ਟਰੰਪ ਨੂੰ ਵੱਡਾ ਝਟਕਾ-ਪਰਵਾਸੀਆਂ ਦੇ ਦਾਖ਼ਲੇ ’ਤੇ ਪਾਬੰਦੀ ਦੇ ਫੈਸਲੇ ’ਤੇ ਜੱਜ ਨੇ ਲਾਈ ਰੋਕ

ਟਰੰਪ ਨੂੰ ਵੱਡਾ ਝਟਕਾ-ਪਰਵਾਸੀਆਂ ਦੇ ਦਾਖ਼ਲੇ ’ਤੇ ਪਾਬੰਦੀ ਦੇ ਫੈਸਲੇ ’ਤੇ ਜੱਜ ਨੇ ਲਾਈ ਰੋਕ

ਕੈਪਸ਼ਨ-ਸਾਨ ਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਨੂੰ ਇਕੱਤਰ ਹੋਏ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ।
ਨਿਊ ਯਾਰਕ/ਬਿਊਰੋ ਨਿਊਜ਼ :
ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਪਰਵਾਸੀਆਂ ਦੇ ਦਾਖ਼ਲੇ ਉਤੇ ਪਾਬੰਦੀ ਲਾਉਣ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ’ਤੇ ਰੋਕ ਲਾਉਂਦਿਆਂ ਇਕ ਜ਼ਿਲ੍ਹਾ ਜੱਜ ਨੇ ਐਮਰਜੈਂਸੀ ਆਦੇਸ਼ ਜਾਰੀ ਕਰ ਕੇ ਸ਼ਰਨਾਰਥੀਆਂ ਤੇ ਹਿਰਾਸਤ ਵਿੱਚ ਲਏ ਹੋਰ ਵੀਜ਼ਾਧਾਰਕਾਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਤੋਂ ਅਧਿਕਾਰੀਆਂ ਨੂੰ ਆਰਜ਼ੀ ਤੌਰ ਉਤੇ ਰੋਕ ਦਿੱਤਾ।
‘ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ’ (ਏਸੀਐਲਯੂ) ਵੱਲੋਂ ਹਿਰਾਸਤ ਵਿੱਚ ਲਏ ਦੋ ਇਰਾਕੀ ਵਿਅਕਤੀਆਂ ਤਰਫ਼ੋਂ ਪਟੀਸ਼ਨ ਦਾਇਰ ਕਰਨ ਮਗਰੋਂ ਨਿਊ ਯਾਰਕ ਦੇ ਜ਼ਿਲ੍ਹਾ ਜੱਜ ਐਨ ਡੋਨੈੱਲੀ ਨੇ ਐਮਰਜੈਂਸੀ ਆਦੇਸ਼ ਜਾਰੀ ਕੀਤੇ। ਪਰਵਾਸੀਆਂ ਦੇ ਦਾਖ਼ਲੇ ’ਤੇ ਪਾਬੰਦੀ ਦਾ ਹੁਕਮ ਲਾਗੂ ਹੋਣ ਮਗਰੋਂ ਇਨ੍ਹਾਂ ਦੋਵਾਂ ਨੂੰ ਜੌਹਨ ਐਫ ਕੈਨੇਡੀ ਕੌਮਾਂਤਰੀ ਹਵਾਈ ਅੱਡੇ ਉਤੇ ਹਿਰਾਸਤ ਵਿੱਚ ਲਿਆ ਗਿਆ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਨਿਯੁਕਤ ਜੱਜ ਡੋਨੈੱਲੀ ਨੇ ਆਦੇਸ਼ ਦਿੱਤਾ ਕਿ ਅਮਰੀਕਾ ਦੇ ਨਾਗਰਿਕ ਤੇ ਪਰਵਾਸ ਸੇਵਾਵਾਂ ਵਿਭਾਗ ਵੱਲੋਂ ‘ਸ਼ਰਨਾਰਥੀ ਦਾਖ਼ਲਾ ਪ੍ਰੋਗਰਾਮ’ ਤਹਿਤ ਮਨਜ਼ੂਰ ਸ਼ਰਨਾਰਥੀਆਂ, ਜਾਇਜ਼ ਵੀਜ਼ਾਧਾਰਕਾਂ ਅਤੇ ਇਰਾਕ, ਸੀਰੀਆ, ਇਰਾਨ, ਸੁਡਾਨ, ਲਿਬੀਆ, ਸੋਮਾਲੀਆ ਤੇ ਯਮਨ ਦੇ ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਨਾਗਰਿਕਾਂ ਨੂੰ ਸਰਕਾਰ ਰੋਕ ਨਹੀਂ ਸਕਦੀ। ਉਨ੍ਹਾਂ ਸਰਕਾਰ ਨੂੰ ਦਾਖ਼ਲੇ ਉਤੇ ਪਾਬੰਦੀ ਦਾ ਹੁਕਮ ਲਾਗੂ ਹੋਣ ਤੋਂ ਬਾਅਦ ਅਮਰੀਕੀ ਹਵਾਈ ਅੱਡਿਆਂ ਉਤੇ ਹਿਰਾਸਤ ਵਿੱਚ ਲਏ ਸਾਰੇ ਵਿਅਕਤੀਆਂ ਦੀ ਸੂਚੀ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਟਰੰਪ ਦਾ ਹੁਕਮ ਲਾਗੂ ਹੋਣ ਮਗਰੋਂ ਯਾਤਰੀਆਂ ਨੂੰ ਆਪਣੇ ਮੁਲਕ ਵਾਪਸ ਭੇਜਣ ਨਾਲ ਉਨ੍ਹਾਂ ਨੂੰ ‘ਨਾ ਭਰਨ ਵਾਲੇ ਸੱਲ੍ਹ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹੁਕਮ ਨਾਲ ਹੁਣ ਅਮਰੀਕੀ ਅਧਿਕਾਰੀ ਇਰਾਕ, ਸੀਰੀਆ, ਇਰਾਨ, ਸੁਡਾਨ, ਲਿਬੀਆ, ਸੋਮਾਲੀਆ ਤੇ ਯਮਨ ਦੇ ਜਾਇਜ਼ ਵੀਜ਼ੇ ਵਾਲੇ ਨਾਗਰਿਕਾਂ ਨੂੰ ਵਾਪਸ ਨਹੀਂ ਭੇਜ ਸਕਣਗੇ। ਇਸ ਹੁਕਮ ਵਿੱਚ ਸ਼ਰਨ ਲਈ ਮਨਜ਼ੂਰ ਅਰਜ਼ੀਆਂ ਵਾਲੇ ਵੀ ਸ਼ਾਮਲ ਹੋਣਗੇ।
ਇਸ ਦੌਰਾਨ ਰਾਸ਼ਟਰਪਤੀ ਦੇ ਹੁਕਮ ਉਤੇ ਰੋਸ ਪ੍ਰਗਟਾਉਣ ਲਈ ਦੇਸ਼ ਭਰ ਦੇ ਹਵਾਈ ਅੱਡਿਆਂ ਉਤੇ ਮੁਜ਼ਾਹਰੇ ਹੋਏ। ਪ੍ਰਦਰਸ਼ਨਕਾਰੀਆਂ ਨੇ ਟਰੰਪ ਦੀ ਕਾਰਵਾਈ ਵਿਰੁੱਧ ਬੈਨਰ ਚੁੱਕੇ ਹੋਏ ਸਨ। ਨਿਊ ਯਾਰਕ ਦੇ ਸਭ ਤੋਂ ਮਸਰੂਫ ਜੌਹਨ ਐਫ ਕੈਨੇਡੀ ਹਵਾਈ ਅੱਡੇ ਬਾਹਰ ਲੋਕ ਘੰਟਿਆਂਬੱਧੀ ਖੜ੍ਹੇ ਰਹੇ। ਹਵਾਈ ਅੱਡਿਆਂ ਉਤੇ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀਆਂ ਵੀ ਪੇਸ਼ਕਸ਼ਾਂ ਹੋ ਰਹੀਆਂ ਹਨ।
ਟਰੰਪ ਬੋਲੇ-ਸਿਰਫ਼ ਮੁਸਲਮਾਨਾਂ ’ਤੇ ਪਾਬੰਦੀ ਨਹੀਂ :
ਵਾਸ਼ਿੰਗਟਨ : ਵਧਦੀ ਆਲੋਚਨਾ ਤੋਂ ਬੇਫਿਕਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਤੋਂ ਯਾਤਰੀਆਂ ਦੇ ਦਾਖ਼ਲੇ ਉਤੇ ਪਾਬੰਦੀ ਵਾਲੇ ਆਪਣੇ ਹੁਕਮ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਹੁਕਮ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ। ਦੇਸ਼ ਭਰ ਦੇ ਹਵਾਈ ਅੱਡਿਆਂ ਉਤੇ ਅਫਰਾ-ਤਫਰੀ ਦੇ ਬਾਵਜੂਦ ਟਰੰਪ ਨੇ ਕਿਹਾ ਕਿ ਇਹ ਮੁਸਲਮਾਨਾਂ ’ਤੇ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘‘ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।’’
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਖ਼ਾਸ ਮੁਸਲਿਮ ਬਹੁਲ ਵਾਲੇ ਮੁਲਕਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖ਼ਲੇ ’ਤੇ ਤਿੱਖੀ ਨਿਗਾਹ ਰੱਖਣ ਦੇ ਹੁਕਮ ਦਿੱਤੇ ਸਨ ਅਤੇ ਸੀਰਿਆਈ ਸ਼ਰਨਾਰਥੀਆਂ ਦੇ ਮੁਲਕ ਵਿਚ ਦਾਖ਼ਲ ਹੋਣ ’ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਸੀ। ਵ੍ਹਾਈਟ ਹਾਊਸ ਦੇ ਤਰਜਮਾਨ ਮੁਤਾਬਕ ਇਸ ਹੁਕਮ ਨਾਲ ਇਰਾਨ, ਇਰਾਕ, ਸੀਰੀਆ, ਸੂਡਾਨ, ਲਿਬੀਆ, ਯਮਨ ਅਤੇ ਸੋਮਾਲੀਆ ’ਤੇ ਜ਼ਿਆਦਾ ਅਸਰ ਪਏਗਾ। ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸਾਊਦੀ ਅਰਬ ਵਰਗੇ ਮੁਲਕਾਂ ਦੇ ਲੋਕਾਂ ’ਤੇ ਵਿਸ਼ੇਸ਼ ਨਜ਼ਰ ਰਹੇਗੀ। ਕਾਰਜਕਾਰੀ ਹੁਕਮਾਂ ਮੁਤਾਬਕ ਅਮਰੀਕਾ ਦਾ ਵੀਜ਼ਾ ਲੈਣ ਮੌਕੇ ਜੇਕਰ ਇਸਲਾਮਿਕ ਮੁਲਕ ਆਪਣੇ ਨਾਗਰਿਕਾਂ ਸਬੰਧੀ ਸਹੀ ਜਾਣਕਾਰੀ ਦੇਣ ਵਿਚ ਨਾਕਾਮ ਰਹੇ ਤਾਂ ਸੂਚੀ ਦਾ ਵਿਸਥਾਰ ਹੋ ਸਕਦਾ ਹੈ। ਹੁਕਮਾਂ ਤਹਿਤ ਅਮਰੀਕੀ ਸ਼ਰਨ ਦਾਖ਼ਲਾ ਪ੍ਰੋਗਰਾਮ ਨੂੰ 120 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਹ ਕ੍ਰਿਸ਼ਚੀਅਨ ਸ਼ਰਨਾਰਥੀਆਂ ਨੂੰ ਤਰਜੀਹ ਦੇਣਗੇ। ਪੈਂਟਾਗਨ ਵਿਚ ਹੁਕਮਾਂ ’ਤੇ ਦਸਤਖ਼ਤ ਕਰਨ ਤੋਂ ਬਾਅਦ ਟਰੰਪ ਨੇ ਕਿਹਾ, ‘‘ਕੱਟੜ ਇਸਲਾਮਿਕ ਅਤਿਵਾਦੀਆਂ ਨੂੰ ਅਮਰੀਕਾ ਤੋਂ ਬਾਹਰ ਰੱਖਣ ਦੇ ਨਵੇਂ ਕਦਮਾਂ ਤਹਿਤ ਉਨ੍ਹਾਂ ’ਤੇ ਤਿੱਖੀ ਨਜ਼ਰ ਰੱਖੀ ਜਾਏਗੀ। ਉਨ੍ਹਾਂ ਨੂੰ ਇਥੇ ਆਉਣ ਦੀ ਲੋੜ ਨਹੀਂ ਹੈ।’’ ‘ਵਿਦੇਸ਼ੀ ਅਤਿਵਾਦੀਆਂ ਦੇ ਅਮਰੀਕਾ ਵਿਚ ਦਾਖ਼ਲੇ ਤੋਂ ਮੁਲਕ ਦੀ ਰਾਖੀ’ ਸਬੰਧੀ ਹੁਕਮਾਂ ‘ਚ ਕਿਹਾ ਗਿਆ ਹੈ ਕਿ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਚੁੱਕੇ ਗਏ ਕਦਮਾਂ ਨਾਲ ਅਤਿਵਾਦੀਆਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕਿਆ ਨਹੀਂ ਜਾ ਸਕਿਆ। ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਇਕ ਹਫ਼ਤੇ ਬਾਅਦ ਵਿਵਾਦਤ ਕਦਮ ’ਤੇ ਮੋਹਰ ਲਾ ਦਿੱਤੀ ਹੈ ਜਿਸ ਬਾਰੇ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਵਿਚ ਮੁਸਲਮਾਨਾਂ ਦੀ ਆਮਦ ’ਤੇ ਨੱਥ ਪਾਉਣਗੇ।
ਟਰੰਪ ਦੇ ਫ਼ੈਸਲੇ ਦੀ ਆਲੋਚਨਾ :
ਵਾਸ਼ਿੰਗਟਨ : ਇਸਲਾਮਿਕ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਆਉਣ ਦੇ ਰਾਹ ਡੱਕੇ ਜਾਣ ਦੇ ਫ਼ੈਸਲੇ ਦੀ ਡੈਮੋਕਰੈਟਾਂ, ਕਈ ਜਥੇਬੰਦੀਆਂ ਅਤੇ ਨਾਮਵਰ ਹਸਤੀਆਂ ਨੇ ਤਿੱਖੀ ਆਲੋਚਨਾ ਕੀਤੀ ਹੈ। ਡੈਮੋਰੈਟਿਕ ਪਾਰਟੀ ਦੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਸੋਸ਼ਲ ਸਾਈਟ ’ਤੇ ਲਿਖਿਆ ਹੈ, ‘‘ਕੋਈ ਖ਼ਤਾ ਨਹੀਂ ਕੀਤੀ-ਇਹ ਮੁਸਲਮਾਨਾਂ ਖ਼ਿਲਾਫ਼ ਪਾਬੰਦੀ ਹੈ। ਹੋਲੋਕਾਸਟ ਦੌਰਾਨ ਅਸੀਂ ਐਨ ਫਰੈਂਕ ਵਰਗੀ ਸ਼ਰਨਾਰਥੀ ਨੂੰ ਮੁਲਕ ਵਿਚ ਨਹੀਂ ਦਾਖ਼ਲ ਹੋਣ ਦਿੱਤਾ ਸੀ। ਸਾਨੂੰ ਇਤਿਹਾਸ ਨਹੀਂ ਦੁਹਰਾਉਣਾ ਚਾਹੀਦਾ।’’
ਜ਼ੁਕਰਬਰਗ ਵਲੋਂ ਫੈਸਲੇ ਦਾ ਵਿਰੋਧ :
ਫੇਸਬੁੱਕ ਦੇ ਸੰਸਥਾਪਕ ਜ਼ੁਕਰਬਰਗ ਅਤੇ ਗੂਗਲ ਦੇ ਸੀ ਈ ਓ ਸੁੰਦਰ ਪਿਚਾਈ ਨੇ ਸ਼ਰਣਾਰਥੀਆਂ ’ਤੇ ਰੋਕ ਲਗਾਉਣ ਵਾਲੇ ਟਰੰਪ ਦੇ ਫੈਸਲੇ ਦਾ ਵਿਰੋਧ ਕੀਤਾ। ਅਮਰੀਕੀ ਅਖਬਾਰ ਵਿਚ ਗੂਗਲ ਦੇ ਸੁੰਦਰ ਪਿਚਾਈ ਨੇ ਕਿਹਾ ਕਿ ਇਸ ਹੁਕਮ ਦਾ ਪ੍ਰਭਾਵ ਗੂਗਲ ’ਤੇ ਵੀ ਪਵੇਗਾ। ਭਾਰਤੀ ਮੂਲ ਦੇ ਪਿਚਾਈ ਤਾਮਿਲਨਾਡੂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਟਰੰਪ ਦੇ ਹੁਕਮ ਨਾਲ 187 ਗੂਗਲ ਕਰਮਚਾਰੀਆਂ ’ਤੇ ਇਸ ਦਾ ਪ੍ਰਭਾਵ ਪਵੇਗਾ।
ਗੂਗਲ ਨੇ ਦੁਨੀਆ ਭਰ ਵਿਚ ਯਾਤਰਾ ਕਰ ਰਹੇ ਆਪਣੇ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਪਿਚਾਈ ਨੇ ਕਿਹਾ ਕਿ ਟਰੰਪ ਸਰਕਾਰ ਦੇ ਇਸ ਹੁਕਮ ਨਾਲ ਉਹ ਚਿੰਤਾ ਵਿਚ ਹਨ। ਇਸ ਨਾਲ ਦੁਨੀਆਭਰ ਦੇ ਯੋਗ ਲੋਕਾਂ ਦੇ ਅਮਰੀਕਾ ਜਾਣ ਵਿਚ ਮੁਸ਼ਕਲ ਆਵੇਗੀ।
ਟਰੰਪ ਦੇ ਇਸ ਹੁਕਮ ਤਹਿਤ ਈਰਾਨ, ਇਰਾਕ, ਸੂਡਾਨ, ਲੀਬੀਆ, ਯਮਨ, ਸੀਰੀਆ ਅਤੇ ਸੋਮਾਲੀਆ ਦੇ ਲੋਕਾਂ ਦੀ ਪੂਰੀ ਜਾਂਚ ਕਰਨ ਮਗਰੋਂ ਹੀ ਉਨ੍ਹਾਂ ਨੂੰ ਅਮਰੀਕਾ ਵਿਚ ਦਾਖਲਾ ਮਿਲ ਸਕੇਗਾ।
ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਨੇ ਵੀ ਅਪ੍ਰਵਾਸੀ ਅਮਰੀਕੀਆਂ ਦੇ ਪੱਖ ਵਿਚ ਟਵੀਟ ਕੀਤਾ ਹੈ। ਟਵਿੱਟਰ ਨੇ ਲਿਖਿਆ, ‘‘ਟਵਿੱਟਰ ਨੂੰ ਬਣਾਉਣ ਵਿਚ ਹਰ ਧਰਮ ਦੇ ਅਪ੍ਰਵਾਸੀਆਂ ਨੇ ਖਾਸ ਭੂਮਿਕਾ ਨਿਭਾਈ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਹਾਂ।’’
ਜ਼ੁਕਰਬਰਗਗ ਨੇ ਕਿਹਾ, ‘‘ਸਾਡੇ ਵੱਡੇ-ਵਡੇਰੇ ਜਰਮਨੀ, ਆਸਟਰੀਆ, ਪੋਲੈਂਡ ਤੋਂ ਅਮਰੀਕਾ ਆਏ ਸਨ, ਜਦ ਕਿ ਉਨ੍ਹਾਂ ਦੀ ਪਤਨੀ ਪ੍ਰਿਸੀਲੀਆ ਦੇ ਮਾਂ-ਬਾਪ ਚੀਨ ਅਤੇ ਵੀਅਤਨਾਮ ਤੋਂ ਹਨ। ਅਮਰੀਕਾ ਅਪ੍ਰਵਾਸੀਆਂ ਦਾ ਦੇਸ਼ ਹੈ ਅਤੇ ਸਭ ਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈ।
ਕੈਲੀਫੋਰਨੀਆ ਕਰ ਰਿਹੈ ਅਮਰੀਕਾ ਤੋਂ ਵੱਖ ਹੋਣ ’ਤੇ ਵਿਚਾਰ :
ਵਾਸ਼ਿੰਗਟਨ : ਬ੍ਰੈਗਜ਼ਿਟ ਤੋਂ ਬਾਅਦ ਹੁਣ ਕੈਲਐਗਜ਼ਿਟ ਹੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਕੈਲੀਫੋਰਨੀਆ, ਅਮਰੀਕਾ ਤੋਂ ਵੱਖ ਹੋਣ ’ਤੇ ਵਿਚਾਰ ਕਰ ਰਿਹਾ ਹੈ। ਕੈਲੀਫੋਰਨੀਆ ਦੇ ਵਾਸੀ ਡੋਨਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਕਦਮ ਬਾਰੇ ਸੋਚ ਰਹੇ ਹਨ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਟਰੰਪ ਦੇ ਮੁਕਾਬਲੇ ਹਿਲੇਰੀ ਕਲਿੰਟਨ ਨੂੰ ਦੁੱਗਣੀਆਂ ਵੋਟਾਂ ਪਈਆਂ ਸਨ। ਟਰੰਪ ਨੇ ਰਾਸ਼ਟਰਪਤੀ ਬਣਦੇ ਹੀ, ਜਿਸ ਤਰ੍ਹਾਂ ਤਾਬੜ-ਤੋੜ ਹੁਕਮ ਜਾਰੀ ਕੀਤੇ, ਉਨ੍ਹਾਂ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਅਲੈਕਸ ਪਡੀਲਾ ਨੇ ਕੈਲੀਫੋਰਨੀਆ ਨੂੰ ਅਮਰੀਕਾ ਤੋਂ ਵੱਖ ਕਰਨ ਦੀ ਮੁਹਿੰਮ ਲਈ ਹਾਮੀ ਭਰ ਦਿੱਤੀ ਹੈ। ਕੈਲੀਫੋਰਨੀਆ ਨੂੰ ਅਮਰੀਕਾ ਤੋਂ ਵੱਖ ਕਰਨ ਦੀ ਇਸ ਮੁਹਿੰਮ ’ਤੇ ਲੋਕਾਂ ’ਤੇ ਹਸਤਾਖਰ ਲਏ ਜਣਗੇ। ਇਸ ਮੁਹਿੰਮ ਦੀ ਸਫਲਤਾ ਲਈ 180 ਦਿਨਾਂ ਵਿਚ ਇਸ ’ਤੇ 585,507 ਹਸਤਾਖਰਾਂ ਦੀ ਲੋੜ ਹੋਵੇਗੀ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਨਵੰਬਰ, 2018 ਤੱਕ ‘ਕਲੈਐਗਜ਼ਿਟ’ ਹੋਣਾ ਤੈਅ ਹੋ ਜਾਵੇਗਾ।
ਕੈਨੇਡਾ ਨੇ ਸ਼ਰਨਾਰਥੀਆਂ ਲਈ ਦਰ ਖੋਲ੍ਹੇ :
ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਜਿਹੇ ਸ਼ਰਨਾਰਥੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ ਜੋ ਅੱਤਵਾਦ, ਯੁੱਧ ਜਾਂ ਕਿਸੇ ਬਦਸਲੂਕੀ ਦਾ ਸ਼ਿਕਾਰ ਹਨ। ਟਰੂਡੋ ਨੇ ਟਵੀਟ ਕਰਕੇ ਕਿਹਾ, ‘‘ਜੇਕਰ ਤੁਸੀਂ ਕਿਸੇ ਬਦਸਲੂਕੀ ਦਾ ਸ਼ਿਕਾਰ ਹੋ ਤਾਂ ਅੱਤਵਾਦ ਅਤੇ ਯੁੱਧ ਕਾਰਨ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋ ਤਾਂ ਕੈਨੇਡਾ ਤੁਹਾਡੇ ਧਰਮ ਦੀ ਪਰਵਾਹ ਕੀਤੇ ਬਿਨਾਂ ਤੁਹਾਡਾ ਸਵਾਗਤ ਕਰੇਗਾ। ਵੱਖ-ਵੱਖ ਧਰਮਾਂ ਦਾ ਹੋਣਾ ਹੀ ਕੈਨੇਡਾ ਦੀ ਤਾਕਤ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁੱਝ ਮੁਸਲਮਾਨ ਦੇਸ਼ਾਂ ਤੋਂ ਇੱਥੇ ਆ ਰਹੇ ਸ਼ਰਨਾਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਫੈਸਲਾ ਕੀਤਾ ਹੈ। ਇਸ ਤੋਂ ਬਾਅਦ 7 ਮੁਸਲਮਾਨ ਦੇਸ਼ਾਂ ਦੇ ਸ਼ਰਣਾਰਥੀਆਂ ਨੂੰ ਅਮਰੀਕਾ ਜਾਣ ਵਿਚ ਪਰੇਸ਼ਾਨੀ ਆਵੇਗੀ ਅਤੇ ਇਹ ਲਗਭਗ 4 ਮਹੀਨਿਆਂ ਤਕ ਚੱਲੇਗਾ। ਇਸ ਹੁਕਮ ਤਹਿਤ ਗੈਰ-ਕਾਨੂੰਨੀ ਰੂਪ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਖਤਾਈ ਨਾਲ ਜਾਂਚ ਕੀਤੀ ਜਾਵੇਗੀ।
ਮਲਾਲਾ ਨੇ ਕੀਤਾ ਫੈਸਲੇ ਦਾ ਵਿਰੋਧ :
ਨਿਊਯਾਰਕ :ਪਾਕਿਸਤਾਨ ਦੀ ਵਿਦਿਆਰਥਣ ਕਾਰਜਕਰਤਾ ਅਤੇ ਸ਼ਾਂਤੀ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੁਸੂਫਜ਼ਈ ਨੇ ਕਿਹਾ ਕਿ ਉਹ ਸ਼ਰਨਾਰਥੀਆਂ ਨੂੰ ਲੈ ਕੇ ਡੋਨਲਡ ਟਰੰਪ ਦੇ ਹੁਕਮ ਤੋਂ ‘ਬਹੁਤ ਦੁਖੀ’ ਹੈ। ਮਲਾਲਾ ਨੇ ਟਰੰਪ ਤੋਂ ਅਪੀਲ ਕੀਤੀ ਕਿ ਉਹ ਦੁਨੀਆ ਦੇ ਸਭ ਤੋਂ ਅਸੁਰੱਖਿਅਤ ਲੋਕਾਂ ਨੂੰ ਇੱਕਲਾ ਨਾ ਛੱਡੇ। ਪਾਕਿਸਤਾਨ ਵਿਚ ਲੜਕੀਆਂ ਲਈ ਸਿੱਖਿਆ ਦੀ ਖੁੱਲ੍ਹ ਕੇ ਵਕਾਲਤ ਕਰਨ ਵਾਲੀ 19 ਸਾਲਾਂ ਮਲਾਲਾ ਨੂੰ ਸਾਲ 2012 ਵਿਚ ਤਾਲਿਬਾਨੀ ਅੱਤਵਾਦੀਆਂ ਨੇ ਸਿਰ ’ਤੇ ਗੋਲੀ ਮਾਰ ਦਿੱਤੀ ਸੀ। ਮਲਾਲਾ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ ਕਿ ਰਾਸ਼ਟਰਪਤੀ ਟਰੰਪ ਹਿੰਸਾ ਅਤੇ ਯੁਧਗ੍ਰਸਤ ਦੇਸ਼ਾਂ ਨੂੰ ਛੱਡ ਕੇ ਭੱਜ ਰਹੇ ਬੱਚਿਆਂ, ਮਾਤਾਵਾਂ ਅਤੇ ਪਿਤਾਵਾਂ ਲਈ ਦਰਵਾਜ਼ੇ ਬੰਦ ਕਰ ਰਹੇ ਹਨ। ਇਸ ਹੁਕਮ ’ਤੇ ਟਰੰਪ ਦੇ ਦਸਤਖਤ ਕਰਨ ਤੋਂ ਕੁਝ ਦੇਰ ਬਾਅਦ ਮਲਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਦੁਨੀਆ ਭਰ ਵਿਚ ਅਨਿਸ਼ਿਚਤਤਾ ਅਤੇ ਅਸ਼ਾਂਤੀ ਦੇ ਇਸ ਸਮੇਂ ਵਿਚ, ਮੈਂ ਰਾਸ਼ਟਰਪਤੀ ਟਰੰਪ ਤੋਂ ਅਪੀਲ ਕਰਦੀ ਹਾਂ ਕਿ ਉਹ ਵਿਸ਼ਵ ਦੇ ਸਭ ਤੋਂ ਲਾਚਾਰ ਬੱਚਿਆਂ ਅਤੇ ਪਰਿਵਾਰਾਂ ਵਲੋਂ ਮੂੰਹ ਨਾਂ ਮੋੜੇ। ਮਲਾਲਾ ਸ਼ਾਂਤੀ ਲਈ ਨੋਬਲ ਪੁਰਸਕਾਰ ਹਾਸਲ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਹੈ। ਉਨ੍ਹਾਂ ਨੂੰ ਭਾਰਤ ਦੇ ਸਿੱਖਿਆ ਕਾਰਜਕਰਤਾ ਕੈਲਾਸ਼ ਸੱਤਿਆਰਥੀ ਨਾਲ ਸੰਯੁਕਤ ਰੂਪ ਵਿਚ 2014 ਵਿਚ ਇਹ ਪੁਰਸਕਾਰ ਦਿੱਤਾ ਗਿਆ ਸੀ। ਹੁਣ ਇੰਗਲੈਂਡ ‘ਚ ਰਹਿ ਰਹੀ ਮਲਾਲਾ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ ਕਿ ਅਮਰੀਕਾ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦਾ ਸੁਆਗਤ ਕਰਨ ਦੇ ਆਪਣੇ ਇਤਿਹਾਸ ਨੂੰ ਪਿੱਛੇ ਛੱਡ ਰਿਹਾ ਹੈ। ਇਨ੍ਹਾਂ ਲੋਕਾਂ ਨੇ ਤੁਹਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣ ਵਿਚ ਮਦਦ ਕੀਤੀ ਅਤੇ ਉਹ ਇਕ ਨਵੀਂ ਜਿੰਦਗੀ ਦਾ ਸਹੀ ਮੌਕਾ ਮਿਲਣ ਦੇ ਬਦਲੇ ਸਖਤ ਮਿਹਨਤ ਕਰਨ ਲਈ ਤਿਆਰ ਹਨ।

ਟਰੰਪ ’ਤੇ ਨਿਸ਼ਾਨਾ ਲਾਉਣ ਵਾਲੀ ਭਾਰਤੀ ਮੂਲ ਦੀ ਅਧਿਆਪਕਾ ਮੁਅੱਤਲ
ਹਿਊਸਟਨ/ਬਿਊਰੋ ਨਿਊਜ਼ :
ਭਾਰਤੀ ਮੂਲ ਦੀ ਇੱਕ ਅਧਿਆਪਕਾ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵੱਲ ਪਾਣੀ ਵਾਲੀ ਬੰਦੂਕ ਮਾਰ ਕੇ ‘ਮਰ ਜਾ’ ਬੋਲਣ ਦੀ ਵਿਵਾਦਤ ਵੀਡੀਓ ਵਾਇਰਲ ਹੋਣ ਮਗਰੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਟੈਕਸਸ ਵਿੱਚ ਡੱਲਾਸ ਸਥਿਤ ਐਡਮਸਨ ਹਾਈ ਸਕੂਲ ਦੀ ਆਰਟ ਅਧਿਆਪਕਾ ਪਾਇਲ ਮੋਦੀ ਦੀ ਅੱਠ ਸਕਿੰਟਾਂ ਦੀ ਇਹ ਵੀਡੀਓ 20 ਜਨਵਰੀ ਨੂੰ ਇੰਸਟਾਗ੍ਰਾਮ ’ਤੇ ਪਾਈ ਗਈ ਸੀ। ਉਹ ਬੋਰਡ ’ਤੇ ਟਰੰਪ ਦੀ ਤਸਵੀਰ ਵੱਲ ਪਾਣੀ ਦੀ ਬੰਦੂਕ ਚਲਾਉਂਦਿਆਂ ਬੋਲਦੀ ਹੈ, ‘‘ਮਰ ਜਾ’’। ਇਹ ਵੀਡੀਓ ਹਜ਼ਾਰਾਂ ਲੋਕਾਂ ਨੇ ਦੇਖੀ, ਜਿਸ ਮਗਰੋਂ ਡੱਲਾਸ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ (ਡੀਆਈਐਸਡੀ) ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।