ਅਮਰੀਕੀ ਰਸਾਲੇ ਦੀ ਭਵਿੱਖਬਾਣੀ- ਕੈਨੇਡਾ ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣ ਸਕਦਾ ਹੈ ਜਗਮੀਤ ਸਿੰਘ

ਅਮਰੀਕੀ ਰਸਾਲੇ ਦੀ ਭਵਿੱਖਬਾਣੀ- ਕੈਨੇਡਾ ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣ ਸਕਦਾ ਹੈ ਜਗਮੀਤ ਸਿੰਘ

ਵੈਨਕੂਵਰ/ਬਿਊਰੋ ਨਿਊਜ਼ :
ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵਿਧਾਇਕ ਜਗਮੀਤ ਸਿੰਘ ਨੂੰ ਕੈਨੇਡਾ ਦੀ ਸਿਆਸਤ ਵਿਚ ਉਭਰਦਾ ਸਿਤਾਰਾ ਕਰਾਰ ਦਿੰਦਿਆਂ ਅਮਰੀਕਾ ਦੇ ਇਕ ਰਸਾਲੇ ਨੇ ਭਵਿੱਖਬਾਣੀ ਕੀਤੀ ਹੈ ਕਿ ਉਹ (ਜਗਮੀਤ ਸਿੰਘ) ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਬਣ ਸਕਦੇ ਹਨ।
ਐਨ.ਡੀ.ਪੀ ਦੇ ਨਵੇਂ ਆਗੂ ਦੀ ਚੋਣ ਅਕਤੂਬਰ ਵਿਚ ਹੋਣੀ ਹੈ ਕਿਉਂਕਿ 2015 ਦੀਆਂ ਆਮ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਥੌਮਸ ਮਲਕੇਅਰ ਨੇ ਅਸਤੀਫ਼ਾ ਦੇ ਦਿੱਤਾ ਸੀ। ਚੋਣਾਂ ਤੋਂ ਪਹਿਲਾਂ ਐਨ.ਡੀ.ਪੀ. ਨੂੰ ਫ਼ੈਡਰਲ ਸਰਕਾਰ ਬਣਾਉਣ ਦੀ ਦੌੜ ਵਿਚ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਨਤੀਜਿਆਂ ਵਿਚ ਪਾਰਟੀ ਨੂੰ ਤੀਜੇ ਸਥਾਨ ‘ਤੇ ਸਬਰ ਕਰਨਾ ਪਿਆ।
‘ਜੀ.ਕਿਊ’ ਰਸਾਲੇ ਨੇ ਜਗਮੀਤ ਸਿੰਘ ਨੂੰ ਕਵਰ ਪੇਜ ‘ਤੇ ਥਾਂ ਦਿੱਤੀ ਹੈ। ਜਗਮੀਤ ਸਿੰਘ ਜੋ ਕਿ ਬਰੈਮਲੀ-ਗੋਰ-ਮਾਲਟਨ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਨਟਾਰੀਓ ਵਿਧਾਨ ਸਭਾ ਵਿਚ ਐਨ.ਡੀ.ਪੀ. ਦੇ ਉਪ ਆਗੂ ਹਨ, ਦੀ ਇੰਟਰਵਿਊ ਵਿਚ ਉਨ੍ਹਾਂ ਦੀ ਸ਼ਖਸੀਅਤ ਦੇ ਕਈ ਪਹਿਲੂਆਂ ਦਾ ਜ਼ਿਕਰ ਕੀਤਾ ਗਿਆ ਹੈ। ਜਗਮੀਤ ਸਿੰਘ ਦਾ ਕਹਿਣਾ ਸੀ, ”ਸ਼ਾਇਦ ‘ਜੀ ਕਿਊ’ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਹੁੰਦੇ ਪ੍ਰਚਾਰ ਦੀ ਬਦੌਲਤ ਉਨ੍ਹਾਂ ਬਾਰੇ ਪਤਾ ਲਗਿਆ।
ਉਨ੍ਹਾਂ ਕਿਹਾ, ‘ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’ ਉਨ੍ਹਾਂ ਕਿਹਾ ਕਿ ਸਿਰਫ ਫੈਸ਼ਨ ਕਰ ਕੇ ਉਹ ਫੈਸ਼ਨ ਵਿਚ ਨਹੀਂ ਹਨ ਪਰ ਇਹ ਵੱਡੀ ਗੱਲ ਹੈ ਕਿ ਧਿਆਨ ਖਿੱਚਣ ਵਾਲੇ ਉਨ੍ਹਾਂ ਦੇ ਸਟਾਈਲ ਦੀ ਬਦੌਲਤ ਉਨ੍ਹਾਂ ਦੀ ਪ੍ਰਗਤੀਸ਼ੀਲ ਪਹੁੰਚ, ਜਿਸ ਦੀ ਉਹ ਹਮਾਇਤ ਕਰਦੇ ਹਨ, ਨੂੰ ਵੱਧ ਉਜਾਗਰ ਕੀਤਾ ਜਾ ਰਿਹਾ ਹੈ।
‘ਜੀ ਕਿਊ’ ਵਲੋਂ ਜਗਮੀਤ ਸਿੰਘ ਬਾਰੇ ਲਿਖਿਆ ਲੇਖ ਆਨ ਲਾਈਨ ਪ੍ਰਕਾਸ਼ਤ ਹੋਇਆ ਹੈ ਜਿਸ ਵਿਚ ਲਿਖਿਆ ਹੈ ਕਿ ਉਹ ਕੈਨੇਡਾ ਦੀ ਰਾਜਨੀਤੀ ਦੇ ਸਭ ਤੋਂ ਵੱਧ ਸੁਚੱਜੇ ਢੰਗ ਨਾਲ ਤਿਆਰ ਹੋਣ ਵਾਲੀ ਸ਼ਖ਼ਸੀਅਤ ਹਨ।
ਮੈਗਜ਼ੀਨ ਦਾ ਕਹਿਣਾ ਹੈ ਕਿ ਤੁਹਾਨੂੰ ਅਜਿਹੇ ਵਿਅਕਤੀ ਵੱਲ ਕਿਉਂ ਧਿਆਨ ਕਰਨਾ ਚਾਹੀਦਾ ਹੈ ਜੋ ਟੋਰਾਂਟੋ ਦੇ ਬਾਹਰ ਸਬ ਅਰਬਨ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹਨ? ਮੈਗ਼ਜ਼ੀਨ ਨੇ ਖ਼ੁਦ ਹੀ ਇਸ ਦਾ ਜਵਾਬ ਦਿੰਦਿਆਂ ਲਿਖਿਆ ਹੈ ਕਿ ਅਜਿਹਾ ਇਸ ਲਈ ਹੈ ਕਿ ਜਗਮੀਤ ਸਿੰਘ  ਦੇ ਛੇਤੀ ਹੀ ਫ਼ੈਡਰਲ ਸਿਆਸਤ ਵਿਚ ਆਉਣ ਦੀ ਖ਼ਬਰ ਗਰਮ ਹੈ ਤੇ ਉਹ ਖੱਬੇ ਪੱਖੀ ਨਿਊ ਡੈਮੋਕਰੈਟਿਕ ਪਾਰਟੀ ਆਫ ਕੈਨੇਡਾ ਦੇ ਆਗੂ ਬਣਨ ਜਾ ਰਹੇ ਹਨ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦੀ ਲਿਬਰਲ ਪਾਰਟੀ ਸਰਕਾਰ ਨਾਲ ਲੋਹਾ ਲੈਣਗੇ। ਆਪਣੀ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁਛਿਆ ਗਿਆ ਕਿ ਉਹ ਕਦੋਂ ਪ੍ਰੋਵੀਨਸ਼ੀਅਲ ਰਾਜਨੀਤੀ ਤੋਂ ਅੱਗ ਵੱਧ ਕੇ ਫੈਡਰਲ ਰਾਜਨੀਤੀ ਵਿਚ ਆਉਣਗੇ ਤਾਂ ਜਗਮੀਤ ਸਿੰਘ ਹਾਸੇ ਵਿਚ ਜਵਾਬ ਦਿੰਦੇ ਹਨ ਕਿ ਏਨਾ ਸੌਖਾ ਨਹੀਂ।