ਖ਼ੂਨ ਦੇ ਨਹੀਂ, ਖ਼ੂਨ ਪੀਣੇ ਰਿਸ਼ਤੇ

ਖ਼ੂਨ ਦੇ ਨਹੀਂ, ਖ਼ੂਨ ਪੀਣੇ ਰਿਸ਼ਤੇ

ਦੋਹਰੇ ਕਿਰਦਾਰ ਦੀ ਪੀੜ ਵਿਚੋਂ ਲੰਘ ਰਹੇ ਪੰਜਾਬੀ
ਆਪਾ-ਧਾਪੀ ਵਾਲੇ ਮੌਜੂਦਾ ਦੌਰ ਵਿਚ ਰਿਸ਼ਤੇ ਵੀ ਤਾਰ ਤਾਰ ਹੋ ਰਹੇ ਹਨ। ਸਮਾਜਿਕ, ਆਰਥਿਕ ਤਬਦੀਲੀਆਂ ਨੇ ਰਿਸ਼ਤੇ ਵੀ ਬਦਲ ਕੇ ਰੱਖ ਦਿੱਤੇ ਹਨ। ਨਿਘਾਰ ਇਥੋਂ ਤਕ ਪੁੱਜ ਚੁੱਕਾ ਹੈ ਕਿ ਆਪਣੇ ਸਵਾਰਥਾਂ ਲਈ ਆਪਣਿਆਂ ਦਾ ਹੀ ਕਤਲ ਤਕ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਪੈਸਾ, ਜਾਇਦਾਦ, ਨਸ਼ੇ ਤੇ ਨਾਜਾਇਜ਼ ਰਿਸ਼ਤੇ ਬਣਦੇ ਜਾ ਰਹੇ ਹਨ। ਬੇਰੁਜ਼ਗਾਰੀ, ਗ਼ਰੀਬੀ, ਚਕਾ-ਚੌਂਧ ਦੀ ਦੁਨੀਆ ਵਿਚ ਸਭ ਕੁਝ ਹਾਸਲ ਕਰ ਲੈਣ ਦੀ ਦੌੜ ਮਨੁੱਖੀ ਸੰਵੇਦਨਾਵਾਂ ਖ਼ਤਮ ਕਰਨ ਦਾ ਅਹਿਮ ਕਾਰਨ ਹਨ। ਪੰਜਾਬ ਵਿਚ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਰਾਹੀਂ ਰਿਸ਼ਤਿਆਂ ਦੇ ਇਸ ਐਲਜ਼ੈਬਰੇ ਨੂੰ ਸੀਨੀਅਰ ਪੱਤਰਕਾਰਾਂ ਵਲੋਂ ਪੇਸ਼ ਰਿਪੋਰਟ ਰਾਹੀਂ ਤੁਸੀਂ ਵੀ ਸਮਝੋ।

ਸਮਾਜ ਵਿਚ ਤਿੜਕਦੇ ਰਿਸ਼ਤਿਆਂ ਦੀ ਦਾਸਤਾਨ

Inside view of double murder site in Jalandhar on Thursday. Photo Sarabjit Singh, with Rachna Storyਜਲੰਧਰ ਦੇ ਲਾਜਪਤ ਨਗਰ ਵਿਚ ਵਾਪਰੇ ਤੀਹਰੇ ਕਤਲ ਕਾਂਡ ਸਬੰਧੀ ਛਾਣਬੀਣ ਕਰਦੀ ਹੋਈ ਪੁਲੀਸ ਦੀ ਫਾਈਲ ਫੋਟੋ।
ਚੰਡੀਗੜ੍ਹ/ ਹਮੀਰ ਸਿੰਘ :
ਸਮਾਜ ਵਿੱਚ ਰਿਸ਼ਤਿਆਂ ਦੀਆਂ ਤੰਦਾਂ ਟੁੱਟਣ ਕਾਰਨ ਆਏ ਦਿਨ ਦਿਲ-ਕੰਬਾਊ ਘਟਨਾਵਾਂ ਵਾਪਰ ਰਹੀਆਂ ਹਨ। ਨੂੰਹ ਵੱਲੋਂ ਸੱਸ ਦੀ ਹੱਤਿਆ, ਪਿਤਾ ਵੱਲੋਂ ਨਾਬਾਲਗ਼ ਧੀ ਨਾਲ ਜਬਰ-ਜਨਾਹ, ਪਿਓ ਵੱਲੋਂ ਪੁੱਤ ਦਾ ਕਤਲ, ਤਲਾਕ ਤੋਂ ਜਵਾਬ ਦੇਣ ਕਾਰਨ ਪਤਨੀ ਦੀ ਹੱਤਿਆ, ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤੀ ਦਾ ਕਤਲ ਵਰਗੀਆਂ ਅਖ਼ਬਾਰੀ ਖ਼ਬਰਾਂ ਹੀ ਨਹੀਂ, ਬਲਕਿ ਸਮਾਜ ਵਿੱਚ ਤਿੜਕਦੇ ਰਿਸ਼ਤਿਆਂ ਦਾ ਸਬੂਤ ਹਨ।
ਇਸੇ ਸਾਲ ਪਹਿਲੀ ਫਰਵਰੀ ਤੋਂ ਚਾਰ ਮਾਰਚ ਤੱਕ ਵਾਪਰੀਆਂ 21 ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਇਹ ਵਰਤਾਰਾ ਜ਼ੋਰ ਫੜ ਰਿਹਾ ਹੈ। ਨਾਜਾਇਜ਼ ਸਬੰਧ, ਕੁੜੀਆਂ ਦੇ ਵਿਆਹ ਤੋਂ ਪਹਿਲਾਂ ਸਬੰਧਾਂ ਬਾਰੇ ਸ਼ੱਕ,  ਲਾਲਚ, ਨੌਜਵਾਨ ਬੱਚਿਆਂ ਵੱਲੋਂ ਪਸੰਦ ਦੀ ਥਾਂ ਵਿਆਹ ਕਰਾਉਣ ਨੂੰ ਪ੍ਰਵਾਨਗੀ ਨਾ ਦੇਣ, ਨਸ਼ੇ ਦੀ ਲੋੜ ਪੂਰੀ ਕਰਨ ਲਈ ਮਾਪਿਆਂ ਤੋਂ ਜਬਰੀ ਪੈਸਾ ਵਸੂਲਣ ਦੀ ਕੋਸ਼ਿਸ਼ ਤੇ ਜ਼ਮੀਨ-ਜਾਇਦਾਦ ਉਤੇ ਜਲਦੀ ਮਾਲਕਾਨਾ ਹੱਕ ਬਣਾਉਣ ਦੀ ਲਾਲਸਾ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਵਜੋਂ ਸਾਹਮਣੇ ਆ ਰਹੇ ਹਨ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਵਿੱਚ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਮੁੰਡਿਆਂ ਦੀਆਂ ਦੋਵੇਂ ਪਤਨੀਆਂ ਵੱਲੋਂ ਆਪਣੀ ਸੱਸ ਸਵਰਾਜ ਕੌਰ ਦੀ ਹੱਤਿਆ ਮਾੜੇ ਵਰਤਾਰੇ ਦੀ ਬਾਤ ਪਾਉਂਦੀ ਹੈ। ਜਲੰਧਰ ਵਿੱਚ ਪਤਨੀ ਨੂੰ ਰੁਕਾਵਟ ਸਮਝਣ ਵਾਲਾ ਉਦਯੋਗਪਤੀ ਆਪਣੀ ਮਾਂ ਸਮੇਤ ਤਿੰਨ ਔਰਤਾਂ ਦੀ ਹੱਤਿਆ ਦਾ ਭਾਗੀਦਾਰ ਬਣਦਾ ਹੈ। ਲੁਧਿਆਣਾ ਵਿੱਚ ਮਾਪਿਆਂ ਵੱਲੋਂ ਆਪਣੀਆਂ ਸਕੂਲ ਪੜ੍ਹਦੀਆਂ ਲੜਕੀਆਂ ‘ਤੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਨਹਿਰ ਵਿੱਚ ਧੱਕਾ ਦੇਣ ਦਾ ਕੇਸ ਮਾਪਿਆਂ ਦੀ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਅਸਲ ਵਿੱਚ ਪੰਜਾਬੀ ਦੋਹਰੇ ਕਿਰਦਾਰ ਦੀ ਤਕਲੀਫ਼ ਵਿੱਚੋਂ ਗੁਜ਼ਰ ਰਹੇ ਹਨ। ਇੱਕ ਪਾਸੇ ਆਪਣੇ ਬੱਚਿਆਂ ਦੇ ਮਨਪਸੰਦ ਰਿਸ਼ਤੇ ਨਾਮਨਜ਼ੂਰ ਕਰਦਿਆਂ ਅਣਖ਼ ਖ਼ਾਤਰ ਕਤਲ ਕਰਨ ਤੱਕ ਪੁੱਜ ਜਾਂਦੇ ਹਨ ਤੇ ਦੂਜੇ ਪਾਸੇ ਪਰਿਵਾਰ ਨੂੰ ਵਿਦੇਸ਼ ਭੇਜਣ ਲਈ ਆਪਣੀਆਂ ਲੜਕੀਆਂ ਦਾ ਕਾਗਜ਼ੀ ਵਿਆਹ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਾਲਜ ਅਤੇ ਯੂਨੀਵਰਸਿਟੀਆਂ ਪੱਧਰ ‘ਤੇ ਵੀ ਸੈਕਸ ਐਜੁਕੇਸ਼ਨ ਬਾਰੇ ਗੱਲ ਕਰਨਾ ਵਰਜਿਤ ਮਾਮਲਿਆਂ ਦੀ ਸੂਚੀ ਵਿੱਚ ਸ਼ੁਮਾਰ ਹੈ। ਸਮਾਜਿਕ ਕਦਰਾਂ-ਕੀਮਤਾਂ ਬਾਰੇ ਮਿਆਰ ਲਗਾਤਾਰ ਬਦਲ ਰਹੇ ਹਨ।
ਪੰਜਾਬੀਆਂ ਵੱਲੋਂ ਆਪਣੇ ਲੜਕੇ ਅਤੇ ਲੜਕੀਆਂ ਦੇ ਵਿਆਹਾਂ ਲਈ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਨੂੰ ਆਧਾਰ ਬਣਾ ਕੇ ਪੰਜਾਬ ਯੂਨੀਵਰਸਿਟੀ ਦੇ ਖੋਜਾਰਥੀ ਜਸ਼ਨਦੀਪ ਸਿੰਘ ਵੱਲੋਂ ਕੀਤੀ ਖੋਜ ਰਿਸ਼ਤਿਆਂ ਦੇ ਤਿੜਕਣ ਦਾ ਆਧਾਰ ਇਨ੍ਹਾਂ ਮੈਟਰੀਮੋਨੀਅਲਜ਼ ਦੀ ਇਬਾਰਤ ਵਿੱਚ ਪਿਆ ਹੋਣ ਦੀ ਤਸਦੀਕ ਕਰਦੀ ਹੈ। ਜਸ਼ਨਦੀਪ ਸਿੰਘ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਲੈਕਚਰਾਰ ਹਨ। ਉਨ੍ਹਾਂ ਕਿਹਾ ਕਿ ਮੈਟਰੀਮੋਨੀਅਲ ਵਿੱਚ ਲੜਕੇ ਜਾਂ ਲੜਕੀ ਦਾ ਰੁਤਬਾ ਉਸ ਦੇ ਰਿਸ਼ਤੇਦਾਰਾਂ ਦੀ ਸ਼ਾਨੋ-ਸ਼ੌਕਤ ਨਾਲ ਵੀ ਜੋੜ ਕੇ ਦਿਖਾਇਆ ਜਾਂਦਾ ਹੈ। ਸੁਭਾਅ, ਚਰਿੱਤਰ, ਪਿਛੋਕੜ ਜਾਂ ਜੀਵਨ ਨਾਲ ਜੁੜੇ ਹੋਰ ਬਹੁਤ ਸਾਰੇ ਪਹਿਲੂਆਂ ਤੋਂ ਪਦਾਰਥਕ ਵਸਤਾਂ ਅਤੇ ਰੁਤਬਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਧਨ ਅਤੇ ਪਦਾਰਥਕ ਸੁੱਖਾਂ ਨੂੰ ਆਧਾਰ ਬਣਾ ਕੇ ਹੋਣ ਵਾਲੇ ਵਿਆਹ ਜਾਂ ਜੁੜਨ ਵਾਲੇ ਰਿਸ਼ਤਿਆਂ ਵਿੱਚ ਛੇਤੀ ਤਰੇੜਾਂ ਆਉਣ ਦੇ ਕੇਸ ਵਧ ਰਹੇ ਹਨ।
ਆਧੁਨਿਕਤਾ ਦਾ ਬਦਸੂਰਤ ਚਿਹਰਾ :
ਸਮਾਜ ਸ਼ਾਸਤਰੀ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਕਿਹਾ ਕਿ ਆਧੁਨਿਕਤਾ ਦਾ ਬਦਸੂਰਤ ਚਿਹਰਾ ਹਰ ਚੀਜ਼ ਨੂੰ ਮੰਡੀ ਨਾਲ ਜੋੜਨ ਤੋਂ ਜ਼ਾਹਰ ਹੁੰਦਾ ਹੈ। ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਕਦਰਾਂ-ਕੀਮਤਾਂ ਦਾ ਅਨੁਮਾਨ ਵੀ ਹੁਣ ਮੰਡੀ ਦੀ ਕੀਮਤ ਤੋਂ ਲਾਇਆ ਜਾਣ ਲੱਗਾ ਹੈ। ਹੁਣ ਇਨਸਾਨੀ ਭਾਵਨਾਵਾਂ, ਰਿਸ਼ਤਿਆਂ ਤੇ ਜ਼ਿੰਦਗੀ ਨੂੰ ਨਿਰਜੀਵ ਅਤੇ ਮੁਨਾਫ਼ਾਬਖ਼ਸ਼ ਵਸਤੂ ਦੀ ਤਰ੍ਹਾਂ ਪਰਖਿਆ ਜਾਣ ਲੱਗਾ ਹੈ। ਇਸੇ ਕਰਕੇ ਮਨੁੱਖ ਬੇਚੈਨ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਆਪਣੇ ਬੁਨਿਆਦੀ ਉਦੇਸ਼ ਨੂੰ ਮੁੜ ਪ੍ਰਭਾਸ਼ਿਤ ਕਰਨਾ ਪਵੇਗਾ।

ਦੌਲਤ ਦੀ ਤਾਂਘ ਨੇ ਸਾਂਝੇ ਪਰਿਵਾਰ ਤੋੜੇ
ਪਟਿਆਲਾ/ ਸਰਬਜੀਤ ਸਿੰਘ ਭੰਗੂ :
ਅਜੋਕੇ ਪਦਾਰਥਵਾਦੀ ਯੁੱਗ ਵਿੱਚ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ। ਇਸ ਵਰਤਾਰੇ ਕਾਰਨ ਘਰੇਲੂ ਕਲੇਸ਼ ਵਧ ਰਿਹਾ ਹੈ ਤੇ ਪਰਿਵਾਰ ਦੇ ਜੀਅ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋਏ ਫਿਰਦੇ ਹਨ। ਪਤੀ-ਪਤਨੀ ਤੇ ਭੈਣ-ਭਰਾ ਜਿਹੇ ਮਜ਼ਬੂਤ ਰਿਸ਼ਤਿਆਂ ਵਿੱਚ ਵੀ ਕੁੜੱਤਣ ਭਰ ਚੁੱੱਕੀ ਹੈ। ਪੁੱਤਾਂ ਹੱਥੋਂ ਮਾਪਿਆਂ ਅਤੇ ਮਾਪਿਆਂ ਹੱਥੋਂ ਔਲਾਦ ਦੇ ਕਤਲਾਂ ਜਿਹੀਆਂ ਘਟਨਾਵਾਂ ਵੀ ਤੇਜ਼ੀ ਨਾਲ ਵਾਪਰ ਰਹੀਆਂ ਹਨ।
ਇੱਥੇ ਹਰਚਰਨ ਸਿੰਘ ਨਾਮ ਦੇ ਵਿਅਕਤੀ ਨੇ 20 ਫਰਵਰੀ ਨੂੰ ਘਰੇਲੂ ਕਲੇਸ਼ ਕਾਰਨ ਪਤਨੀ ਦੀ ਹੱਤਿਆ ਅਤੇ ਪੁੱਤ ਨੂੰ ਗੰਭੀਰ ਜ਼ਖ਼ਮੀ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਕੁਝ ਮਹੀਨੇ ਪਹਿਲਾਂ ਜ਼ਮੀਨ ਖੁੱਸਣ ਦੇ ਡਰੋਂ ਭੁਨਰਹੇੜੀ ਇਲਾਕੇ ਵਿੱਚ ਭਤੀਜਿਆਂ ਨੇ ਸੁੱਤੇ ਪਏ ਚਾਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦੇਵੀਗੜ੍ਹ ਨੇੜੇ ਧੀ ਨੇ ਪ੍ਰੇਮੀ ਨਾਲ ਮਿਲ ਕੇ ਮਾਂ ਦੀ ਹੱਤਿਆ ਮਗਰੋਂ ਲਾਸ਼ ਘਰ ਵਿੱਚ ਹੀ ਦੱਬ ਦਿੱਤੀ। ਕੁਝ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਸ਼ੇਰ ਮਾਜਰਾ ਦੀ ਲੜਕੀ ਨੂੰ ਭਰਾ ਨੇ ਸਦਾ ਦੀ ਨੀਂਦ ਸੁਆ ਦਿੱਤਾ ਸੀ। ਦੋ ਸਾਲ ਪਹਿਲਾਂ ਕਿਸ਼ਨਗੜ੍ਹ ਗੁੜਥਲੀ ਵਿੱਚ ਪੁੱਤ ਵੱਲੋਂ ਪਿਤਾ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ ਦਰਸਾਉਣ ਦੀ ਘਟਨਾ ਵੀ ਪੁਲੀਸ ਨੇ ਨਸ਼ਰ ਕੀਤੀ ਸੀ। ਪਤਨੀ ਤੋਂ ਤੰਗ ਰਸੂਲਪੁਰ ਸੈਦਾਂ ਦੇ ਅਸ਼ੋਕ ਕੁਮਾਰ ਨੇ ਤਿੰਨ ਮਹੀਨੇ ਪਹਿਲਾਂ ਖ਼ੁਦਕੁਸ਼ੀ ਕਰ ਲਈ। ਨਸ਼ੇ ਤੋਂ ਰੋਕਣ ਵਾਲੀ ਗੁਰਮੀਤ ਕੌਰ ਦੀ ਜਵਾਈ ਨੇ ਕੁੱਟਮਾਰ ਕੀਤੀ। ਘਰੇਲੂ ਕਲੇਸ਼ ਤੋਂ ਤੰਗ ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਕੇਸ ਵਿੱਚ ਪਤੀ ਤਰਸੇਮ ਲਾਲ ਅਤੇ ਦਿਓਰ ਸਲੀਮ ਨੂੰ ਦੋ ਮਹੀਨੇ ਪਹਿਲਾਂ ਹੀ ਸੱਤ ਸਾਲ ਦੀ ਕੈਦ ਹੋਈ ਹੈ।
ਪਿੰਡ ਬਾਸਮਾਂ ਵਿੱਚ ਮਹਿਲਾ ਦੀ ਹੱਤਿਆ ਦੇ ਕੇਸ ਵਿੱਚ ਪਤੀ ਦੇ ਭਰਾ ਤੇ ਉਸ ਦੀ ਪਤਨੀ ਨੂੰ ਉਮਰ ਕੈਦ ਹੋ ਚੁੱਕੀ ਹੈ। ਕੁੱਖ ਸੁਲੱਖਣੀ ਨਾ ਹੋਣ ਕਰਕੇ ਆਪਣੀ ਨੂੰਹ ਨੂੰ ਸਾੜ ਕੇ ਮਾਰਨ ਦੇ ਇੱਕ ਕੇਸ ਵਿੱਚ ਨਾਭਾ ਦੇ ਸੱਸ-ਸਹੁਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਕੁਝ ਸਾਲ ਪਹਿਲਾਂ ਜ਼ਮੀਨ ਦੇ ਲਾਲਚ ਵਿੱਚ ਅੱਧੀ ਦਰਜਨ ਰਿਸ਼ਤੇਦਾਰਾਂ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਵਾਲਾ ਭਾਦਸੋਂ ਦਾ ਨੌਜਵਾਨ ਇੱਥੇ ਫਾਂਸੀ ਦੀ ਸਜ਼ਾ ਅਧੀਨ ਜੇਲ੍ਹ ਵਿੱਚ ਬੰਦ ਹੈ। ਕੁਝ ਦਿਨ ਪਹਿਲਾਂ ਹੀ ਬਿਸ਼ਨ ਨਗਰ ਦੇ ਬਜ਼ੁਰਗ ਜੋੜੇ ਦੀ ਨੂੰਹ ਅਤੇ ਕੁੜਮਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਪਿਛਲੇ ਮਹੀਨੇ ਭੈਣ ਨਾਲ ਚੱਲਦੇ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਨੇ ਇੱਥੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅਜਿਹੀਆਂ ਘਟਨਾਵਾਂ ਬਾਰੇ ਚਿੰਤਕ ਡਾ. ਰਾਜਿੰਦਰਪਾਲ ਬਰਾੜ ਦਾ ਕਹਿਣਾ ਹੈ ਕਿ ਦੌਲਤ ਦੀ ਤਾਂਘ ਨੇ ਸਾਂਝੇ ਪਰਿਵਾਰ ਤੋੜ ਦਿੱਤੇ ਹਨ। ਨਸ਼ਿਆਂ ਨੇ ਵੀ ਹਿੰਸਾ ਵਧਾਈ ਹੈ ਤੇ ਸੋਸ਼ਲ ਮੀਡੀਆ, ਟੀਵੀ ਸੀਰੀਅਲ, ਖ਼ਪਤ ਸਭਿਆਚਾਰ ਤੇ ਬੇਲੋੜੇ ਖ਼ਰਚੇ ਵੀ ਅਜਿਹੀਆਂ ਘਟਨਾਵਾਂ ਵਾਪਰਣ ਦਾ ਕਾਰਨ ਬਣੇ ਹਨ। ਅਰਥ ਸ਼ਾਸਤਰੀ ਡਾ. ਕੇਸਰ ਸਿੰਘ ਭੰਗੂ ਅਨੁਸਾਰ ਆਰਥਿਕ ਤੰਗੀ ਵੀ ਇਸ ਵਰਤਾਰੇ ਦਾ ਵੱਡਾ ਕਾਰਨ ਹੈ। ਉੱਘੇ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਪ੍ਰਤੀ ਹਿੰਸਾ ਪਹਿਲਾਂ ਵੀ ਸੀ ਪਰ ਹੁਣ ਹਿੰਸਾ ਦਾ ਘੇਰਾ ਵਧ ਚੁੱਕਾ ਹੈ। ਪਹਿਲਾਂ ਭਾਈਚਾਰਕ ਸਾਂਝ ਗੂੜੀ ਸੀ ਪਰ ਨਵੀਆਂ ਆਰਥਿਕ ਨੀਤੀਆਂ ਅਪਣਾਉਣ ਮਗਰੋਂ ਹਾਲਾਤ ਬਦਲ ਗਏ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਗਿਆ। ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਵੀ ਘਰੇਲੂ ਹਿੰਸਾ ਦੌਰਾਨ ਮਾਰਧਾੜ ਤੇ ਕਤਲੋਗਾਰਤ ਦੀਆਂ ਘਟਨਾਵਾਂ ਵਿੱਚ ਵਾਧੇ ਦੀ ਗੱਲ ਆਖੀ ਤੇ ਅਜਿਹੇ ਵਰਤਾਰੇ ਪਿੱਛੇ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ  ਨੂੰ ਅਹਿਮ ਕਾਰਨ ਦੱਸਿਆ।
ਪਟਿਆਲਾ ਦੇ ਐੱਸ.ਪੀ (ਇਨਵੈਸਟੀਗੇਸ਼ਨ) ਹਰਵਿੰਦਰ ਸਿੰਘ ਵਿਰਕ ਦਾ ਮੰਨਣਾ ਹੈ ਕਿ ਘਰੇਲੂ ਕਲੇਸ਼ ਦੌਰਾਨ ਮਾਰਧਾੜ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਵਿਮੈਨ ਸੈੱਲ ਦੀ ਮੁਖੀ ਇੰਸਪੈਕਟਰ ਬਿੰਦੂ ਬਾਲਾ ਅਨੁਸਾਰ ਪਿਛਲੇ ਸਾਲ ਇੱਥੇ ਦਾਜ ਐਕਟ ਤਹਿਤ 126 ਕੇਸ ਦਰਜ ਹੋਏ ਸਨ। ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਅਨੁਸਾਰ ਉਹ ਪਰਿਵਾਰ ਤੋਂ ਤੰਗ ਆ ਕੇ ਭਾਖੜਾ ਵਿੱਚ ਛਾਲ ਮਾਰਨ ਵਾਲੇ ਅਨੇਕਾਂ ਵਿਅਕਤੀਆਂ ਦੀਆਂ ਲਾਸ਼ਾਂ ਕੱਢ ਚੁੱਕੇ ਹਨ।

ਨਾਜਾਇਜ਼ ਸਬੰਧਾਂ ਕਾਰਨ ਜਾਇਜ਼ ਰਿਸ਼ਤਿਆਂ ਦਾ ਕਤਲ

2
ਕੈਪਸ਼ਨ-ਜਲੰਧਰ ਕਤਲ ਕਾਂਡ ਦੀ ਜਾਂਚ ਕਰਦੀ ਹੋਈ ਮਾਹਿਰਾਂ ਦੀ ਟੀਮ।
ਜਲੰਧਰ/ ਪਾਲ ਸਿੰਘ ਨੌਲੀ :
ਇੱਥੋਂ ਦੇ ਲਾਜਪਤ ਨਗਰ ਵਿੱਚ ਨਾਜਾਇਜ਼ ਸਬੰਧਾਂ ਕਾਰਨ ਪਿਛਲੇ ਦਿਨੀਂ ਹੋਏ ਤਿੰਨ ਕਤਲਾਂ ਨੇ ਪਰਿਵਾਰਕ ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਨੂੰ ਵੱਡੇ ਮਸਲੇ ਵਜੋਂ ਉਭਾਰਿਆ ਹੈ। ਪਰਿਵਾਰਕ ਰਿਸ਼ਤਿਆਂ ਦੇ ਘਾਣ ਪਿੱਛੇ ਬਹੁਤੇ ਕੇਸਾਂ ਵਿੱਚ ਨਾਜਾਇਜ਼ ਸਬੰਧ ਭਾਰੂ ਰਹੇ ਹਨ। ਨਾਜਾਇਜ਼ ਸਬੰਧਾਂ ਕਾਰਨ ਹੁੰਦੇ ਕਤਲਾਂ ਦਾ ਸਭ ਤੋਂ ਵੱਡਾ ਸੰਤਾਪ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਜੇ ਮਾਪਿਆਂ ਵਿੱਚੋਂ ਇੱਕ ਦਾ ਕਤਲ ਹੋ ਜਾਂਦਾ ਹੈ ਤੇ ਦੂਜਾ ਜੇਲ੍ਹ ਚਲਾ ਜਾਂਦਾ ਹੈ ਤਾਂ ਪਿੱਛੋਂ ਘਰ ਸੁੰਨਾ ਤੇ ਬੱਚੇ ਵਿਲਕਦੇ ਰਹਿ ਜਾਂਦੇ ਹਨ।
ਪਿਛਲੇ ਸਾਲ 19 ਜੁਲਾਈ ਨੂੰ ਦੁਬਈ ਤੋਂ ਆਏ ਪਰਵਾਸੀ ਭਾਰਤੀ ਰਾਜ ਕੁਮਾਰ (37) ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਨੂੰ ਆਪਣੀ ਪਤਨੀ ‘ਤੇ ਸ਼ੱਕ ਸੀ। ਪਤਨੀ ਨੂੰ ਇਸ ਗੱਲ ਦੀ ਭਿਣਕ ਪੈ ਗਈ ਤੇ ਉਸ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਬੇਰਹਿਮੀ ਨਾਲ ਪਤੀ ਦਾ ਕਤਲ ਕਰਵਾ ਦਿੱਤਾ। ਇਹ ਘਟਨਾ ਜਲੰਧਰ ਦੇ ਮਖਦੂਮਪਰਾ ਇਲਾਕੇ ਵਿੱਚ ਵਾਪਰੀ ਸੀ। ਇਸ ਜੋੜੇ ਦਾ ਵਿਆਹ 1998 ਨੂੰ ਹੋਇਆ ਸੀ ਤੇ ਇਨ੍ਹਾਂ ਦੇ ਚਾਰ ਬੱਚੇ ਵੀ ਹਨ। ਪਿਛਲੇ ਸਾਲ 20 ਸਤੰਬਰ ਨੂੰ ਬੀਐਸਐਫ ਦੇ ਜਵਾਨ ਨੇ ਜਲੰਧਰ ਛਾਉਣੀ ਵਿੱਚ ਰਹਿੰਦੀ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬੀਐਸਐਫ ਦੇ ਜਵਾਨ ਬਿਸ਼ਨੂ ਦਾਸ ਨੇ ਆਪਣੀ ਪਤਨੀ ਪੂਜਾ (26) ਨੂੰ ਪਹਿਲਾਂ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। ਉਥੋਂ ਛੁੱਟੀ ਕਰਵਾ ਕੇ ਮੁੜ ਘਰ ਲੈ ਆਂਦਾ ਤੇ ਫਿਰ ਇਸ ਕਦਰ ਕੁੱਟਮਾਰ ਕੀਤੀ ਕਿ ਉਸ ਦੀ ਜਾਨ ਚਲੀ ਗਈ। ਉਹ ਮਰੀ ਹੋਈ ਪਤਨੀ ਕੋਲ ਹੀ ਇੱਕ ਸਾਲ ਦੀ ਧੀ ਨੂੰ ਵਿਲਕਦੀ ਛੱਡ ਗਿਆ। ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਹੀ ਗੁਆਂਢੀਆਂ ਨੂੰ ਘਟਨਾ ਬਾਰੇ ਪਤਾ ਲੱਗਿਆ ਸੀ।
ਜਲੰਧਰ ਸ਼ਹਿਰ ਵਿੱਚ ਇਕ ਹੋਰ ਕਤਲ ਬਹੁਤ ਮਾਮੂਲੀ ਗੱਲ ਤੋਂ ਹੋਇਆ। ਜਗਜੀਤ ਸਿੰਘ ਨੇ ਆਪਣੀ ਪਤਨੀ ਕੁਲਵਿੰਦਰ ਕੌਰ (32) ਨੂੰ ਸਿਰਫ਼ ਇਸ ਗੱਲ ਤੋਂ ਖ਼ਫ਼ਾ ਹੋ ਕੇ ਅੱਗ ਲਾ ਕੇ ਸਾੜ ਦਿੱਤਾ ਕਿ ਉਹ ਬਿਨਾਂ ਦੱਸੇ ਸੋਢਲ ਦਾ ਮੇਲਾ ਦੇਖਣ ਚਲੀ ਗਈ ਸੀ।  ਜਗਜੀਤ ਸਿੰਘ ਦੀ ਮਾਂ ਨੇ ਵੀ ਆਪਣੀ ਨੂੰਹ ਨੂੰ ਅੱਗ ਲਾ ਕੇ ਸਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਨੂੰਹ-ਸੱਸ ਦਾ ਰਿਸ਼ਤਾ ਵੀ ਸੜ ਕੇ ਸੁਆਹ ਹੋ ਗਿਆ। ਮਰਜ਼ੀ ਨਾਲ ਵਿਆਹ ਕਰਵਾਉਣ ਲਈ ਮਾਂ ਦੇ ਰਾਜ਼ੀ ਨਾ ਹੋਣ ‘ਤੇ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਗੁਲਮਾਰਗ ਐਵੇਨਿਊ ਵਿੱਚ ਰਹਿੰਦੀ ਸਤਵਿੰਦਰ ਕੌਰ ਨੂੰ ਚੇਤਾ ਵੀ ਨਹੀਂ ਹੋਵੇਗਾ ਕਿ ਕੁੱਖੋਂ ਜੰਮਿਆ ਹੀ ਉਸ ਦੇ ਢਿੱਡ ਵਿੱਚ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਮੂੰਹ ਵਿੱਚ ਧੱਕ ਦੇਵੇਗਾ। ਦਿਲਪ੍ਰੀਤ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।

ਨਸ਼ਿਆਂ ਦੀ ਮਦਹੋਸ਼ੀ ਵਿਚ ਆਪਣਿਆਂ ਦੇ ਮੁੱਕੇ ਹੋਸ਼
ਬਠਿੰਡਾ/ਚਰਨਜੀਤ ਭੁੱਲਰ :
ਮਾਲਵੇ ਵਿੱਚ ਨਸ਼ੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਲੱਗੇ ਹਨ ਤੇ ਨਸ਼ਿਆਂ ਕਾਰਨ ਹੀ ਬਹੁਤੇ ਕਤਲ ਹੋ ਰਹੇ ਹਨ। ਨਸ਼ਿਆਂ ਤੇ ਨਾਜਾਇਜ਼ ਸਬੰਧਾਂ ਨੇ ‘ਆਪਣੇ’ ਵੀ ਨਹੀਂ ਬਖ਼ਸ਼ੇ। ਇਸ ਤੋਂ ਇਲਾਵਾ ਮੋਬਾਈਲ ਫੋਨਾਂ ਤੇ ਸੋਸ਼ਲ ਮੀਡੀਆ ਨੇ ਵੀ ਰਿਸ਼ਤਿਆਂ ਨੂੰ ਤੋੜਨ ਵਿੱਚ ਭੂਮਿਕਾ ਨਿਭਾਈ ਹੈ। ਬਠਿੰਡਾ ਜ਼ਿਲ੍ਹੇ ਦੇ ਮਹਿਲਾ ਥਾਣਿਆਂ ਕੋਲ ਸਾਲ 2016 ਵਿੱਚ 250 ਦਰਖਾਸਤਾਂ ਪੁੱਜੀਆਂ, ਜਿਹੜੀਆਂ ਪਤੀ-ਪਤਨੀਆਂ ਦੇ ਝਗੜਿਆਂ ਨਾਲ   ਸਬੰਧਤ ਸਨ। 57 ਮਾਮਲਿਆਂ ਸਬੰਧੀ ਪੁਲੀਸ ਕੇਸ ਦਰਜ ਕੀਤੇ ਗਏ ਹਨ। ਚਾਲੂ ਸਾਲ ਦੇ ਦੋ ਮਹੀਨਿਆਂ ਵਿੱਚ 7 ਕੇਸ ਦਰਜ ਹੋਏ ਹਨ।
ਬਠਿੰਡਾ ਪੁਲੀਸ ਕੋਲ ਅੱਧੀ ਦਰਜਨ ਅਜਿਹੇ ਮਾਮਲੇ ਹਨ, ਜਿਨ੍ਹਾਂ ਵਿੱਚ ਲੜਕੀਆਂ ਨੂੰ ਵਿਆਹ ਮਗਰੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਪਤੀਆਂ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੇ ਕੇਸ ਦਰਜ ਹਨ। ਬਠਿੰਡਾ ਦੀ ਇੱਕ ਲੜਕੀ ਨੇ ਪੁਲੀਸ ਕੋਲ ਖੁਲਾਸਾ ਕੀਤਾ ਕਿ ਉਹ ਲੁਧਿਆਣਾ ਵਿਖੇ ਵਿਆਹੀ ਹੈ ਅਤੇ ਉਸ ਦੇ ਪਤੀ ‘ਤੇ ਨਸ਼ਿਆਂ ਸਬੰਧੀ ਕੇਸ ਦਰਜ ਹਨ। ਉਹ ਆਪਣਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੁੰਦੀ। ਇਸੇ ਤਰ੍ਹਾਂ ਪੁਲੀਸ ਕੋਲ ਦੋ ਹੋਰ ਕੇਸ ਆਏ, ਜਿਨ੍ਹਾਂ ਵਿੱਚ ਵਿਆਹ ਮਗਰੋਂ ਹੀ ਪਤੀਆਂ ਦੇ ਨਸ਼ੇੜੀ ਹੋਣ ਦਾ ਪਤਾ ਲੱਗਿਆ। ਪੁਲੀਸ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ 50 ਫੀਸਦ ਕੇਸਾਂ ਵਿੱਚ ਝਗੜਿਆਂ ਲਈ ਨਸ਼ਾ ਜ਼ਿੰਮੇਵਾਰ ਹੈ। ਮੁਕਤਸਰ ਪੁਲੀਸ ਕੋਲ ਇਸ ਤਰ੍ਹਾਂ ਦੇ ਪਿਛਲੇ ਵਰ੍ਹੇ ਦੋ ਦਰਜਨ ਦੇ ਕਰੀਬ ਕੇਸ ਆਏ ਹਨ, ਜਿਨ੍ਹਾਂ ਵਿੱਚ ਲੜਕੀਆਂ ਨੇ ਪਤੀਆਂ ਦੇ ਨਸ਼ੇੜੀ ਹੋਣ ਦੀ ਸ਼ਿਕਾਇਤ ਦਿੱਤੀ ਹੈ।
ਕਈ ਕੇਸਾਂ ਵਿੱਚ ਮੋਬਾਈਲ ਫੋਨ ਵੀ ਝਗੜਿਆਂ ਦੀ ਜੜ੍ਹ ਬਣ ਰਹੇ ਹਨ। ਮਹਿਲਾ ਥਾਣਾ ਬਠਿੰਡਾ ਦੀ ਇੰਚਾਰਜ ਸੀਮਾ ਨੇ ਦੱਸਿਆ ਕਿ ਮਾਲਵੇ ਵਿੱਚ ਨਸ਼ਿਆਂ ਕਾਰਨ ਲੜਾਈ ਝਗੜੇ ਕਾਫ਼ੀ ਜ਼ਿਆਦਾ ਹਨ। ਮਹਿਲਾਵਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਪਤੀ ਨਸ਼ੇੜੀ ਹਨ ਅਤੇ ਕੋਈ ਕੰਮ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਵੀ ਝਗੜਿਆਂ ਦੇ ਕਾਰਨ ਬਣ ਰਹੇ ਹਨ। ਉਨ੍ਹਾਂ ਨੇ ਕੌਂਸਲਿੰਗ ਲਈ ਪੈਨਲ ਬਣਾਏ ਹੋਏ ਹਨ ਅਤੇ ਬਹੁਤੇ ਕੇਸਾਂ ਵਿੱਚ ਉਹ ਰਾਜ਼ੀਨਾਮਾ ਹੀ ਕਰਾਉਂਦੇ ਹਨ।
ਪੰਜਾਬ ਵਿੱਚ ਰੋਜ਼ਾਨਾ ਔਸਤਨ ਸੱਤ ਵਿਅਕਤੀ ਔਰਤਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੁੰਦੇ ਹਨ। ਪਿਛਲੇ ਚਾਰ ਵਰ੍ਹਿਆਂ ਦਾ ਰਿਕਾਰਡ ਦੇਖੀਏ ਤਾਂ ਹਰ ਵਰ੍ਹੇ ਔਸਤਨ 2500 ਵਿਅਕਤੀ ਔਰਤਾਂ ‘ਤੇ ਜ਼ੁਲਮ ਕਰਨ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੁੰਦੇ ਹਨ। ਭਾਵੇਂ ਘਰੇਲੂ ਹਿੰਸਾ ਐਕਟ 2005 ਲਾਗੂ ਹੋ ਚੁੱਕਾ ਹੈ, ਪਰ ਪੰਜਾਬ ਵਿੱਚ ਬੀਤੇ ਤਿੰਨ ਵਰ੍ਹਿਆਂ ਵਿੱਚ ਇਸ ਐਕਟ ਤਹਿਤ ਅੱਧੀ ਦਰਜਨ ਕੇਸ ਹੀ ਦਰਜ ਹੋਏ ਹਨ। ਬਠਿੰਡਾ ਦੇ ਹਵਾਈ ਅੱਡੇ ਵਿੱਚ ਫੌਜ ਦੇ ਇੱਕ ਮੁਲਾਜ਼ਮ ਨੂੰ ਕਥਿਤ ਨਾਜਾਇਜ਼ ਸਬੰਧਾਂ ਕਾਰਨ ਜਾਨ ਗਵਾਉਣੀ ਪਈ ਹੈ। ਉਸ ਦੀ ਲਾਸ਼ ਦੇ 16 ਟੋਟੇ ਕੀਤੇ ਗਏ ਸਨ।
ਫ਼ੌਜਦਾਰੀ ਕੇਸਾਂ ਦੇ ਮਾਹਿਰ ਐਡਵੋਕੇਟ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਲੜਕੀਆਂ ਵਿੱਚ ਵੀ ਸਹਿਣਸ਼ੀਲਤਾ ਘੱਟ ਗਈ ਹੈ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਨੇ ਵੀ ਖਾ ਲਿਆ ਹੈ, ਜਿਸ ਕਰ ਕੇ ਅਦਾਲਤਾਂ ਵਿੱਚ ਆਉਣ ਵਾਲੇ ਪਰਿਵਾਰਕ ਝਗੜਿਆਂ ਵਿੱਚ ਵਾਧਾ ਹੋਇਆ ਹੈ। ਤਲਾਕ ਦੇ ਕੇਸਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਗਿਆ ਹੈ।

ਬੁਢਾਪੇ ਦੀ ਡੰਗੋਰੀ ਨੇ ਦਿਖਾਏ ਬਿਰਧ ਘਰਾਂ ਦੇ ਰਾਹ

tarntarn-da-bhai-veer-singh-birdh-asharam
ਕੈਪਸ਼ਨ-ਤਰਨ ਤਾਰਨ ਦੇ ਭਾਈ ਵੀਰ ਸਿੰਘ ਬਿਰਧ ਘਰ ਵਿੱਚ ਰਹਿਣ ਵਾਲੇ ਬਜ਼ੁਰਗ।
ਤਰਨ ਤਾਰਨ/ਗੁਰਬਖਸ਼ਪੁਰੀ :
ਤਰਲੋਚਨ ਸਿੰਘ (76) ਆਪਣੀ ਜ਼ਿੰਦਗੀ ਦੇ ਉਨ੍ਹਾਂ ਸੁਨਹਿਰੀ ਪਲਾਂ ਨੂੰ ਯਾਦ ਕਰ ਕੇ ਝੂਰ ਰਿਹਾ ਹੈ, ਜਦੋਂ ਉਹ ਜਲੰਦਰ ਵਿੱਚ ਇੱਕ ਵੱਡੀ ਫੈਕਟਰੀ ਦਾ ਪ੍ਰਬੰਧ ਕਰਦਾ ਦਿਨ ਭਰ ਰੁੱਝਿਆ ਰਹਿੰਦਾ ਸੀ। ਉਸ ਦੀ ਜਲੰਧਰ ਸ਼ਹਿਰ ਵਿਚਲੀ ਫੈਕਟਰੀ ਅੱਜ ਵੀ ਮੌਜੂਦ ਹੈ, ਜਿੱਥੋਂ ਚੂਹੇ ਫੜਨ ਲਈ ਸਟੀਲ ਦੀਆਂ ਕੜਿੱਕੀਆਂ ਅਤੇ ਪਿੰਜਰੇ ਤਿਆਰ ਕਰ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਭੇਜੇ ਜਾਂਦੇ ਹਨ। ਹਾਲਾਤ ਨੇ ਤਰਲੋਚਨ ਸਿੰਘ ਨੂੰ ਇਥੋਂ ਦੇ ਭਾਈ ਵੀਰ ਸਿੰਘ ਬਿਰਧ ਘਰ ਵਿੱਚ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ ਹੈ। ਉਹ ਪਿਛਲੇ ਛੇ ਸਾਲ ਤੋਂ ਇੱਥੇ ਰਹਿ ਰਿਹਾ ਹੈ।
ਤਰਲੋਚਨ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਪੂਰੀ ਫੈਕਟਰੀ ‘ਤੇ ਕਾਬਜ਼ ਹੋਣ ਦੀ ਇੱਛਾ ਸੀ, ਜਿਸ ਕਰ ਕੇ ਉਹ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਇੱਕ ਦਿਨ ਉਸ ਨੇ ਆਪਣੇ ਪਿਤਾ ‘ਤੇ ਹੱਥ ਚੁੱਕਿਆ, ਜਿਸ ਤੋਂ ਬਾਅਦ ਤਰਲੋਚਨ ਸਿੰਘ ਨੇ ਬਿਰਧ ਘਰ ਵਿੱਚ ਆਉਣਾ ਹੀ ਬਿਹਤਰ ਸਮਝਿਆ। ਉਸ ਨੇ ਆਪਣੇ ਪੁੱਤਰ ਨੂੰ ਇੱਥੇ ਰਹਿਣ ਲਈ ਗੁਜ਼ਾਰੇ ਵਾਸਤੇ ਕੁਝ ਪੈਸੇ ਦੇਣ ਦੀ ਬੇਨਤੀ, ਜਿਹੜੇ ਉਸ ਨੇ ਨਹੀਂ ਦਿੱਤੇ। ਤਰਲੋਚਨ ਸਿੰਘ ਨੇ ਅਦਾਲਤ ਨੂੰ ਗੁਜ਼ਾਰਾ ਭੱਤਾ ਦਿਵਾਉਣ ਸਬੰਧੀ ਅਰਜ਼ੀ ਦਿੱਤੀ, ਜਿਸ ਦੀ ਸੁਣਵਾਈ ਕਰਦਿਆਂ ਤਰਲੋਚਨ ਸਿੰਘ ਦੇ ਪੁੱਤਰ ਨੂੰ ਆਪਣੇ ਪਿਤਾ ਨੂੰ ਹਰ ਮਹੀਨੇ ਗੁਜ਼ਾਰਾ ਭੱਤਾ ਦੇਣ ਦੇ ਹੁਕਮ ਜਾਰੀ ਕੀਤੇ ਗਏ, ਜਿਨ੍ਹਾਂ ਦੀ ਪਾਲਣਾ ਹੋ ਰਹੀ ਹੈ।
ਇਸ ਬਿਰਧ ਘਰ ਨੇ ਤਰਲੋਚਨ ਸਿੰਘ ਵਰਗੇ ਕਈ ਬਜ਼ੁਰਗਾਂ ਨੂੰ ਸ਼ਰਨ ਦਿੱਤੀ ਹੈ। ਬਿਰਧ ਘਰ ਦੇ ਸੁਪਰਡੈਂਟ ਗੁਰਬਖਸ਼ ਸਿੰਘ ਨੇ ਦੱਸਿਆ ਕਿ ਬਿਰਧ ਘਰ ਵਿੱਚ ਬੱਚਿਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਂ ਫਿਰ ਕਈ ਹੋਰ ਸਮਾਜਕ ਕਾਰਨਾਂ ਕਰ ਕੇ ਪ੍ਰੇਸ਼ਾਨ ਬਜ਼ੁਰਗ ਰਹਿ ਰਹੇ ਹਨ ਤੇ ‘ਖੁਸ਼’ ਹਨ। ਬਦਲ ਰਹੇ ਸਮਾਜਕ ਤਾਣੇ-ਬਾਣੇ ਕਾਰਨ ਬੱਚੇ ਮਾਪਿਆਂ ਨੂੰ ਸੰਭਾਲਣ ਤੋਂ ਕੰਨੀ ਕਤਰਾਉਂਦੇ ਹਨ ਤੇ ਬਜ਼ੁਰਗਾਂ ਨੂੰ ਬਿਰਧ ਘਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਮੇਂਟੇਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ-2007 ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਐਕਟ ਅਧੀਨ ਹੀ 86 ਸਾਲਾ ਪੂਰਨ ਸਿੰਘ ਨੇ ਅਦਾਲਤ ਜ਼ਰੀਏ ਆਪਣੀ ਨੂੰਹ ਕੋਲੋਂ ਮਕਾਨ ਖਾਲੀ ਕਰਾਇਆ ਹੈ। ਸ਼ਹਿਰ ਦੇ ਇਸ ਨਾਮਵਰ ਵਿਅਕਤੀ ਨੂੰ ਉਸ ਦੇ ਪੁੱਤਰ ਅਤੇ ਨੂੰਹ ਨੇ ਉਨ੍ਹਾਂ ਦੀ ਇੱਛਾ ਦੇ ਉਲਟ ਜਾਇਦਾਦ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਲਈ ਮਜਬੂਰ ਕਰ ਦਿੱਤਾ ਸੀ। ਇਸੇ ਦੌਰਾਨ ਉਸ ਦੇ ਪੁੱਤਰ ਦੀ ਮੌਤ ਹੋ ਗਈ ਅਤੇ ਜਾਇਦਾਦ ‘ਤੇ ਉਸ ਦੀ ਨੂੰਹ ਨੇ ਕਬਜ਼ਾ ਕਰ ਲਿਆ। ਉਸ ਨੇ ਆਪਣੀ ਨੂੰਹ ਵੱਲੋਂ ਬਣਦਾ ਸਤਿਕਾਰ ਨਾ ਮਿਲਣ ਕਰ ਕੇ ਜਾਇਦਾਦ ਵਾਪਸ ਲੈਣ ਲਈ ਅਦਾਲਤ ਨੂੰ ਬੇਨਤੀ ਕੀਤੀ। ਅਦਾਲਤੀ ਪ੍ਰਕਿਰਿਆ ਚੱਲ ਹੀ ਰਹੀ ਸੀ ਤੇ ਨੂੰਹ ਨੇ ਜਾਇਦਾਦ ਪੂਰਨ ਸਿੰਘ ਹਵਾਲੇ ਕਰ ਦਿੱਤੀ।
ਇਲਾਕੇ ਦੇ ਹੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਦੀ ਉਸ ਦੀਆਂ ਦੋ ਧੀਆਂ ਨੇ ਇਸ ਕਰ ਕੇ ਹੱਤਿਆ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਦੇ ਕਥਿਤ ਨਾਜਾਇਜ਼ ਸਬੰਧਾਂ ਵਿੱਚ ਰੁਕਾਵਟ ਬਣਦਾ ਸੀ। ਕੁਝ ਦਿਨ ਪਹਿਲਾਂ ਪਿੰਡ ਗੋਰਖਾ ਵਾਸੀ ਅਵਤਾਰ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਮਾਤਾ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਕਾਰਨ ਇਹ ਕਿ ਉਸ ਦੇ ਮਾਪੇ ਅਵਤਾਰ ਸਿੰਘ ਨੂੰ ਕਥਿਤ ਨਾਜਾਇਜ਼ ਸਬੰਧ ਰੱਖਣ ਤੋਂ ਰੋਕਦੇ ਸਨ। ਪੁਲੀਸ ਨੂੰ ਸ਼ਿਕਾਇਤ ਉਸ ਦੀ ਮਾਤਾ ਨੇ ਹੀ ਕੀਤੀ ਅਤੇ ਇਹ ਵੀ ਦੋਸ਼ ਲਗਾਇਆ ਕਿ ਉਸ ਦਾ ਪੁੱਤਰ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ।
ਐਸ.ਡੀ.ਐਮ. ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਅਜਿਹੇ 12 ਕੇਸਾਂ ਦੀ ਸੁਣਵਾਈ ਕਰ ਰਹੇ ਹਨ, ਜਿਨ੍ਹਾਂ ਵਿੱਚ ਬਜ਼ੁਰਗ ਮਾਪੇ ਆਪਣੇ ਬੱਚਿਆਂ ਵੱਲੋਂ ਸਾਂਭ-ਸੰਭਾਲ ਨਾ ਕੀਤੇ ਜਾਣ ਦੀ ਸ਼ਿਕਾਇਤ ਕਰਦੇ ਹੋਏ ਗੁਜ਼ਾਰਾ ਭੱਤੇ ਦੀ ਮੰਗ ਕਰਦੇ ਹਨ ਜਾਂ ਫਿਰ ਦਿੱਤੀ ਜਾਇਦਾਦ ਵਾਪਸ ਮੰਗਦੇ ਹਨ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਏ ਐਕਟ ਨੂੰ ਬਜ਼ੁਰਗਾਂ ਲਈ ਲਾਹੇਵੰਦ ਦੱਸਿਆ।