਹੋਏ ਹਮਲੇ ਵਿਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਦੀਪ ਰਾਇ ‘ਤੇ ਗੋਲੀਆਂ ਮਾਰਨ ਵਾਲੇ ਹਮਲਾਵਰਾਂ ਨੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਵੀ ਕਿਹਾ।
ਖੜਗੇ ਨੇ ਲੋਕ ਸਭਾ ਵਿਚ ਕਿਹਾ ਕਿ ਅਮਰੀਕਾ ਵਿਚ 1 ਲੱਖ 70 ਹਜ਼ਾਰ ਭਾਰਤੀ-ਵਿਦਿਆਰਥੀਆਂ ਤੋਂ ਇਲਾਵਾ ਲੱਖਾਂ ਭਾਰਤੀ ਉਥੇ ਨੌਕਰੀ ਕਰ ਰਹੇ ਹਨ ਪਰ ਹਾਲ ਵਿਚ ਹੋ ਰਹੇ ਹਮਲਿਆਂ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਖੜਗੇ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਵਿਦੇਸ਼ ਤੋਂ ਨੇਤਾ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਗਲੇ ਵੀ ਲਾਉਂਦੇ ਹਨ ਅਤੇ ਉਨ੍ਹਾਂ ਨਾਲ ਝੂਲਾ ਵੀ ਝੂਲਦੇ ਹਨ। ਪਰ ਅਜਿਹੇ ਸੰਜੀਦਾ ਮਾਮਲੇ ‘ਤੇ ਚੁੱਪ ਧਾਰੀ ਬੈਠੇ ਹਨ। ਖੜਗੇ ਨੇ ਮੋਦੀ ਦੇ ਤਾਨਾਸ਼ਾਹੀ ਰਵੱਈਏ ‘ਤੇ ਵੀ ਤਨਜ਼ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਘਿਰਾਓ ਹੋਣ ਕਰਕੇ ਹੁਣ ਸਿਰਫ਼ ਇਕ ਸ਼ਖ਼ਸ ਹੀ ਬੋਲਦਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵੀ ਉਦੋਂ ਹੀ ਬਿਆਨ ਦਿੰਦੇ ਹਨ ਜਦੋਂ ਪ੍ਰਧਾਨ ਮੰਤਰੀ ਵੱਲੋਂ ਪ੍ਰਵਾਨਗੀ ਮਿਲਦੀ ਹੈ। ਸਿਫਰ ਕਾਲ ਵਿਚ ਉਠੇ ਇਸ ਮੁੱਦੇ ‘ਤੇ ਟੀ.ਐੱਮ.ਸੀ., ਏ.ਆਈ.ਏ.ਡੀ.ਐੱਮ.ਕੇ, ਸੀ.ਪੀ.ਆਈ., ਸ਼੍ਰੋਮਣੀ ਅਕਾਲੀ ਦਲ ਅਤੇ ਟੀ.ਆਰ.ਸੀ. ਦੇ ਮੈਂਬਰਾਂ ਨੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਟੀ.ਐਮ.ਸੀ. ਨੇਤਾ ਸੁਗੋਤੋ ਰਾਇ ਨੇ ਇਸ ਮਾਮਲੇ ਵਿਚ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਵਿਦੇਸ਼ ਮੰਤਰੀ ਦੀ ਤਬੀਅਤ ਠੀਕ ਨਹੀਂ ਹੈ ਪਰ ਪ੍ਰਧਾਨ ਮੰਤਰੀ, ਜੋ ਹਰ ਥਾਂ ‘ਤੇ ਦੌਰੇ ‘ਤੇ ਜਾਂਦੇ ਹਨ ਤਾਂ ਆਪ ਹੀ ਆਪਣੇ ਵਿਦੇਸ਼ ਮੰਤਰੀ ਹਨ। ਬੀ.ਜੇ.ਡੀ. ਦੇ ਭਾਰਤਹਰੀ ਮਹਿਤਾਬ ਨੇ ਕਿਹਾ ਕਿ ਭਾਰਤ ਸਮੇਤ ਹੋਰ ਦੱਖਣੀ ਏਸ਼ਿਆਈ ਦੇਸ਼ਾਂ ਵਿਚ ਸਫ਼ਰ ਕਰਨ ਖਿਲਾਫ਼ ਐਡਵਾਈਜ਼ਰੀ ਜਾਰੀ ਕਰਨ ਵਾਲੀ ਟਰੰਪ ਸਰਕਾਰ ਖਿਲਾਫ਼ ਕੀ ਭਾਰਤ ਸਰਕਾਰ ਵੀ ਕੋਈ ਐਡਵਾਈਜ਼ਰੀ ਜਾਰੀ ਕਰ ਰਹੀ ਹੈ? ਟੀ.ਆਰ.ਐਸ. ਦੇ ਜਿਤੇਂਦਰ ਰੈਡੀ ਨੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਕਰੀਬਨ ਹਰ ਹਮਲੇ ਵਿਚ ਹਮਲਾਵਰਾਂ ਵੱਲੋਂ ਆਪਣੇ ਦੇਸ਼ ਵਾਪਸ ਜਾਣ ਦੀ ਧਮਕੀ ਦਿੱਤੀ ਗਈ ਹੈ ਪਰ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਲਿਆ ਜਾ ਰਿਹਾ। ਸੀ.ਪੀ.ਆਈ. ਦੇ ਮੁਹੰਮਦ ਸਲੀਮ ਨੇ ਇਨ੍ਹਾਂ ਹਮਲਿਆਂ ਨੂੰ ਰਾਸ਼ਟਰਪਤੀ ਚੋਣਾਂ ਦੌਰਾਨ ਕੀਤੇ ਨਸਲੀ ਪ੍ਰਚਾਰ ਦਾ ਹਿੱਸਾ ਦੱਸਦਿਆਂ ਇਹ ਸਵਾਲ ਵੀ ਚੁੱਕਿਆ ਕਿ ਵਿਦੇਸ਼ ਸਕੱਤਰ ਐਸ.ਜੈ ਸ਼ੰਕਰ ਦੇ ਅਮਰੀਕਾ ਦੌਰੇ ਦੌਰਾਨ ਕੀ ਇਸ ਮਸਲੇ ਨੂੰ ਨਹੀਂ ਚੁੱਕਿਆ ਗਿਆ ਜਾਂ ਕੀ ਭਾਰਤ ਇਸ ਨੂੰ ਪ੍ਰਭਾਵੀ ਤਰੀਕੇ ਨਾਲ ਚੁੱਕਣ ਵਿਚ ਨਾਕਾਮ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਘਟਨਾਵਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਨਸਲੀ ਹਿੰਸਾ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਏ.ਆਈ.ਏ.ਡੀ.ਐਮ.ਕੇ. ਦੇ ਐਮ. ਥੰਬੀਦੁਰਾਈ ਨੇ ਚਿਤਾਵਨੀ ਦੇ ਲਹਿਜ਼ੇ ਵਿਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਲਈ ਦਖ਼ਲਅੰਦਾਜ਼ੀ ਕਰਨੀ ਹੋਏਗੀ ਅਤੇ ਇਹ ਤੈਅ ਕਰਨਾ ਹੋਵੇਗਾ ਕਿ ਅਜਿਹੇ ਮਾਮਲੇ ਦੁਬਾਰਾ ਸਾਹਮਣੇ ਨਾ ਆਉਣ।

ਦਿੱਲੀ ਦੇ ਉਪ ਰਾਜਪਾਲ ਵਲੋਂ ਖੁਦਕੁਸ਼ੀ ਕਰ ਗਏ ਸਾਬਕਾ ਫੌਜੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ‘ਆਪ’ ਸਰਕਾਰ ਵੱਲੋਂ, ਸਾਬਕਾ ਫ਼ੌਜੀ ਰਾਮ ਕ੍ਰਿਸ਼ਨ ਗਰੇਵਾਲ, ਜਿਸ ਨੇ ‘ਇੱਕ ਪੈਨਸ਼ਨ ਇੱਕ ਰੈਂਕ’ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ, ਦੇ ਪਰਿਵਾਰ ਨੂੰ 1 ਕਰੋੜ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦੇ ਫ਼ੈਸਲੇ ਵਾਲੀ ਫਾਈਲ ਵਾਪਸ ਕਰ ਦਿੱਤੀ ਹੈ।
ਸ੍ਰੀ ਬੈਜਲ ਨੇ ਦਿੱਲੀ ਕੈਬਨਿਟ ਦੇ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਨਿਯਮਾਂ ਤਹਿਤ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਨਾ ਤਾਂ ਉਸ ਨੇ ਦਿੱਲੀ ਸਰਕਾਰ ਲਈ ਕੰਮ ਕੀਤਾ ਤੇ ਨਾ ਹੀ ਉਹ ਦਿੱਲੀ ਵਾਸੀ ਸੀ। ਉਂਜ ਉਨ੍ਹਾਂ ਸਾਬਕਾ ਸੂਬੇਦਾਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
ਦਿੱਲੀ ਸੂਬੇ ਦੇ ਨਿਯਮਾਂ ਮੁਤਾਬਕ ਫੌਜੀਆਂ, ਅਰਧ ਸੈਨਿਕ ਬਲਾਂ, ਦਿੱਲੀ ਪੁਲੀਸ, ਹੋਮ ਗਾਰਡਾਂ, ਸਿਵਲ ਡਿਫੈਂਸ, ਦਿੱਲੀ ਫਾਇਰ ਸਰਵਿਸ ਦੇ ਲੋਕ ਜੋ ਡਿਊਟੀ ਦੌਰਾਨ ਜਾਨ ਗੁਆ ਬੈਠਦੇ ਹਨ ਉਨ੍ਹਾਂ ਨੂੰ ਐਕਸਗ੍ਰੇਸ਼ੀਆ ਗਰਾਂਟ ਦਿੱਤੀ ਜਾਂਦੀ ਹੈ।

ਕੇਜਰੀਵਾਲ ਨੇ ਕੀਤਾ ਮੋਦੀ ‘ਤੇ ਹਮਲਾ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੱਲਾ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਫ਼ੌਜੀਆਂ ਦੇ ਖ਼ਿਲਾਫ਼ ਹਨ। ਉਹ ਖ਼ੁਦ ਫ਼ੌਜੀਆਂ ਨੂੰ ਵਧੀਆ ਖਾਣਾ ਨਹੀਂ ਦੇ ਰਹੇ ਤੇ ਜਦੋਂ ਦਿੱਲੀ ਸਰਕਾਰ ਮ੍ਰਿਤਕ ਫ਼ੌਜੀਆਂ ਦੇ ਪਰਿਵਾਰਾਂ ਨੂੰ ਮਦਦ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹ ਉਨ੍ਹਾਂ ਨੂੰ ਕਿਉਂ ਰੋਕ ਰਹੇ ਹਨ? 1 ਨਵੰਬਰ 2016 ਨੂੰ ਖ਼ੁਦਕੁਸ਼ੀ ਕਰਨ ਵਾਲੇ  ਗਰੇਵਾਲ ਨੂੰ ਕੇਜਰੀਵਾਲ ਵੱਲੋਂ 1 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ। ਨਜੀਬ ਜੰਗ ਮਗਰੋਂ ਕੇਜਰੀਵਾਲ ਸਰਕਾਰ ਦੀ ਇਹ ਪਹਿਲੀ ਫਾਈਲ ਹੈ ਜੋ ਅਨਿਲ ਬੈਜਲ ਨੇ ਨਾਮਨਜ਼ੂਰ ਕਰ ਕੇ ਵਾਪਸ ਭੇਜੀ ਹੈ।