ਸੱਤਾ ਦੀ ਡੋਰ ਢਿੱਲੀ ਹੁੰਦਿਆਂ ਹੀ ਵੱਡੇ ਅਫ਼ਸਰਾਂ ‘ਤੇ ਕੱਸਿਆ ਸ਼ਿਕੰਜਾ

ਸੱਤਾ ਦੀ ਡੋਰ ਢਿੱਲੀ ਹੁੰਦਿਆਂ ਹੀ ਵੱਡੇ ਅਫ਼ਸਰਾਂ ‘ਤੇ ਕੱਸਿਆ ਸ਼ਿਕੰਜਾ

ਪਿੰਡ ਬਾਦਲ ਦੇ ਖੇਡ ਸਟੇਡੀਅਮ ਦਾ ਵੀ ਬਿਜਲੀ ਕੁਨੈਕਸ਼ ਕੱਟਿਆ
ਬਠਿੰਡਾ/ਬਿਊਰੋ ਨਿਊਜ਼ :
ਪਾਵਰਕੌਮ ਨੇ ਹੁਣ ਬਿਜਲੀ ਬਿੱਲ ਨਾ ਤਾਰਨ ਵਾਲੇ ‘ਵੱਡੇ ਅਫਸਰਾਂ’ ਨੂੰ ਝਟਕਾ ਦਿੱਤਾ ਹੈ। ਮੈਨੇਜਮੈਂਟ ਨੇ ਡਿਫਾਲਟਰ ਅਫਸਰਾਂ ਦੇ ਕੁਨੈਕਸ਼ਨ ਕੱਟਣ ਦੀ ਹਦਾਇਤ ਕੀਤੀ ਹੈ, ਜਿਸ ਮਗਰੋਂ ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਬਾਦਲ ਦੇ ਖੇਡ ਸਟੇਡੀਅਮ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਵੱਲ ਤਿੰਨ ਲੱਖ ਰੁਪਏ ਖੜ੍ਹੇ ਸਨ। ਐਕਸੀਅਨ ਹਰੀਸ਼ ਗੋਠਵਾਲ ਨੇ ਦੱਸਿਆ ਕਿ ਕੁਨੈਕਸ਼ਨ ਕੱਟਣ ਮਗਰੋਂ ਸਟੇਡੀਅਮ ਪ੍ਰਬੰਧਕ ਇੱਕ ਲੱਖ ਰੁਪਏ ਭਰ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੰਬੀ ਹਲਕੇ ਵਿੱਚ ਤਕਰੀਬਨ 100 ਡਿਫਾਲਟਰ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਜ਼ੀਰਾ ਦੇ ਤਹਿਸੀਲਦਾਰ ਦੇ ਦਫ਼ਤਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ, ਜਿਸ ਵੱਲ ਕਰੀਬ 98 ਹਜ਼ਾਰ ਬਕਾਇਆ ਹੈ। ਜੁਡੀਸ਼ਲ ਕੰਪਲੈਕਸ ਜ਼ੀਰਾ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਐਕਸੀਅਨ ਨੇ ਦੱਸਿਆ ਕਿ ਜੁਡੀਸ਼ਲ ਕੰਪਲੈਕਸ ਵੱਲ 5.50 ਲੱਖ ਰੁਪਏ ਦਾ ਬਿਜਲੀ ਬਿੱਲ ਖੜ੍ਹਾ ਹੈ, ਜਿਸ ਕਰਕੇ ਕੁਨੈਕਸ਼ਨ ਕੱਟਿਆ ਗਿਆ ਹੈ। ਬਠਿੰਡਾ ਦੀ ਨਵੀਂ ਜੇਲ੍ਹ ਵੀ 84 ਲੱਖ ਰੁਪਏ ਦੀ ਡਿਫਾਲਟਰ ਹੈ, ਜਿਸ ਨੂੰ ਪਾਵਰਕੌਮ ਨੇ ਇੱਕ ਵਾਰ ਹਲਕਾ ਜਿਹਾ ਝਟਕਾ ਦਿੱਤਾ ਹੈ, ਜਿਸ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਬਕਾਏ ਕਲੀਅਰ ਕਰਨ ਦਾ ਭਰੋਸਾ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਦਰਜਨ ਜਲ ਘਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ। ਗੁਰੂਹਰਸਹਾਏ ਦੇ ਐਸਡੀਐਮ ਦਫ਼ਤਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਇਸ ਤੋਂ ਇਲਾਵਾ ਗੁਰੂਹਰਸਹਾਏ ਦੇ ਤਿੰਨ ਸੁਵਿਧਾ ਕੇਂਦਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ ਅਤੇ ਪਿੰਡ ਘੁਬਾਇਆ ਦੇ ਸੁਵਿਧਾ ਕੇਂਦਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਫਿਰੋਜ਼ਪੁਰ ਸਰਕਲ ਦੇ ਨਿਗਰਾਨ ਇੰਜਨੀਅਰ ਐਮ.ਪੀ.ਐਸ ਢਿੱਲੋਂ ਨੇ ਕਿਹਾ ਕਿ ਜੋ ਵੱਡੇ ਸਰਕਾਰੀ ਦਫ਼ਤਰ ਡਿਫਾਲਟਰ ਹਨ, ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਮੁਹਿੰਮ ਚਲਾਈ ਗਈ ਹੈ, ਜਿਸ ਮਗਰੋਂ ਵਸੂਲੀ ਦਰ ਵੀ ਵਧੀ ਹੈ। ਫਿਰੋਜ਼ਪੁਰ ਜੇਲ੍ਹ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮਾਨਸਾ ਵਿਚ ਅੱਠ ਦੇ ਕਰੀਬ ਸਰਕਾਰੀ ਆਰ.ਓ ਪਲਾਂਟਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਅਤੇ ਮਾਨਸਾ ਵਿੱਚ ਲੋਕ ਨਿਰਮਾਣ ਵਿਭਾਗ ਦੇ ਇੱਕ ਦਫ਼ਤਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਸੰਗਤ ਇਲਾਕੇ ਵਿੱਚ ਬਾਂਡੀ, ਫੁੱਲੋਮਿੱਠੀ ਅਤੇ ਜੈ ਸਿੰਘ ਵਾਲਾ ਦੇ ਜਲ ਘਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਗਿੱਦੜਬਾਹਾ ਇਲਾਕੇ ਦੇ ਅੱਠ ਜਲ ਘਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ।
ਜਲੰਧਰ ਵਿੱਚ 500 ਘਰਾਂ ਦੀ ਬਿਜਲੀ ਗੁੱਲ :
ਜਲੰਧਰ : ਚੋਣ ਜ਼ਾਬਤੇ ਬਾਅਦ ਪਾਵਰਕੌਮ ਵੱਲੋਂ ਹੁਣ ਤਕ ਜਲੰਧਰ ਵਿਚ ਤਕਰੀਬਨ 500 ਘਰਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ ਅਤੇ 5 ਕਰੋੜ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਪਰ 21 ਸਰਕਾਰੀ ਦਫਤਰਾਂ ਵੱਲ ਹਾਲੇ ਵੀ 7.75 ਕਰੋੜ ਰੁਪਏ ਦੇ ਬਿੱਲ ਖੜ੍ਹੇ ਹਨ। ਆਮ ਖਪਤਕਾਰਾਂ ਵੱਲ ਹਾਲੇ 10 ਕਰੋੜ ਬਕਾਇਆ ਹੈ। ਜਲੰਧਰ ਦੇ ਸਿਹਤ ਵਿਭਾਗ ਵੱਲ 4.04 ਕਰੋੜ ਰੁਪਏ ਬਕਾਇਆ ਹੈ ਜਦੋਂ ਕਿ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਵੱਲ 90.48 ਲੱਖ ਦਾ ਬਕਾਇਆ ਹੈ। ਨਗਰ ਨਿਗਮ ਦੇ ਜਲ ਘਰ 90.09 ਲੱਖ ਅਤੇ ਲੋਕਲ ਬਾਡੀ ਦੇ ਦਫ਼ਤਰ 63.77 ਲੱਖ ਰੁਪਏ ਦੇ ਦੇਣਦਾਰ ਹਨ। ਡੀਸੀ ਦਫ਼ਤਰ ਵੱਲ 18.69 ਲੱਖ ਅਤੇ ਪੁਲੀਸ ਵੱਲ 15.59 ਲੱਖ ਰੁਪਏ ਬਕਾਇਆ ਹਨ। ਜਲੰਧਰ ਪਾਵਰਕੌਮ ਦੇ ਡਿਪਟੀ ਚੀਫ ਇੰਜਨੀਅਰ ਗੋਪਾਲ ਸ਼ਰਮਾ ਨੇ ਦੱਸਿਆ ਕਿ ਚੋਣ ਜ਼ਾਬਤੇ ਬਾਅਦ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਪਾਵਰਕੌਮ ਅਨੁਸਾਰ ਜਲੰਧਰ ਦੇ ਦਿਹਾਤੀ ਇਲਾਕਿਆਂ ਵਿਚ ਡਿਫਾਲਟਰਾਂ ਦੀ ਗਿਣਤੀ ਨਾਂ-ਮਾਤਰ ਹੈ ਜਦੋਂ ਕਿ ਇਸ ਸੂਚੀ ਵਿਚ ਜਲੰਧਰ ਸ਼ਹਿਰ ਦੇ ਪਾਸ਼ ਇਲਾਕਿਆਂ ਦੀਆਂ ਕੋਠੀਆਂ ਅਤੇ ਚੰਗੇ ਕਾਰੋਬਾਰਾਂ ਵਾਲਿਆਂ ਦੀ ਗਿਣਤੀ ਵਧੇਰੇ ਹੈ। ਡਿਫਾਲਟਰਾਂ ਦੀ ਸੂਚੀ ਵਿਚ ਕੁਝ ਪਿੰਡਾਂ ਦੇ ਮੌਜੂਦਾ ਸਰਪੰਚਾਂ ਵੀ ਸ਼ਾਮਲ ਹਨ।

ਵੱਖ-ਵੱਖ ਵਿਭਾਗਾਂ ਵੱਲ ਪਾਵਰਕੌਮ ਦਾ 7 ਕਰੋੜ 72 ਲੱਖ ਬਕਾਇਆ
ਸੰਗਰੂਰ/ਬਿਊਰੋ ਨਿਊਜ਼ :
ਪਾਵਰਕੌਮ ਦੀ ਡਿਫ਼ਾਲਟਰ ਸੂਚੀ ਵਿੱਚ ਸ਼ਾਮਲ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲ 7 ਕਰੋੜ 72 ਲੱਖ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਬਕਾਇਆ ਬਿੱਲਾਂ ਦੀ ਵਸੂਲੀ ਲਈ ਪਾਵਰਕੌਮ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਕ ਕਰੋੜ 29 ਲੱਖ ਦੇ ਬਕਾਇਆ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕੌਮ ਨੇ ਸ਼ਹਿਰ ਦੇ 10 ਟਿਊਬਵੈਲਾਂ ਦੇ ਕੁਨੈਕਸ਼ਨ ਕੱਟ ਨੇ ਆਪਣੇ ਤੇਵਰ ਵਿਖਾ ਦਿੱਤੇ ਹਨ ਤੇ ਹੁਣ ਅਗਲਾ ਨਿਸ਼ਾਨਾ ਸਰਕਾਰੀ ਦਫ਼ਤਰ ਹਨ। ਸਰਕਾਰੀ ਦਫ਼ਤਰਾਂ ਵਿਚੋਂ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਹੈ। ਇਸ ਕਾਰਨ ਟਰਾਂਸਪੋਰਟ ਦਫ਼ਤਰ ਨੂੰ ਜੈਨਰੇਟਰ ਸਹਾਰੇ ਆਪਣਾ ਦਫ਼ਤਰੀ ਕੰਮਕਾਜ ਕਰਨਾ ਪਿਆ। ਉਧਰ ਪਾਵਰਕੌਮ ਦੀ ਕਾਰਵਾਈ ਰੋਕਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਡੀਸੀ ਦਫ਼ਤਰ ਨਾਲ ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਬਾਕੀ ਸਰਕਾਰੀ ਦਫ਼ਤਰਾਂ ਦੇ ਬਿਜਲੀ ਕੁਨੈਕਸ਼ਨ ਫਿਲਹਾਲ ਕੱਟਣ ਤੋਂ ਬਚ ਗਏ ਹਨ। ਜਾਣਕਾਰੀ ਅਨੁਸਾਰ ਪਾਵਰਕੌਮ ਦੀ ਡਿਲਾਫਟਰ ਸੂਚੀ ਵਿੱਚ ਵੱਖ-ਵੱਖ 13 ਸਰਕਾਰੀ ਵਿਭਾਗ ਸ਼ਾਮਲ ਹਨ, ਜਿਨ੍ਹਾਂ ਵੱਲ 7 ਕਰੋੜ 72 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹਨ। ਇਨ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਸ਼ਾਮਲ ਸਥਾਨਕ ਸਰਕਾਰਾਂ ਵਿਭਾਗ/ਨਗਰ ਕੌਂਸਲ ਵੱਲ 3 ਕਰੋੜ 53 ਲੱਖ ਰੁਪਏ, ਪਬਲਿਕ ਹੈਲਥ ਵਿਭਾਗ ਵੱਲ 1 ਕਰੋੜ 60 ਲੱਖ, ਪੰਜਾਬ ਪੁਲੀਸ ਵੱਲ ਇਕ ਕਰੋੜ 11 ਲੱਖ ਰੁਪਏ, ਪਸ਼ੂ ਪਾਲਣ ਵਿਭਾਗ ਵੱਲ 46 ਹਜ਼ਾਰ ਰੁਪਏ, ਡੀਸੀ ਦਫ਼ਤਰ ਵੱਲ 42 ਲੱਖ ਰੁਪਏ, ਸਰਕਾਰੀ ਸਕੂਲ/ਆਈਟੀਆਈ ਵੱਲ ਇਕ ਕਰੋੜ 10 ਲੱਖ, ਸਿਹਤ ਵਿਭਾਗ ਵੱਲ 19  ਲੱਖ ਰੁਪਏ, ਪੰਚਾਇਤੀ ਰਾਜ ਵੱਲ 28 ਲੱਖ 63 ਹਜ਼ਾਰ ਰੁਪਏ, ਪੁੱਡਾ ਕੰਪਲੈਕਸ ਵੱਲ 2 ਲੱਖ 44 ਹਜ਼ਾਰ ਰੁਪਏ, ਮੱਛੀ ਪਾਲਣ ਵਿਭਾਗ ਵੱਲ 3 ਲੱਖ 7 ਹਜ਼ਾਰ ਰੁਪਏ, ਟਰਾਂਸਪੋਰਟ ਵਿਭਾਗ ਵੱਲ 2 ਲੱਖ 5 ਹਜ਼ਾਰ ਰੁਪਏ, ਤਹਿਸੀਲ ਕੰਪਲੈਕਸ ਵੱਲ 5 ਲੱਖ 94 ਹਜ਼ਾਰ ਰੁਪਏ ਤੇ ਹੋਰ ਵੱਖ-ਵੱਖ ਦਫ਼ਤਰਾਂ ਵੱਲ 3 ਲੱਖ 8 ਹਜ਼ਾਰ ਰੁਪਏ ਬਿਜਲੀ ਬਿਲ ਬਕਾਇਆ ਖੜ੍ਹੇ ਹਨ। ਬਕਾਇਆ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ, ਜਿਸ ਕਾਰਨ ਦਫ਼ਤਰੀ ਕੰਮਕਾਜ ਜੈਨਰੇਟਰ ਸਹਾਰੇ ਚਲਾਉਣਾ ਪਿਆ। ਡੀਟੀਓ ਹਿਮਾਂਸ਼ੂ ਗੁਪਤਾ ਦਾ ਕਹਿਣਾ ਹੈ ਕਿ ਲੋੜੀਂਦੇ ਫੰਡ ਮਨਜ਼ੂਰ ਨਾ ਹੋਣ ਕਾਰਨ ਹੀ ਬਿੱਲ ਦਾ ਭੁਗਤਾਨ ਨਹੀਂ ਹੋ ਸਕਿਆ। ਇਸ ਸਬੰਧੀ ਉਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਪਾਵਰਕੌਮ ਅਧਿਕਾਰੀਆਂ ਅਨੁਸਾਰ ਬਿਜਲੀ ਬਿੱਲ ਕਾਫ਼ੀ ਸਮੇਂ ਤੋਂ ਬਕਾਇਆ ਹਨ, ਜਿਸ ਸਬੰਧੀ ਪਾਵਰਕੌਮ ਵੱਲੋਂ ਲਗਾਤਾਰ ਸਬੰਧਤ ਵਿਭਾਗਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਪਰ ਬਕਾਇਆ ਰਾਸ਼ੀ ਦੀ ਅਦਾਇਗੀ ਨਹੀਂ ਕੀਤੀ ਗਈ, ਜੋ ਕੁੱਲ 7 ਕਰੋੜ 72 ਲੱਖ 96 ਹਜ਼ਾਰ ਰੁਪਏ ਬਣਦੀ ਹੈ।
ਪਾਵਰਕੌਮ ਦੇ ਐਕਸੀਅਨ ਤਰਸੇਮ ਚੰਦ ਜਿੰਦਲ ਦਾ ਕਹਿਣਾ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਕਰੀਬ 62 ਲੱਖ ਰੁਪਏ ਦੇ ਬਕਾਇਆ ਬਿੱਲਾਂ ਦੀ ਅਦਾਇਗੀ ਕਰ ਦਿੱਤੀ ਗਈ ਹੈ। ਵਿਭਾਗਾਂ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਫਰਵਰੀ ਮਹੀਨੇ ਦੇ ਅਖ਼ੀਰ ਤੱਕ ਕਾਫ਼ੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਵਲੋਂ ਵੀ ਕਾਰਵਾਈ ਨੂੰ ਫਰਵਰੀ ਤੱਕ ਰੋਕਣ ਲਈ ਕਿਹਾ ਗਿਆ ਹੈ, ਜਿਸ ਕਾਰਨ ਪਾਵਰਕੌਮ ਨੇ ਫਿਲਹਾਲ ਕਾਰਵਾਈ ਰੋਕ ਦਿੱਤੀ ਹੈ।