ਡੇਰਾ ਸਿਰਸਾ ਵਿੱਚ ਲੱਗਿਆ ਸਿਆਸੀ ਧਿਰਾਂ ਦਾ ਮੇਲਾ

ਡੇਰਾ ਸਿਰਸਾ ਵਿੱਚ ਲੱਗਿਆ ਸਿਆਸੀ ਧਿਰਾਂ ਦਾ ਮੇਲਾ

ਬਠਿੰਡਾ/ਬਿਊਰੋ ਨਿਊਜ਼
ਪੰਜਾਬ ਚੋਣਾਂ ਵਿੱਚ ਕਿਸਮਤ ਅਜ਼ਮਾ ਰਹੇ ਤੇ ਲੋਕਾਂ ਦੇ ਹੰਢੇ ਵਰਤੇ ਉਮੀਦਵਾਰਾਂ ਦਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਇਸ਼ ‘ਤੇ ਮੇਲਾ ਲੱਗਾ ਰਿਹਾ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਸਬੰਧਤ ਇਨ੍ਹਾਂ 80 ਉਮੀਦਵਾਰਾਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਤੇ ਸਿਆਸੀ ਆਸ਼ੀਰਵਾਦ ਮੰਗਿਆ। ਉਮੀਦਵਾਰ ਪਿਛਲੇ ਕਈ ਦਿਨਾਂ ਤੋਂ ਡੇਰਾ ਮੁਖੀ ਤੋਂ ਮਿਲਣ ਲਈ ਸਮਾਂ ਮੰਗਿਆ ਜਾ ਰਿਹਾ ਸੀ। ਡੇਰਾ ਸਿਰਸਾ ਵਿੱਚ ਦੋ ਦਿਨ ਮੁੱਖ ਭੰਡਾਰਾ ਸੀ। ਡੇਰਾ ਮੁਖੀ ਨੇ ਕਰੀਬ ਪੌਣਾ ਘੰਟਾ ਇਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ। ਅਕਾਲ ਤਖ਼ਤ ਤੋਂ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਸਬੰਧੀ ਹੁਕਮਨਾਮਾ ਵਾਪਸ ਲੈਣ ਮਗਰੋਂ  ਅਕਾਲੀ ਉਮੀਦਵਾਰ ਪਹਿਲੀ ਦਫ਼ਾ ਡੇਰਾ ਸਿਰਸਾ ਗਏ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਅਤੇ ਰਾਮਪੁਰਾ ਹਲਕੇ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਮੌੜ ਹਲਕੇ ਤੋਂ ਅਕਾਲੀ ਉਮੀਦਵਾਰ ਤੇ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਫਾਜ਼ਿਲਕਾ ਤੋਂ ਭਾਜਪਾ ਉਮੀਦਵਾਰ ਤੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਪ੍ਰਮੁੱਖ ਸਨ। ਅਕਾਲੀ ਉਮੀਦਵਾਰ; ਭੁੱਚੋ ਤੋਂ ਹਰਪ੍ਰੀਤ ਕੋਟਭਾਈ, ਬੱਲੂਆਣਾ ਤੋਂ ਪ੍ਰਕਾਸ਼ ਭੱਟੀ, ਹਲਕਾ ਕੋਟਕਪੂਰਾ ਤੋਂ ਮਨਤਾਰ ਬਰਾੜ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਹਲਕਾ ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ, ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਭੂੰਦੜ, ਹਲਕਾ ਮੁਕਤਸਰ ਤੋਂ ਰੋਜ਼ੀ ਬਰਕੰਦੀ, ਹਲਕਾ ਨਾਭਾ ਤੋਂ ਕਬੀਰ ਦਾਸ, ਹਲਕਾ ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ੁਤਰਾਣਾ ਤੋਂ ਵਨਿੰਦਰ ਲੂੰਬਾ, ਦਿੜ੍ਹਬਾ ਤੋਂ ਗੁਲਜ਼ਾਰ ਸਿੰਘ ਆਦਿ ਨੇ ਵੀ ਡੇਰਾ ਮੁਖੀ ਦਾ ਆਸ਼ੀਰਵਾਦ ਲਿਆ।
ਡੇਰਾ ਮੁਖੀ ਤੋਂ ਸਿਆਸੀ ਆਸ਼ੀਰਵਾਰ ਲੈਣ ਵਾਲਿਆਂ ‘ਚ ਕਾਂਗਰਸੀ ਉਮੀਦਵਾਰ ਵੀ ਪਿੱਛੇ ਨਹੀਂ ਰਹੇ। ਇਨ੍ਹਾਂ ਵਿੱਚ ਲਹਿਰਾਗਾਗਾ ਤੋਂ ਬੀਬੀ ਰਜਿੰਦਰ ਕੌਰ ਭੱਠਲ, ਬਰਨਾਲਾ ਤੋਂ ਕੇਵਲ ਢਿੱਲੋਂ, ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ, ਮਲੋਟ ਤੋਂ ਅਜਾਇਬ ਭੱਟੀ, ਮੁਕਤਸਰ ਤੋਂ ਕਰਨ ਬਰਾੜ, ਅਮਲੋਹ ਤੋਂ ਰਣਦੀਪ ਸਿੰਘ, ਦਰਸ਼ਨ ਬਰਾੜ, ਸੰਗਰੂਰ ਤੋਂ ਵਿਜੇਇੰਦਰ ਸਿੰਗਲਾ, ਗਿੱਦੜਬਹਾ ਤੋਂ ਰਾਜਾ ਵੜਿੰਗ, ਘਨੌਰ ਤੋਂ ਮਦਨ ਲਾਲ, ਨਾਭਾ ਤੋਂ ਸਾਧੂ ਸਿੰਘ ਧਰਮਸੋਤ, ਸਮਾਣਾ ਤੋਂ ਰਾਜਿੰਦਰ ਸਿੰਘ, ਸੁਨਾਮ ਤੋਂ ਦਮਨ ਬਾਜਵਾ, ਲੁਧਿਆਣਾ ਤੋਂ ਆਸ਼ੂ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦਾ ਲੜਕਾ ਅਰਜਨ ਬਾਦਲ ਆਦਿ ਸ਼ਾਮਿਲ ਸਨ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਅੱਧੀ ਦਰਜਨ ਉਮੀਦਵਾਰ ਵੀ ਅੱਜ ਡੇਰੇ ‘ਚ ਮੌਜੂਦ ਸਨ, ਜਿਨ੍ਹਾਂ ਦੇ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ।
ਸਾਰੇ ਉਮੀਦਵਾਰਾਂ ਨੂੰ ਇਕੋ ਵੇਲੇ ਮਿਲੇ ਡੇਰਾ ਮੁਖੀ
ਡੇਰੇ ਦੇ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਡੇਰੇ ‘ਚ ਮੌਜੂਦਗੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੇਰਾ ਮੁਖੀ ਨੇ ਸਾਰੇ ਉਮੀਦਵਾਰਾਂ ਨਾਲ ਇਕੱਠਿਆਂ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਹੋਰ ਬਹੁਤ ਸਾਰੇ ਉਮੀਦਵਾਰ ਡੇਰਾ ਮੁਖੀ ਤੋਂ ਸਮਾਂ ਮੰਗ ਰਹੇ ਹਨ, ਪਰ ਡੇਰਾ ਮੁਖੀ ਦੀ ਅਗਲੀ ਫ਼ਿਲਮ 10 ਫਰਵਰੀ ਨੂੰ ਰਿਲੀਜ਼ ਹੋਣ ਕਰ ਕੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਸਿਆਸੀ ਵਿੰਗ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਹਮਾਇਤ ਦਾ ਐਲਾਨ ਕੀਤਾ ਜਾਵੇਗਾ।