ਕੇਜਰੀਵਾਲ ਦਾ ‘ਸੈਂਪਲ ਟੈਸਟ’ ਰਿਹਾ ਫੇਲ੍ਹ, ਕਿਹਾ – ਪੰਜਾਬ ਤੋਂ ਹੀ ਹੋਵੇਗਾ ਮੁੱਖ ਮੰਤਰੀ

ਕੇਜਰੀਵਾਲ ਦਾ ‘ਸੈਂਪਲ ਟੈਸਟ’ ਰਿਹਾ ਫੇਲ੍ਹ, ਕਿਹਾ – ਪੰਜਾਬ ਤੋਂ ਹੀ ਹੋਵੇਗਾ ਮੁੱਖ ਮੰਤਰੀ

ਪਟਿਆਲਾ/ਬਿਊਰੋ ਨਿਊਜ਼ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖ਼ਰ ਬਿਆਨ ਦੇਣਾ ਪਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਨਹੀਂ ਹਨ ਅਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਤੋਂ ਹੀ ਹੋਵੇਗਾ। ਦਰਅਸਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਸਮੇਂ ਇਹ ਸੋਚਣਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਮੰਨਿਆ ਜਾ ਰਿਹਾ ਸੀ ਕਿ ਕੇਜਰੀਵਾਲ ਨੇ ਸਿਸੋਦੀਆ ਦੇ ਇਸ ਬਿਆਨ ਜ਼ਰੀਏ ਪੰਜਾਬ ਦੇ ਲੋਕਾਂ ਦਾ ਹੁੰਗਾਰਾ ਪਰਖਿਆ ਸੀ, ਜਿਸ ‘ਚ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ। ਸਾਰੀਆਂ ਪਾਰਟੀਆਂ ਨੇ ਤਾਂ ਘੇਰਿਆ ਹੀ, ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੀ ਹੋਵੇਗਾ, ਦਿੱਲੀ ਤੋਂ ਨਹੀਂ ਆਵੇਗਾ। ਕਾਂਗਰਸ ਅਤੇ ਅਕਾਲੀ ਦਲ ਨੇ ਕਿਹਾ ਸੀ ਕਿ ਕੇਜਰੀਵਾਲ ਦਾ ਲਾਲਚ ਸਾਹਮਣੇ ਆ ਗਿਆ ਹੈ।
‘ਮੈਨੂੰ ਸੁਪਨੇ ‘ਚ ਭੂਤ ਵਾਂਗ ਵੇਖ ਕੇ 3 ਵਾਰੀ ਨੀਂਦ ਤੋਂ ਉੱਠੇ ਸੁਖਬੀਰ’
ਕੇਜਰੀਵਾਲ ਨੇ ਪਟਿਆਲਾ ਵਿਚ ਇਕ ਚੋਣ ਰੈਲੀ ‘ਚ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਮੁੱਖ ਮੰਤਰੀ ਪੰਜਾਬ ਦਾ ਹੀ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕਿਸ ਤਰ੍ਹਾਂ ਬਣ ਸਕਦੇ ਹਨ ਜਦੋਂ ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਉਹ ਦਿੱਲੀ ਦੇ ਮੁੱਖ ਮੰਤਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਹਾਂ, ਉਹ ਇਸ ਗੱਲ ਦੀ ਗਾਰੰਟੀ ਲੈਂਦੇ ਹਨ ਕਿ ‘ਆਪ’ ਨੇ ਜੋ ਵਾਅਦੇ ਕੀਤੇ ਹਨ ਉਸ ਨੂੰ ਪੂਰਾ ਕਰਾਉਣ ਦੀ ਜ਼ਿੰਮੇਵਾਰੀ ਉਹ ਵਿਅਕਤੀਗਤ ਤੌਰ ‘ਤੇ ਖ਼ੁਦ ਲੈਂਦੇ ਹਨ। ਉਨ੍ਹਾਂ ਕਿਹਾ, ‘ਸਿਸੋਦੀਆ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ, ਜਿੰਨੇ ਵਾਅਦੇ ਕੇਜਰੀਵਾਲ ਕਰ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਾਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਬਣਦੀ ਹੈ। ਦੱਸੀ ਕੀ ਗ਼ਲਤ ਕਿਹਾ? ਜਦੋਂ ਤੋਂ ਇਹ ਗੱਲ ਉੱਠੀ ਹੈ, ਬਾਦਲਾਂ, ਕੈਪਟਨ, ਮਜੀਠੀਆ ਦੀ ਨੀਂਦ ਹਰਾਮ ਹੋ ਗਈ ਹੈ। ਮੈਨੂੰ ਪਤਾ ਲਗਿਆ ਹੈ ਕਿ ਰਾਤ ਨੂੰ ਸੁਖਬੀਰ ਬਾਦਲ ਦੀ ਤਿੰਨ ਵਾਰੀ ਨੀਂਦ ਟੁੱਟੀ, (ਮੈਂ) ਭੂਤ ਵਾਂਗ ਉਨ੍ਹਾਂ ਦੇ ਸੁਪਨੇ ‘ਚ ਆ ਰਿਹਾ ਸੀ।’