ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਲੋਕ ਸਬਕ ਸਿਖਾਉਣ : ਮੋਦੀ

ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਲੋਕ ਸਬਕ ਸਿਖਾਉਣ : ਮੋਦੀ

ਜਲੰਧਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੀ. ਏ. ਪੀ. ਦੇ ਖੁੱਲ੍ਹੇ ਮੈਦਾਨ ‘ਚ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਅਣਖੀ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਚੋਣਾਂ ‘ਚ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਕਰਾਰਾ ਸਬਕ ਸਿਖਾਉਣ। ਕਾਂਗਰਸ ਦਾ ਨਾਂ ਲਏ ਬਗੈਰ ਉਨ੍ਹਾਂ ਕਾਂਗਰਸ ਉੱਪਰ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਕਿ ਕੁੱਝ ਤਾਕਤਾਂ ਗੁਰੂਆਂ-ਪੀਰਾਂ ਅਤੇ ਬਹਾਦਰ ਸੂਰਮਿਆਂ ਦੀ ਧਰਤੀ ਨੂੰ ਆਪਣੇ ਰਾਜਸੀ ਹਿੱਤਾਂ ਖਾਤਰ ਦੁਨੀਆਂ ਭਰ ਵਿਚ ਬਦਨਾਮ ਕਰਨ ‘ਤੇ ਤੁਲੀਆਂ ਹੋਈਆਂ ਹਨ ਤੇ ਉਨ੍ਹਾਂ ਨੂੰ ਨਸ਼ੇੜੀ ਦੱਸ ਕੇ ਭੰਡਿਆ ਜਾ ਰਿਹਾ ਹੈ। ਜਦਕਿ ਪੰਜਾਬੀਆਂ ਨੇ ਅੱਤਵਾਦ ਵਰਗੇ ਔਖੇ ਤੋਂ ਔਖੇ ਸਮੇਂ ‘ਚ ਵੀ ਆਪਾ ਨਹੀਂ ਖੋਹਿਆ ਤੇ ਸੂਬੇ ਦੀ ਆਨ, ਸ਼ਾਨ ਤੇ ਬਾਨ ਨੂੰ ਹਮੇਸ਼ਾ ਬਣਾਈ ਰੱਖਿਆ। ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਵੀ ਜਦੋਂ ਦੇਸ਼ ਨੂੰ ਲੋੜ ਮਹਿਸੂਸ ਹੋਈ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬ ਦੇ ਕਿਸਾਨਾਂ ਦੀ ਹੱਡ-ਭੰਨਵੀਂ ਮਿਹਨਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਸ਼ਾਇਦ ਹੀ ਦੇਸ਼ ਦਾ ਕੋਈ ਇਨਸਾਨ ਹੋਵੇ, ਜਿਸ ਨੇ ਪੰਜਾਬ ਦੇ ਕਿਸਾਨਾਂ ਵਲੋਂ ਪੈਦਾ ਕੀਤੇ ਅਨਾਜ ਨਾਲ ਆਪਣਾ ਢਿੱਡ ਨਾ ਭਰਿਆ ਹੋਵੇ। ਐਸ. ਵਾਈ. ਐਲ. ਨਹਿਰ ਬਾਰੇ ਹਾਲਾਂਕਿ ਉਹ ਖੁੱਲ੍ਹ ਕੇ ਨਹੀਂ ਬੋਲੇ ਪਰ ਸਿੰਧ ਨਦੀ ਦਾ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਦੇਣ ਦਾ ਵਾਅਦਾ ਇਕ ਵਾਰ ਫਿਰ ਦੁਹਰਾਇਆ।
ਇਸ ਮੌਕੇ ਉਨ੍ਹਾਂ ਦੇ ਨਾਲ ਮੰਚ ‘ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਤੋਂ ਇਲਾਵਾ ਕੇਂਦਰੀ ਮੰਤਰੀ ਸ੍ਰੀ ਨਰਿੰਦਰ ਤੋਮਰ ਸਮੇਤ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਤੋਂ ਆਏ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵੀ ਮੌਜੂਦ ਸਨ ਪ੍ਰਧਾਨ ਮੰਤਰੀ ਨੇ ਇਨ੍ਹਾਂ ਉਮੀਦਵਾਰਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਰਾਜ ਦੇ ਲੋਕਾਂ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਸੱਦਾ ਦਿੱਤਾ।
ਔਰਤਾਂ ਅਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਵਾਲੀ ਇਸ ‘ਵਿਜੇ ਸੰਕਲਪ’ ਰੈਲੀ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲਗਾਤਾਰ ਗੂੰਜਦੇ ਰਹੇ । ਵਰਕਰਾਂ ਵਲੋਂ ਹੱਥਾਂ ਵਿਚ ਫੜ੍ਹੀਆਂ ਝੰਡੀਆਂ ਅਤੇ ਬੈਨਰ ਉਨ੍ਹਾਂ ਦੇ ਜੋਸ਼ ਤੇ ਉਤਸ਼ਾਹ ਦਾ ਪ੍ਰਗਟਾਵਾ ਕਰ ਰਹੀਆਂ ਸਨ । ਰੈਲੀ ਦੌਰਾਨ ਪ੍ਰਧਾਨ ਮੰਤਰੀ ਦੇ ਨਿਸ਼ਾਨੇ ‘ਤੇ ਕਾਂਗਰਸ ਜ਼ਿਆਦਾ ਰਹੀ ਤੇ ਉਨ੍ਹਾਂ ਆਮ ਆਦਮੀ ਪਾਰਟੀ ਨਾਲੋਂ ਕਾਂਗਰਸ ਉੱਪਰ ਹੀ ਤਿੱਖੇ ਹਮਲੇ ਕੀਤੇ। ਉਨ੍ਹਾਂ ਵਲੋਂ ਨੋਟਬੰਦੀ ਅਤੇ ਸਰਜੀਕਲ ਸਟ੍ਰਾਈਕ ਬਾਰੇ ਦਿੱਤੇ ਗਏ ਜੋਸ਼ੀਲੇ ਭਾਸ਼ਣ ਦਾ ਲੋਕਾਂ ਨੇ ਭਰਪੂਰ ਤਾੜੀਆਂ ਨਾਲ ਜਵਾਬ ਦਿੱਤਾ। ਲੋਕਾਂ ਵਲੋਂ ਮਿਲੇ ਭਰਪੂਰ ਹੁੰਗਾਰੇ ਕਾਰਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਹ ਰੈਲੀ ਸਿਆਸੀ ਹਵਾ ਦਾ ਰੁਖ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਮੋੜਨ ਵਿਚ ਕਾਫੀ ਹੱਦ ਤੱਕ ਸਫਲ ਕਹੀ ਜਾ ਸਕਦੀ ਹੈ।

ਪੰਜਾਬੀਆਂ ਦਾ ਯੋਗਦਾਨ ਅਹਿਮ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਦੀ ਬਹਾਦਰੀ ਅਤੇ ਦੇਸ਼ ਭਗਤੀ ਦੇ ਜਜ਼ਬੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਸੂਬੇ ਤਾਂ ਬਹੁਤ ਹਨ ਪਰ ਜੋ ਪੰਜਾਬ ਹੈ, ਉਹ ਹੋਰ ਨਹੀਂ ਬਣ ਸਕਦਾ । ਪੰਜਾਬੀਆਂ ਨੇ ਦੇਸ਼ ਦੀ ਆਨ-ਬਾਨ ਤੇ ਸ਼ਾਨ ਨੂੰ ਬਣਾਈ ਰੱਖਣ ਵਿਚ ਬੇਮਿਸਾਲ ਕੁਰਬਾਨੀਆਂ ਦੇ ਕੇ ਹਮੇਸ਼ਾ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਕਾਂਗਰਸ ਡੁੱਬਦਾ ਜਹਾਜ਼
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਡੁੱਬਦਾ ਜਹਾਜ਼ ਦੱਸਦੇ ਹੋਏ ਕਿਹਾ ਕਿ ਇਹ ਪਾਰਟੀ ਹੁਣ ਇਤਿਹਾਸ ਬਣ ਚੁੱਕੀ ਹੈ। ਆਪਣੇ ਆਖਰੀ ਸਾਹ ਗਿਣ ਰਹੀ ਕਾਂਗਰਸ ਦੀ ਹਾਲਤ ਸੱਤਾ ਤੋਂ ਬਾਹਰ ਰਹਿਣ ਕਾਰਨ ਬਿਨ ਪਾਣੀ ਦੇ ਮੱਛੀ ਵਰਗੀ ਹੋਈ ਪਈ ਹੈ। ਵਿਅੰਗਮਈ ਅੰਦਾਜ਼ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਵੀ ਬੜੀ ਕਮਾਲ ਦੀ ਪਾਰਟੀ ਹੈ, ਇਹ ਕਦੋਂ ਆਪਣਾ ਰੰਗ-ਰੂਪ ਬਦਲ ਲਵੇ ਕੁੱਝ ਵੀ ਪਤਾ ਨਹੀਂ ਲਗਦਾ।

ਬਾਦਲ ਦੀਆਂ ਤਾਰੀਫਾਂ ਦੇ ਬੰਨੇ ਪੁਲ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਬਹੁਪੱਖੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਕ ਅਸੂਲਪ੍ਰਸਤ ਨੇਤਾ ਹਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਸਮਰਪਣ ਤੇ ਤਿਆਗ ਦੀ ਭਾਵਨਾ ਨਾਲ ਕੰਮ ਕੀਤਾ ਹੈ । ਉਨ੍ਹਾਂ ਕਿਹਾ ਕਿ ਜਦੋਂ ਸ. ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਹੋਣ ਦਾ ਸਿਹਰਾ ਉਨ੍ਹਾਂ ਦੇ ਸਿਰ ਬੱਝਾ ਸੀ ਤੇ ਹੁਣ ਸਭ ਤੋਂ ਵੱਧ ਉਮਰ ਦੇ ਮੁੱਖ ਮੰਤਰੀ ਹੋਣ ਦਾ ਮਾਣ ਵੀ ਉਨ੍ਹਾਂ ਨੂੰ ਜਾਂਦਾ ਹੈ । ਸ੍ਰੀ ਮੋਦੀ ਨੇ ਕਿਹਾ ਕਿ ਸ. ਬਾਦਲ ਹਮੇਸ਼ਾ ਹਿੰਦੂ-ਸਿੱਖ ਏਕਤਾ ਦੇ ਮੁੱਦਈ ਰਹੇ ਹਨ। ਦਲ-ਬਦਲੂਆਂ ‘ਤੇ ਨਿਸ਼ਾਨਾ ਸਾਧਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਜਦੋਂ ਕੁੱਝ ਲੋਕ ਆਪਣੇ ਨਿੱਜੀ ਲਾਲਚਾਂ ਲਈ ਪਾਰਟੀਆਂ ਬਦਲ ਰਹੇ ਹਨ ਤਾਂ ਸ. ਬਾਦਲ ਨੇ ਨਾ ਕਦੇ ਦਲ ਬਦਲਿਆ ਤੇ ਨਾ ਹੀ ਉਨ੍ਹਾਂ ਦਾ ਕਦੇ ਦਿਲ ਬਦਲਿਆ ਹੈ।

ਸਿੰਧ ਨਦੀ ਦਾ ਪਾਣੀ ਪੰਜਾਬ ਨੂੰ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਿੰਧ ਨਦੀ ਦਾ ਪਾਣੀ ਜੋ ਪਾਕਿਸਤਾਨ ਨੂੰ ਚਲਾ ਜਾਂਦਾ ਹੈ, ਉਸ ਨੂੰ ਰੋਕ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ । ਇਸ ਮੌਕੇ ਕਿਸਾਨਾਂ ਲਈ ਸ਼ੁਰੂ ਕੀਤੀ ਫਸਲ ਬੀਮਾ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਹੁਣ ਫਸਲ ਦਾ ਉੱਚਿਤ ਮੁਆਵਜ਼ਾ ਮਿਲ ਰਿਹਾ ਹੈ ਇਸ। ਦੇ ਨਾਲ ਹੀ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਰੋਕਣ ਨੂੰ ਵੀ ਸਰਕਾਰ ਦੀ ਵੱਡੀ ਕਾਮਯਾਬੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪ੍ਰਤੀ ਏਕੜ ਝਾੜ ਵੀ ਵਧਿਆ ਹੈ।

ਸਾਬਕਾ ਫੌਜੀਆਂ ਨੂੰ ਮਿਲੇ 6 ਹਜ਼ਾਰ ਕਰੋੜ
ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਸਾਬਕਾ ਫੌਜੀਆਂ ਦੀ ਇਕ ਰੈਂਕ ਇਕ ਪੈਨਸ਼ਨ ਦੀ ਮੰਗ ਹੀ ਪੂਰੀ ਨਹੀਂ ਕੀਤੀ ਸਗੋਂ ਹੁਣ ਤੱਕ 6 ਹਜ਼ਾਰ ਕਰੋੜ ਰੁਪਏ ਉਨ੍ਹਾਂ ਨੂੰ ਦਿੱਤੇ ਵੀ ਜਾ ਚੁੱਕੇ ਹਨ ਤੇ ਬਕਾਇਆ ਰਾਸ਼ੀ ਵੀ ਬਜਟ ਤੋਂ ਬਾਅਦ ਉਨ੍ਹਾਂ ਨੂੰ ਮਿਲ ਜਾਵੇਗੀ। ਕਾਂਗਰਸ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਬਕਾ ਫੌਜੀ 4 ਦਹਾਕਿਆਂ ਤੱਕ ਇਹ ਮੰਗ ਕਰਦੇ ਰਹੇ ਪਰ ਕਾਂਗਰਸ ਨੇ ਕੋਈ ਸੁਣਵਾਈ ਨਹੀਂ ਕੀਤੀ।

ਤੀਸਰੀ ਵਾਰ ਬਣੇਗੀ ਸਰਕਾਰ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੰਜਾਬ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਹਰ ਪੰਜ ਸਾਲ ਬਾਅਦ ਲੋਕ ਸਰਕਾਰ ਬਦਲ ਦਿੰਦੇ ਹਨ ਪਰ ਪੰਜਾਬੀਆਂ ਨੇ ਜਿੱਥੇ ਪਿਛਲੀ ਵਾਰ ਇਸ ਮਿੱਥ ਨੂੰ ਤੋੜ ਕੇ ਦੂਸਰੀ ਵਾਰ ਸਰਕਾਰ ਬਣਾਈ ਸੀ, ਉੱਥੇ ਹੁਣ ਇਕ ਵਾਰ ਫਿਰ ਗਠਜੋੜ ਦੀ ਸਰਕਾਰ ਬਣਾ ਕੇ ਪੰਜਾਬ ਨਵਾਂ ਇਤਿਹਾਸ ਰਚਣਗੇ।

ਗਠਜੋੜ ਦਾ ਜਿੱਤਣਾ ਜ਼ਰੂਰੀ-ਸਾਂਪਲਾ
ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਰਵੇਸ਼ ਆਗੂ ਦੱਸਦਿਆਂ ਕਿਹਾ ਕਿ ਉਕਤ ਆਗੂਆਂ ਦੇ ਮਾਰਗ ਦਰਸ਼ਨ ਵਿਚ ਹੀ ਪੰਜਾਬ ਲਗਾਤਾਰ ਤਰੱਕੀ ਕਰ ਰਿਹਾ ਹੈ, ਕਿਉਂਕਿ ਅਕਾਲੀ ਦਲ-ਭਾਜਪਾ ਕੋਲ ਹੀ ਸੇਧ ਦੇਣ ਵਾਲੇ ਆਗੂ ਮੌਜੂਦ ਹਨ ਜਦਕਿ ਦੂਸਰੀਆਂ ਪਾਰਟੀਆਂ ਕੋਲ ਕੋਈ ਵੀ ਆਦਰਸ਼ਵਾਦੀ ਆਗੂ ਨਹੀਂ ਹੈ । ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲ ਲਗਾਤਾਰ ਵਿਕਾਸ ਦੀ ਰਫ਼ਤਾਰ ਬਣਾਈ ਰੱਖੀ ਹੈ ਜਿਸ ਵਿਚ ਪੰਜਾਬ ਵਿਚ 6 ਹਵਾਈ ਅੱਡੇ ਬਣਵਾਉਣ ਤੋਂ ਇਲਾਵਾ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ । ਅਖੀਰ ‘ਚ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ । ਮੰਚ ਦਾ ਸੰਚਾਲਨ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੇ ਕੀਤਾ।